Friday 25 May 2018

ਸ਼ਬਦ, ਕਲਾ ਤੇ ਕਵਿਤਾ


ਤੁਹਾਨੂੰ ਸ਼ਾਇਦ ਖਬਰ ਨਹੀਂ ਸੀ
ਉਨ੍ਹਾਂ ਬੇਵਾ ਪਲਾਂ ਦੇ ਦਰਦੀ ਦੀ
ਜੋ ਪਿਰਾਮਿਡਾਂ ਦੀ ਪਕੜ 'ਚ ਨਹੀਂ ਆਇਆ
ਤੁਸੀਂ ਸ਼ਿਲਾ-ਲੇਖਾਂ ਦੀਆਂ ਸ਼ਾਹੀ ਮੋਹਰਾਂ ਨੂੰ ਹੀ
ਕਵਿਤਾ ਦੀ ਕਲਾ ਕਹਿੰਦੇ ਰਹੇ ਹੋ…….

ਸ਼ਬਦ ਜੋ ਰਾਜਿਆਂ ਦੀ ਘਾਟੀ 'ਚ ਨੱਚਦੇ ਹਨ
ਜੋ ਮਾਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਹਨ
ਜੋ ਮੇਜ਼ਾਂ ਉੱਤੇ ਟੈਨਸ-ਬਾਲਾਂ ਵਾਂਗ ਰਿੜ੍ਹਦੇ ਹਨ
ਜੋ ਮੰਚਾਂ ਦੀ ਕੱਲਰ-ਭੋਂ 'ਤੇ ਉੱਗਦੇ ਹਨ- ਕਵਿਤਾ ਨਹੀਂ ਹੁੰਦੇ

ਤੁਸੀਂ ਸਮਝਿਆ ਸੀ
ਸ਼ਬਦ ਹਵਾ 'ਚ ਉਡਦੇ ਪੱਤੇ ਹਨ
ਕਿ ਦਿੱਲੀ ਦੇ ਨਿਕਾਸੀ-ਪੱਖੇ
ਆਪਣੀ ਬੇ-ਹਯਾ ਦੁਰਗੰਧਤ-ਪੌਣ ਸੰਗ
ਲਿਖ ਦੇਣਗੇ ਸਮੇਂ ਦਾ ਕਾਵਿ

ਪਰ ਸ਼ਬਦ ਨਾ ਤਾਂ ਡਰਦੇ ਹਨ, ਨਾ ਮਰਦੇ
ਉਨ੍ਹਾਂ ਲਹੂ-ਗੁੰਨੀਂ ਮਿੱਟੀ ਨੂੰ
ਕਦੀ ਖ਼ਮੀਰ ਨਹੀਂ ਆਉਣ ਦਿੱਤੀ
ਜੋ ਦਿਨ ਦੇ 'ਨ੍ਹੇਰੇ' 'ਚ ਵਰਜਿਤ ਹੁੰਦਾ ਹੈ
ਉਸ ਨੂੰ ਰਾਤ ਦੇ ਚਾਨਣ 'ਚ ਕਰ ਦਿਖਾਉਂਦੇ ਹਨ
ਟੈਗੋਰ ਜਾਂ ਗ਼ਾਲਿਬ ਦੀ ਦਾੜ੍ਹੀ 'ਚ
ਸ਼ਬਦ ਕਵਿਤਾ ਨਹੀਂ ਹੁੰਦੇ
ਤੀਲ੍ਹਾ ਹੁੰਦੇ ਹਨ…

ਜੇ ਤੁਹਾਨੂੰ ਬਹੁਤ ਮਾਣ ਹੈ
ਆਪਣੀ ਕਲਾ, ਆਪਣੇ ਫ਼ਲਸਫ਼ੇ 'ਤੇ
ਤਾਂ ਖੋਲ੍ਹੋ ਸੁਨਹਿਰੀ ਜਿਲਦਾਂ ਵਾਲੇ ਗ੍ਰੰਥ
ਤੁਹਾਡੇ ਸ਼ੈਕਸਪੀਅਰ ਨੇ
ਜ਼ਿੰਦਗੀ ਦੇ ਹਾਸੇ 'ਚ ਮੌਤ ਦੇ ਲਤੀਫੇ ਦਾ
ਕੀ ਸਥਾਨ ਦੱਸਿਆ ਹੈ ?
ਤੁਹਾਡੇ ਬੀਥੋਵਨ ਨੇ
ਮਾਂ-ਭੈਣ ਦੀਆਂ ਗਾਲ੍ਹਾਂ ਦਾ ਕੀ ਰਿਦਮ ਦੱਸਿਆ ਹੈ ?
ਮਹਿਬੂਬ ਦੀ ਛਾਤੀ ਦੇ ਗੀਤਾਂ ਵਾਲਿਆਂ
ਮਾਂ ਦੇ ਦੁੱਧ
ਤੇ ਦੁੱਧ ਦੀ ਲਾਜ ਦਾ ਕੀ ਗੀਤ ਲਿਖਿਆ ਹੈ ?

Saturday 12 May 2018

ਰਿਹਾਈ : ਇਕ ਪ੍ਰਭਾਵ


ਤੁਸੀਂ ਜਦ ਬਾਹਰ ਆਉਂਦੇ ਹੋ
ਤਾਂ ਮੁੜ ਕੇ ਰਿੜ੍ਹਨਾ ਤੇ ਸਿੱਖਣਾ ਨਹੀਂ ਪੈਂਦਾ
ਜ਼ਬਾਨ ਤੋਤਲੀ ਨਹੀਂ ਹੁੰਦੀ
ਨਾ ਮਾਂ ਦੇ ਦੁੱਧ ਦੀ ਤਲਬ ਹੁੰਦੀ ਹੈ

ਤੁਸੀਂ ਆਸਮਾਨ ਉਤੇ ਲਿਖੇ ਨਾਵਾਂ ਵਿਚੋਂ
ਆਪਣਾ ਨਾਮ ਲੱਭਦੇ ਹੋ
ਹਵਾ ਤਸਦੀਕ ਕਰਦੀ ਹੈ
ਤੇ ਪੌਦੇ ਜਸ਼ਨ ਕਰਦੇ ਹਨ- ਇੰਜ ਸ਼ੁਰੂ ਹੁੰਦਾ ਹੈ, ਜ਼ਿੰਦਗੀ ਦਾ ਅਮਲ ਫਿਰ ਤੋਂ…
ਫਿਰ ਉਹ ਸੰਘਰਸ਼ ਦੀ ਕਥਾ, ਰੂਹ ਨੂੰ ਪਰਚਾਣ ਲਈ
ਫਿਰ ਉਹ ਲੋਕਾਂ ਦਾ ਜੰਗਲ ਗਵਾਚ ਜਾਣ ਲਈ
ਫਿਰ ਉਹੀ ਜਿੱਤ ਦੀ ਉਮੀਦ…
ਇੰਜ ਸ਼ੁਰੂ ਹੁੰਦਾ ਹੈ
ਜ਼ਿੰਦਗੀ ਦਾ ਅਮਲ ਫਿਰ ਤੋਂ।

ਬੱਲੇ ਬੱਲੇ


ਬੱਲੇ ਬੱਲੇ ਬਈ ਝੰਡਾ ਸਾਡਾ ਲਾਲ ਰੰਗ ਦਾ
ਲੰਘਦੀ ਪੌਣ ਸਲਾਮਾ ਕਰਕੇ-ਬਈ ਝੰਡਾ ਸਾਡਾ...

ਬੱਲੇ ਬੱਲੇ ਬਈ ਚੰਦ ਦੀ ਗਰੀਬ ਚਾਂਦਨੀ
ਭੁੱਖੇ ਸੁਤਿਆਂ ਦੇ ਗਲ ਲੱਗ ਰੋਏ-ਬਈ ਚੰਦ ਦੀ…

ਬੱਲੇ ਬੱਲੇ ਬਈ ਚੱਕ ਲੈ ਆਜ਼ਾਦੀ ਆਪਣੀ
ਦੁਖੀਏ ਦਿਲਾਂ ਦੇ ਮੇਚ ਨਾ ਆਈ-ਬਈ ਚੱਕ…

ਬੱਲੇ ਬੱਲੇ ਵੇ ਗਾਂਧੀ ਸਾਨੂੰ ਤੇਰੀ ਬੱਕਰੀ
ਚੋਣੀ ਪਊਗੀ ਨਿਆਣਾ ਪਾਕੇ-ਵੇ ਗਾਂਧੀ...

ਬੱਲੇ ਬੱਲੇ ਨੀ ਪੁੱਤ ਤੇਰਾ ਚੰਦ ਇੰਦਰਾ
ਸਾਡੇ ਘਰਾਂ 'ਚ ਹਨ੍ਹੇਰਾ ਪਾਵੇ, ਨੀ ਪੁੱਤ...

ਬੱਲੇ ਬੱਲੇ ਬਈ ਟੂਣੇਹਾਰੀ ਇੰਦਰਾ ਨੇ
ਲੋਕੀ ਲਿਪ ਲਏ ਭੜੋਲੇ ਵਿਚ ਪਾ ਕੇ-ਬਈ ਟੂਣੇ-ਹਾਰੀ...

ਬੱਲੇ ਬੱਲੇ ਬਈ ਨਹਿਰੂ ਦੀਏ ਲਾਡਲੀ ਧੀਏ
ਦੂਜਾ ਨੱਕ ਨਾ ਲਵਾਉਣਾ ਪੈ ਜੇ-ਨੀ ਨਹਿਰੂ...

ਬੱਲੇ ਬੱਲੇ ਓ ਗਾਂਧੀ ਤੇਰੇ ਚੇਲਿਆਂ ਕੋਲੋਂ
ਬਦਲਾ ਭਗਤ ਸਿਹੁੰ ਦਾ ਲੈਣਾ-ਗਾਂਧੀ...

ਬੱਲੇ ਬੱਲੇ ਬਗਾਨੇ ਪੁਤ ਦੇਖ ਲੈਣਗੇ
ਕੱਲੇ ਸੰਜੇ ਤੇ ਨਹੀਂ ਚੜ੍ਹੀ ਜਵਾਨੀ-ਬਗਾਨੇ...

ਬੱਲੇ ਬੱਲੇ ਬਈ ਕਾਲੇ ਦਿਲ ਕਿੱਦਾਂ ਢੱਕ ਲੂ
ਥੋਡਾ ਚਿੱਟੇ ਖੱਦਰ ਦਾ ਬਾਣਾ-ਬਈ ਕਾਲੇ...

ਬੱਲੇ ਬੱਲੇ ਨੀ ਝੂਠੇ ਨਾਹਰੇ ਇੰਦਰਾ ਤੇਰੇ
ਰੂਹ ਦੀ ਕੰਧ ਤੇ ਲਿਖਣ ਨਹੀਂ ਦੇਣੇ-ਨੀ ਝੂਠੇ...

ਕੁਝ ਸੱਚਾਈਆਂ


ਆਦਮੀ ਦੇ ਖ਼ਤਮ ਹੋਣ ਦਾ ਫ਼ੈਸਲਾ
ਵਕਤ ਨਹੀ ਕਰਦਾ
ਹਾਲਤਾਂ ਨਹੀ ਕਰਦੀਆਂ
ਉੁਹ ਖ਼ੁਦ ਕਰਦਾ ਹੈ
ਹਮਲਾ ਅਤੇ ਬਚਾਅ
ਦੋਵੇਂ ਬੰਦਾ ਖ਼ੁਦ ਕਰਦਾ ਹੈ

ਪਿਆਰ ਬੰਦੇ ਨੂੰ ਦੁਨੀਆਂ 'ਚ
ਵਿਚਰਨ ਦੇ ਯੋਗ ਬਣਾਉਂਦਾ ਹੈ ਜਾਂ ਨਹੀਂ
ਇੰਨਾ ਜ਼ਰੂਰ ਕਿ,
ਅਸੀਂ ਪਿਆਰ ਦੇ ਬਹਾਨੇ (ਆਸਰੇ)
ਦੁਨੀਆਂ ਵਿਚ ਵਿਚਰ ਹੀ ਲੈਂਦੇ ਹਾਂ

ਮੁਕਤੀ ਦਾ ਜਦ ਕੋਈ ਰਾਹ ਨਾ ਲੱਭਾ
ਮੈਂ ਲਿਖਣ ਬਹਿ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਬਿਰਖ
ਜਾਣਦੇ ਹੋਏ
ਕਿ ਲਿਖਣਾ ਬਿਰਖ ਹੋ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਪਾਣੀ
ਆਦਮੀ, ਆਦਮੀ ਮੈਂ ਲਿਖਣਾ ਚਾਹੁੰਦਾ ਹਾਂ
ਕਿਸੇ ਬੱਚੇ ਦਾ ਹੱਥ
ਕਿਸੇ ਗੋਰੀ ਦਾ ਮੁੱਖ
ਮੈਂ ਪੂਰੇ ਜ਼ੋਰ ਨਾਲ
ਸ਼ਬਦਾਂ ਨੂੰ ਸੁੱਟਣਾ ਚਾਹੁੰਦਾ ਹਾਂ ਆਦਮੀ ਵੱਲ
ਇਹ ਜਾਣਦੇ ਹੋਏ ਕਿ ਆਦਮੀ ਨੂੰ ਕੁਝ ਨਹੀਂ ਹੋਣਾ
ਸਾਨੂੰ ਅਜਿਹੇ ਰਾਖਿਆਂ ਦੀ ਲੋੜ ਨਹੀਂ
ਜੋ ਸਾਡੇ 'ਤੇ ਆਪਣੇ ਮਹਿਲਾਂ 'ਚੋਂ ਹਕੂਮਤ ਕਰਨ
ਸਾਨੂੰ ਕਾਮਿਆਂ ਨੂੰ ਉਨ੍ਹਾਂ ਦੀਆਂ ਦਾਤਾਂ ਦੀ ਲੋੜ ਨਹੀਂ
ਅਸੀਂ ਆਪੋ ਵਿਚੀਂ ਸਭ ਫੈਸਲੇ ਕਰਾਂਗੇ

ਆ ਗਏ ਮੇਰੇ ਬੀਤੇ ਹੋਏ ਪਲਾਂ ਦੀ ਗਵਾਹੀ ਦੇਣ ਵਾਲੇ
ਆ ਗਏ ਕਬਰਾਂ 'ਚੋਂ ਸੁੱਤੇ ਪਲਾਂ ਨੂੰ ਜਗਾਉਣ ਵਾਲੇ

ਉਨ੍ਹਾਂ ਦੀ ਆਦਤ ਹੈ, ਸਾਗਰ 'ਚੋਂ ਮੋਤੀ ਚੁਗ ਲਿਆਉਣੇ
ਉਨ੍ਹਾਂ ਦਾ ਨਿੱਤ ਕੰਮ ਹੈ, ਤਾਰਿਆਂ ਦਾ ਦਿਲ ਪੜ੍ਹਨਾ

ਮੇਰੇ ਕੋਲ ਕੋਈ ਚਿਹਰਾ
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ
ਤੇ ਤਾਹੀਓਂ ਜਾਪਦੈ
ਮੈਂ ਹਰ ਚੀਜ਼ ਉੱਤੋਂ ਹਵਾ ਵਾਂਗੂੰ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋਂ ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣਾ

ਹਜ਼ਾਰਾਂ ਲੋਕ ਹਨ
ਜਿਨ੍ਹਾਂ ਕੋਲ ਰੋਟੀ ਹੈ,
ਚਾਂਦਨੀਆਂ ਰਾਤਾਂ ਹਨ, ਕੁੜੀਆਂ ਹਨ
ਤੇ 'ਅਕਲ' ਹੈ
ਹਜ਼ਾਰਾਂ ਲੋਕ ਹਨ, ਜਿਨ੍ਹਾਂ ਦੀ ਜੇਬ 'ਚ ਹਰ ਵਕਤ ਕਲਮ ਹੁੰਦੀ ਹੈ
ਤੇ ਅਸੀਂ ਹਾਂ
ਕਿ ਕਵਿਤਾ ਲਿਖਦੇ ਹਾਂ ।

ਦੋਹੇ


ਛੱਪੜ ਦੀਏ ਟਟੀਰੀਏ ਮੰਦੇ ਬੋਲ ਨਾ ਬੋਲ
ਦੁਨੀਆਂ ਤੁਰ ਪਈ ਹੱਕ ਲੈਣ ਤੂੰ ਬੈਠੀ ਚਿੱਕੜ ਫੋਲ
ਪਿੰਡ ਦਾ ਘਰ-ਘਰ ਹੋਇਆ 'ਕੱਠਾ
ਪਰ੍ਹੇ 'ਚ ਵੱਜਦਾ ਢੋਲ ਗਰੀਬੂ, ਮਜ੍ਹਬੀ ਦਾ
ਦੌਲਤ ਸ਼ਾਹ ਨਾਲ ਘੋਲ ।ਓ ਗੱਭਰੂਆ...

ਵਿੰਗ ਤੜਿੰਗੀ ਲੱਕੜੀ ਉੱਤੇ ਬੈਠਾ ਮੋਰ
ਕੰਮੀ ਵਿਚਾਰੇ ਟੁੱਟ-ਟੁੱਟ ਮਰਦੇ ਹੱਡੀਆਂ ਲੈਂਦੇ ਖੋਰ
ਸੇਠ ਲੋਕ ਲੁੱਟਦੇ ਨਾ ਰੱਜਦੇ ਖੋਹ-ਖੋਹ ਮੰਗਣ ਹੋਰ
ਅੱਥਰੂ ਥੰਮ੍ਹਦੇ ਨਾ ਜਦ ਮਾੜਿਆਂ ਦਾ ਪੈਂਦਾ ਜ਼ੋਰ ।ਓ ਗੱਭਰੂਆ...

ਉੱਚਾ ਬੁਰਜ ਲਹੌਰ ਦਾ ਹੇਠ ਵਗੇ ਦਰਿਆ
ਆ ਮਜ਼ਦੂਰਾ ਸ਼ਹਿਰ ਵਾਲਿਆ ਮੈਂ ਤੇਰਾ ਜੱਟ ਭਰਾ
ਤੈਨੂੰ ਲੁੱਟਦੇ ਕਾਰਾਂ ਵਾਲੇ ਮੈਨੂੰ ਪਿੰਡ ਦੇ ਸ਼ਾਹ
ਆਪਾਂ ਦੋਵੇਂ ਰਲ ਚੱਲੀਏ ਸਾਂਝੇ ਦੁਸ਼ਮਣ ਫਾਹ ।ਓ ਗੱਭਰੂਆ...

ਭੈਰੋਂ ਬੈਠਾ ਖੂਹ ਤੇ ਖੂਹ ਦੀ ਕਰੇ ਤਦਬੀਰ
ਚੰਨੇ ਆਹਮੋ-ਸਾਹਮਣੇ ਕਾਂਜਣ ਸਿੱਧੀ ਤੀਰ
ਚੱਕਲਾ ਚੱਕਲੀ ਐਂ ਮਿਲੇ ਜਿਉਂ ਮਿਲੇ ਭੈਣ ਨੂੰ ਵੀਰ
ਜੱਟ ਗਾਧੀ 'ਤੇ ਐਂ ਬੈਠਾ ਜਿਉਂ ਤਖ਼ਤੇ ਬਹੇ ਵਜ਼ੀਰ
ਟਿੰਡਾਂ ਦੇ ਗਲ ਵਿੱਚ ਗਾਨੀਆਂ ਇਹ ਖਿੱਚ-ਖਿੱਚ ਲਿਆਉਂਦੀਆਂ ਨੀਰ
ਆਡੋਂ ਪਾਣੀ ਐਂ ਰਿੜ੍ਹੇ ਜਿਉਂ ਬ੍ਰਾਹਮਣ ਖਾਵੇ ਖੀਰ
ਨਾਕੀ ਵਿਚਾਰਾ ਐਂ ਫਿਰੇ ਜਿਉਂ ਦਰ-ਦਰ ਫਿਰੇ ਫ਼ਕੀਰ
ਕਿਆਰਿਆਂ ਪਾਣੀ ਐਂ ਵੰਡ ਲਿਆ ਜਿਉਂ ਵੀਰਾਂ ਵੰਡ ਲਿਆ ਸੀਰ
ਕਣਕਾਂ 'ਚ ਬਾਥੂ ਐਂ ਖੜਾ ਜਿਉਂ ਲੋਕਾਂ ਵਿੱਚ ਵਜ਼ੀਰ
ਬਾਥੂ-ਬਾਥੂ ਜੜ ਤੋਂ ਵੱਢਿਆ ਉੱਚੇ ਹੋਏ ਕਸੀਰ
ਅਣਖੀ ਲੋਕਾਂ ਦੀ ਹੋਣੀ ਜਿੱਤ ਅਖੀਰ । ੳ ਗੱਭਰੂਆ ...

ਅੱਕ ਦੀ ਨਾ ਖਾਈਏ ਕੂੰਬਲੀ ਸੱਪ ਦਾ ਨਾ ਖਾਈਏ ਮਾਸ
ਅੱਜ ਤੱਕ ਸਾਨੂੰ ਰਹੇ ਜੋ ਲੁੱਟਦੇ ਉਨ੍ਹਾਂ ਤੋਂ ਕਾਹਦੀ ਆਸ
ਹੁਣ ਭਾਵੇਂ ਇੰਦਰਾ ਮੁੜ ਕੇ ਜੰਮ ਲਏ ਨਹੀਂ ਕਰਨਾ ਵਿਸ਼ਵਾਸ
ਬਥੇਰੇ ਲੁੱਟ ਹੋ ਗਏ ਹੁਣ ਕਾਹਦੀ ਧਰਵਾਸ । ਓ ਗੱਭਰੂਆ...

ਆਲੇ-ਆਲੇ ਬੋਹਟੀਆਂ ਬੋਹਟੀ-ਬੋਹਟੀ ਰੂੰ
ਨਾਲੇ ਕਿਸਾਨਾਂ ਤੂੰ ਲੁੱਟ ਹੋਇਆ ਨਾਲੇ ਕੰਮੀਆਂ ਤੂੰ
ਇੱਕੋ ਤੱਕੜ 'ਚ ਬੰਨ੍ਹ ਕੇ ਉਨ੍ਹਾਂ ਨੇ ਵੇਚਿਆ ਦੋਹਾਂ ਨੂੰ
ਮੰਡੀਆਂ ਦੇ ਮਾਲਕ ਦਾ ਕਿਓਂ ਨਹੀਂ ਕੱਢਦੇ ਧੂੰ । ਓ ਗੱਭਰੂਆ...

ਔਹ ਗਏ ਸਾਜਨ, ਔਹ ਗਏ ਲੰਘ ਗਏ ਦਰਿਆ
ਤੇਰੇ ਯਾਰ ਸ਼ਹੀਦੀਆਂ ਪਾ ਗਏ ਤੇਰਾ ਵਿਚੇ ਹੀ ਹਾਲੇ ਚਾਅ
ਫ਼ੌਜ ਤਾਂ ਕਹਿੰਦੇ ਜਨਤਾ ਦੀ ਨਾ ਕਰਦੀ ਕਦੇ ਪੜਾ
ਖੰਡੇ ਦਾ ਕੀ ਰੱਖਣਾ ਜੇ ਲਿਆ ਮਿਆਨੇ ਪਾ । ਓ ਗੱਭਰੂਆ...

ਹੱਦ ਤੋਂ ਬਾਅਦ


ਬਾਰਾਂ ਵਰ੍ਹੇ ਤਾਂ ਹੱਦ ਹੁੰਦੀ ਹੈ ।
ਅਸੀਂ ਕੁੱਤੇ ਦੀ ਪੂਛ ਚੌਵੀ ਸਾਲ ਵੰਝਲੀ 'ਚ ਪਾ ਕੇ ਰੱਖੀ ਹੈ ।
ਜਿਨ੍ਹਾਂ ਲਾਠੀ ਸਹਾਰੇ ਤੁਰਨ ਵਾਲੇ
ਅਪਾਹਜ ਲੋਕਾਂ ਦੇ ਮੱਥੇ 'ਤੇ
ਮਾਊਂਟਬੈਟਨ ਨੇ 'ਆਜ਼ਾਦੀ' ਦਾ ਸ਼ਬਦ ਲਿੱਖ ਦਿੱਤਾ ਸੀ
ਅਸੀਂ ਓਹ ਮੱਥੇ
ਉਹਨਾਂ ਦੀਆਂ ਲਾਠੀਆਂ ਦੇ ਨਾਲ ਫੇਹ ਸੁੱਟਣੇ ਹਨ ।
ਅਸਾਂ ਇਸ ਦੀ ਪੂਛ ਨੂ ਵੰਝਲੀ ਸਣੇ
ਇਸ ਅੱਗ ਵਿਚ ਝੋਕ ਦੇਣਾ ਹੈ ।
ਜਿਹੜੀ ਅੱਜ ਦੇਸ਼ ਦੇ ਪੰਜਾਹ ਕਰੋੜ
ਲੋਕਾਂ ਦੇ ਮਨਾਂ ਵਿਚ ਸੁਲਘ ਰਹੀ ਹੈ ।
ਪੂਛ ਜਿਹੜੀ ਆਪ ਤਾਂ ਸਿੱਧੀ ਨਾ ਹੋ ਸਕੀ 
ਇਹਨੇ ਵੰਝਲੀ ਨੂੰ ਵੱਜਣ ਜੋਗੀ ਕਿੱਥੇ ਛੱਡਿਆ ਹੋਣਾ ? 

ਚਿਣਗ ਚਾਹੀਦੀ ਹੈ


ਚਿਤਵਿਆ ਹੈ ਜਦ ਹੁਸਨ ਨੂੰ
ਏਸ ਦੀ ਮੁਕਤੀ ਦਾ ਵੀ
ਮੈਂ ਧਿਆਨ ਧਰਿਆ ਹੈ
ਜੋਸ਼ ਨੂੰ ਹੁੰਗਾਰਾ ਮਿਲਿਆ
ਅਮਲ ਨੂੰ ਮਿਲ ਗਈ ਚਿਣਗ ।

ਹੁਸਨ ਜਦ ਵੀ ਅੱਖਾਂ 'ਚ ਪੁੱਠਾ ਲਟਕਿਆ ਹੈ
ਰੋਟੀ ਵਾਂਗ ਇਸ ਦਾ ਆਇਆ ਖਿਆਲ
ਸੁੰਗੜਿਆ ਵਿਸਥਾਰ ਮਨ ਦਾ
ਤੇ ਇਹ ਜੀਅੜਾ ਖੋਲ ਦੇ ਵਿਚ ਕੈਦ ਹੋਇਆ
ਹਰ ਕੋਈ ਹੀ ਇਸ ਘੜੀ
ਬਾਹਰ ਨਾਲੋਂ ਟੁੱਟਦਾ ਹੈ
ਬਦਲ ਰਹੇ ਚੌਗਰਿਦੇ ਕੋਲੋਂ ਅਣਭਿੱਜ ਹੋ ਕੇ ਰਹਿ ਜਾਂਦਾ ਹੈ
ਖੋਲ ਦੇ ਵਿਚ ਠੰਢ ਸੰਗ ਜੰਮ ਜਾਂਦਾ ਹੈ
ਖੋਲਾਂ 'ਚ ਵੜਨਾ--
ਆਪੇ ਹੀ ਕੇਂਦਰਿਤ ਹੋ ਜਾਣਾ
ਮਾਰੂ ਵਾਰ ਅਮਲ ਦਾ ਖਾ ਕੇ
ਸਰਗਰਮੀ ਤੋਂ ਟੁੱਟ ਜਾਣਾ

ਪੈਰ


ਮੈਨੂੰ ਪਤਾ ਹੈ
ਇਹ ਪਿਆਰਾਂ ਦੇ ਸਫ਼ਰ
ਕਦੇ ਪੈਰਾਂ ਨਾਲ ਨਹੀਂ ਹੋਏ
ਮੈਂ ਵੀ ਕੇਡਾ ਬੇ-ਲਿਹਾਜ਼ ਹਾਂ, ਯਾਰੋ
ਮੈਂ ਆਪਣੇ ਪਿਆਰ ਨੂੰ
ਪੈਰਾਂ ਉੱਤੇ ਤੁਰਨਾ ਸਿਖਾਇਆ ਹੈ

ਮੈਂ ਆਪਣੇ ਪੈਰਾਂ ਨੂੰ
ਕੰਡਿਆਲੇ ਝਾੜਾਂ ਦੇ ਸਕੂਲੇ
ਪੜ੍ਹਨ ਪਾਇਆ ਹੈ ।

ਮਿੱਟੀ 'ਚ ਮਿੱਟੀ ਹੋ ਚੁੱਕੇ
ਪੂਰਵ ਸਮੇਂ ਦੇ ਰਾਹੀ-
ਸਾਡੇ ਪੈਰਾਂ ਨੂੰ ਧਰਵਾਸ ਦੇਂਦੇ ਹਨ
ਅਸਾਨੂੰ ਪੈਰਾਂ ਦਾ ਅਰਥ ਦੱਸਦੇ ਹਨ
ਕੋਹਲੂ ਦੇ ਚੱਕਰ ਵਿਚ, ਪੈਰਾਂ ਦਾ ਕੋਈ ਅਰਥ ਨਹੀਂ
ਪੈਰਾਂ ਦਾ ਸਿੱਧਾ ਜਿਹਾ ਭਾਵ-
ਠੁਡ ਹੁੰਦਾ ਹੈ
ਛੜ ਹੁੰਦਾ ਹੈ ।

ਜਦ ਪੈਰ ਕੱਟ ਦਿੱਤੇ ਜਾਂਦੇ ਹਨ
ਤਾਂ ਬਾਗ਼ੀ ਸਿਰ ਦੇ ਭਾਰ ਸਫ਼ਰ ਕਰਦੇ ਹਨ ।

ਜਦ ਹਕੂਮਤ
ਮੰਗਵੇਂ ਪੈਰਾਂ ਭਾਰ ਤੁਰਦੀ ਹੈ
ਤਾਂ ਸਫ਼ਰ ਨੂੰ ਕਲੰਕ ਲਗਦਾ ਹੈ
ਜਦ ਸਿਰ ਤੋਂ ਪੈਰਾਂ ਦਾ ਕੰਮ ਲੈ ਕੇ
ਸਫ਼ਰ ਦੇ ਨਾਂ ਤੋਂ ਕਲੰਕ ਧੋਤਾ ਜਾਂਦਾ ਹੈ
ਤਾਂ ਹਾਕਮ ਦੇ ਪੈਰ ਥਿੜਕ ਜਾਂਦੇ ਹਨ
ਜਦ ਪੈਰਾਂ ਦੀ ਜੁੰਬਸ਼ 'ਚੋਂ
ਰਾਗ ਛਿੜਦਾ ਹੈ…
ਤਾਂ ਬੇੜੀ ਲਾਉਣ ਵਾਲਿਆਂ ਦੇ ਪੈਰ ਸੁੰਨ ਹੋ ਜਾਂਦੇ ਹਨ ।
ਪੈਰ ਵਿਚ ਸੈਂਡਲ ਹੋਵੇ ਜਾਂ ਬੂਟ
ਪੈਰ ਤਾਂ ਮਾਪ ਦੇ ਹੁੰਦੇ ਹਨ
ਮਾਸ ਖਵਾਉਣ ਲਈ ਨਹੀਂ ਹੁੰਦਾ
ਜੁੱਤੀ ਵਿਚ ਮਾਸ-ਖੋਰਾਂ ਲਈ
ਅਕਲ ਦੀ ਪੁੜੀ ਬੰਦ ਹੁੰਦੀ ਹੈ

ਸੱਚ


ਮੈਂ ਇਹ ਕਦੇ ਨਹੀਂ ਚਾਹਿਆ
ਕਿ ਵਿਵਿਧ ਭਾਰਤੀ ਦੀ ਤਾਲ 'ਤੇ ਹਵਾ ਲਹਿਰਦੀ ਹੋਵੇ
ਤੇ ਸਿਲਕੀ ਪਰਦਿਆਂ ਨੂੰ
ਮੈਥੋਂ ਲੁਕ ਲੁਕ ਛੇੜਦੀ ਹੋਵੇ
ਮੈਂ ਇਹ ਕਦੇ ਨਹੀਂ ਚਾਹਿਆ
ਸ਼ੀਸ਼ਿਆਂ 'ਚੋਂ ਛਣ ਕੇ ਆਉਂਦੀ
ਰੰਗਦਾਰ ਰੋਸ਼ਨੀ ਮੇਰੇ ਗੀਤਾਂ ਦੇ ਹੋਂਠ ਚੁੰਮੇਂ

ਮੈਂ ਤਾਂ ਜਦ ਵੀ ਕੋਈ ਸੁਪਨਾ ਲਿਆ ਹੈ
ਰੋਂਦੇ ਸ਼ਹਿਰ ਨੂੰ ਧਰਵਾਸ ਦਿੰਦਿਆਂ ਖ਼ੁਦ ਨੂੰ ਤੱਕਿਆ ਹੈ
ਤੇ ਤੱਕਿਆ ਹੈ ਸ਼ਹਿਰ ਨੂੰ ਪਿਡਾਂ ਨਾਲ ਜਰਬ ਖਾਂਦੇ
ਮੈਂ ਤੱਕੇ ਨੇ ਕੰਮੀਆਂ ਦੇ ਜੁੜੇ ਹੋਏ ਹੱਥ
ਮੁੱਕਿਆਂ 'ਚ ਵੱਟਦੇ…

ਮੈਂ ਕਦੀ ਕਾਰ ਦੇ ਗਦੇਲਿਆਂ ਦੀ ਹਸਰਤ ਨਹੀਂ ਕੀਤੀ
ਮੇਰੇ ਸੁਪਨੇ ਕਦੇ
ਬੀੜੀ ਦਾ ਸੂਟਾ ਲੋਚਦੇ ਹੋਏ ਰਿਕਸ਼ੇ ਵਾਲੇ
ਕਿਸੇ ਦੁਕਾਨ ਦੇ ਫੱਟੇ ਤੇ ਲੱਗੀ ਸੇਜ ਦੀ
ਸਰਹੱਦ ਨਹੀਂ ਟੱਪੇ
ਮੈਂ ਕਿਵੇਂ ਚਾਹ ਸਕਦਾ ਹਾਂ
ਵਿਵਿਧ ਭਾਰਤੀ ਦੀ ਤਾਲ 'ਤੇ ਹਵਾ ਲਹਿਰਦੀ ਹੋਵੇ
ਮੈਂ ਤੱਕਦਾ ਹਾਂ ਲੂਆਂ ਝੁਲਸੇ ਹੋਏ ਚਾਰੇ ਦੇ ਪੱਠੇ
ਮੈਂ ਕਿਵੇਂ ਕਲਪ ਸਕਦਾ ਹਾਂ ਰਸੀਲੇ ਨੈਣ
ਮੈਂ ਤੱਕਦਾ ਹਾਂ ਅਸਮਾਨ ਵੱਲ ਉੱਠੀਆਂ
ਮੀਂਹ ਮੰਗਦੀਆਂ ਹੋਈਆਂ ਬੁਝੀਆਂ ਹੋਈਆਂ ਅੱਖਾਂ

ਮੈਂ ਜਾਣਦਾਂ ਉਨ੍ਹਾਂ ਨੂੰ


ਮੈਂ ਜਾਣਦਾਂ ਉਨ੍ਹਾਂ ਨੂੰ, ਕਿਵੇਂ ਲੋੜ ਪਈ ਤੋਂ ਉਹ
ਪਿਘਲੇ ਮੌਸਮਾਂ ਤਕ ਨੂੰ ਵੀ
ਸਾਡੇ ਸਿਰ 'ਤੇ ਹਥਿਆਰਾਂ ਵਾਂਗ ਤਾਣ ਲੈਂਦੇ ਹਨ ।

ਮੈਂ ਜਾਣਦਾਂ ਉਨ੍ਹਾਂ ਨੂੰ
ਕੀਕਣ ਲੈਰੀਆਂ ਸੋਚਾਂ ਨੂੰ ਘੇਰਾ ਪਾਉਣ ਲਈ
ਹਜ਼ਾਰਾਂ ਰਾਹਾਂ ਥਾਣੀ ਆਉਂਦੇ ਹਨ ।
ਉਨ੍ਹਾਂ ਨੂੰ ਜਾਚ ਹੈ,
ਸਾਡੇ ਹੀ ਜਿਸਮਾਂ ਨੂੰ
ਸਾਡੇ ਵਿਰੁਧ ਵਰਤਣ ਦੀ

ਮੈਨੂੰ ਪਤਾ ਹੈ ਮਾਨਤਾਵਾਂ ਦੀ


ਮੈਨੂੰ ਪਤਾ ਹੈ
ਮਾਨਤਾਵਾਂ ਦੀ ਕੰਧ ਰੇਤਲੀ ਦਾ
ਮਾਪਿਆਂ ਦਾ ਝਿੜਕਿਆ
ਮੈਂ ਰੋਵਾਂਗਾ ਨਹੀਂ, ਤੇਰੇ ਗਲੇ ਲੱਗ ਕੇ
ਯਾਦ ਤੇਰੀ ਜੱਫੀ ਵਿਚ ਇਉਂ ਫੈਲ ਜਾਂਦੀ ਹੈ
ਸੰਵੇਦਨਾ ਦੀ ਧੁੰਦ 'ਚ
ਕਿ ਪੜ੍ਹ ਨਹੀਂ ਹੁੰਦੀਆਂ
ਆਪਣੇ ਖ਼ਿਲਾਫ਼ ਛਪਦੀਆਂ ਖ਼ਬਰਾਂ

ਮੈਨੂੰ ਪਤਾ ਹੈ ਕਿ ਭਾਵੇਂ ਹਟ ਗਏ ਹਨ ਚੱਲਣੋਂ
ਹੁਣ ਗਲੀ ਵਾਲੇ ਗੋਲ ਪੈਸੇ
ਪਰ ਅਸਤਾਂ ਵਾਂਗ ਉਹ ਪਿੱਛੇ ਛੱਡ ਗਏ ਹਨ
ਆਪਣੀ ਸਾਜ਼ਿਸ਼
ਤੇ ਆਦਮੀ ਹਾਲੇ ਵੀ ਓਡਾ ਹੈ
ਜਿੰਨਾ ਕਿਸੇ ਨੂੰ ਗੋਲ ਪੈਸੇ ਦੀ ਗਲੀ 'ਚੋਂ ਦਿਸਦਾ ਹੈ ।

ਭਾਫ਼ ਤੇ ਧੂੰਆਂ


ਅੰਗਾਂ ਤੇ ਰੰਗਾਂ ਵਿਚ
ਆਪਣੀ ਲਘੂਤਾ ਤੇ ਅਹਿਸਾਸ ਜਿੰਨਾ ਫ਼ਰਕ ਹੈ ।

ਜੋ ਵੀ ਸਰਾਪੀ ਕਿਰਨ
ਮੇਰੇ ਸੰਗ ਘਸਰ ਕੇ ਲੰਘਦੀ ਹੈ
ਮੇਰੀ ਆਵਾਜ਼ ਤੋਂ ਬੇਖ਼ਬਰ ਹੈ
ਹਰ ਸੁਲਗਦੀ ਕਿਰਨ
ਭਟਕ ਜਾਂਦੀ ਹੈ ਸਮੇਂ ਦੀਆਂ ਪੀੜ੍ਹੀਆਂ ਅੰਦਰ
ਤੇ ਵਸੀਅਤ ਬਣ ਕੇ
ਹਰ ਸਰਾਪੀ ਕਿਰਨ
ਬੇਮੌਸਮੀ ਰੁੱਤੇ ਮਰ ਜਾਂਦੀ ਹੈ

ਸੂਰਜ ਤਾਂ ਕੱਲ੍ਹ ਫਿਰ ਚੜ੍ਹਣਾ ਹੈ
ਮੈਥੋਂ ਫੇਰ ਮਰਨ ਦੀ ਖ਼ਾਤਰ
ਆਪਣਾ ਬਚਾ ਨਹੀਂ ਹੋਣਾ ।

ਮੈਨੂੰ ਆਪਣੇ ਸ਼ਬਦ ਪਰੋ ਕੇ ਰੱਖਣੇ ਪੈਂਦੇ ਹਨ
ਇਕ ਪਾਲ ਵਿਚ-
ਕਿਉਂਕਿ ਹਰ ਸੀਮਾ ਦੇ
ਉਸ ਪਾਰ
ਦੁਸ਼ਮਣ ਖੜ੍ਹੇ ਹਨ ।
ਮੇਰੀ ਛਾਂ ਦੇ ਗਰਭ ਅੰਦਰ
ਨਾਜਾਇਜ਼ ਸੰਬੰਧ ਪਲਦੇ ਨੇ
(ਹਰ ਕਿਸੇ ਕਿਰਨ ਤੋਂ ਪਹਿਲਾਂ ਮੈਂ
ਆਪਣੇ ਆਪ ਨੂੰ ਬਨਵਾਸ ਕਹਿ ਸਕਦਾਂ)
ਤੇ ਮੈਂ ਨਿੱਤ ਜਾਣ ਬੁੱਝ ਕੇ ਹੰਡਿਆਂ ਅੰਗਾਂ ਦੀ ਸੂਲੀ ਉੱਤੇ ਚੜ੍ਹ ਕੇ
ਭਲਕ ਲਈ ਤੋਬਾ ਦੀ ਭੂਮੀ ਤਿਆਰ ਕਰਦਾ ਹਾਂ

ਤੂੰ ਤਾਂ ਸਿਗਰਟ ਪੀ ਕੇ
ਹੱਥਾਂ 'ਚੋਂ ਮਿਚਾ ਦਿੱਤੀ-
ਪੈਰਾਂ ਥੱਲੇ ਫਿਸਣ ਤੋਂ ਬਿਨਾਂ
ਉਹ ਅੰਗਿਆਰੇ
ਬਸਤੀ ਨੂੰ ਜਲਾ ਵੀ ਸਕਦੇ ਹਨ
ਮੇਰੀ ਛਾਤੀ ਉਪਰਲੇ
ਤੇਰੇ ਨੌਹਾਂ ਦੇ ਨਿਸ਼ਾਨ
ਜ਼ਖ਼ਮ ਤੋਂ ਛੁੱਟ
ਕਾਸ਼ ! ਕਿ ਕੁਝ ਹੋਰ ਵੀ
ਅਖਵਾ ਸਕਣ ਦੇ ਯੋਗ ਹੁੰਦੇ ।

ਕੀ ਕੋਈ ਫ਼ਰਕ ਕਰੇ
ਭਾਫ਼ ਤੇ
ਧੂੰਏਂ 'ਚ

ਬਹਾਰ ਤੇ ਜਣ੍ਹੇ


ਬਹਾਰ ਦੀ ਰੁੱਤੇ
ਕੋਈ ਵੀ ਚਾਹੁੰਦਾ ਹੈ
ਫੁੱਲ ਸਿਰਫ਼ ਫੁੱਲ
ਜਾਂ ਮਹਿਕਦਾਰ ਪੱਤੇ ਵਰਗਲਾ ਜਾਂਦੇ ਹਨ ।

ਆਓ ਅਸੀਂ ਗੁਮਰਾਹ ਹੋਏ ਲੋਕ
ਸੁੱਕੇ ਸਲਵਾੜ ਦੇ ਕੁੱਪਾਂ 'ਚੋਂ
ਤੇ ਜਲੇ ਹੋਏ ਚੂੜੀ-ਸਲੋਜ਼ ਦੀ ਰਾਖ 'ਚੋਂ 
ਬੇਸ਼ਰਮ ਜਿਹਾ ਗੀਤ ਢੂੰਡੀਏ ।

ਜਦ ਸਾਡੇ ਗੀਤ, ਪੂਰੀ ਜਹਾਲਤ ਨਾਲ ਫੁੱਲਾਂ ਨਾ' ਅੱਖ ਮੇਲਣਗੇ
ਤਾਂ ਬਾਹਰ ਦਾ ਘੁਮੰਡੀ ਸੁਹਜ
ਕੀ ਭੰਗ ਨਹੀਂ ਹੋਵੇਗਾ ?

ਪਰ ਅਜੇ ਤਾਂ ਬਹਾਰ ਕਾਤਲ ਹੈ ।
ਸਾਰੇ ਚਾਹੁੰਦੇ ਹਨ,
ਫੁੱਲ ਸਿਰਫ਼ ਫੁੱਲ

ਹਕੂਮਤ ਤੇਰੀ ਤਲਵਾਰ ਦਾ ਕੱਦ


ਹਕੂਮਤ !
ਤੇਰੀ ਤਲਵਾਰ ਦਾ ਕੱਦ ਬਹੁਤ ਨਿੱਕਾ ਹੈ 
ਕਵੀ ਦੀ ਕਲਮ ਤੋਂ ਕੀਤੇ ਨਿੱਕਾ,

ਕਵਿਤਾ ਕੋਲ ਆਪਣਾ ਬੜਾ ਕੁਝ ਹੈ
ਤੇਰੇ ਕਾਨੂੰਨ ਵਾਂਗ ਹੀਣੀ ਨਹੀਂ
ਤੇਰੀ ਜੇਲ੍ਹ ਹੋ ਸਕਦੀ ਹੈ ਕਵਿਤਾ ਲਈ ਹਜ਼ਾਰ ਵਾਰ
ਪਰ ਇਹ ਕਦੇ ਨਹੀਂ ਹੋਣਾ
ਕਿ ਕਵਿਤਾ ਤੇਰੀ ਜੇਲ੍ਹ ਲਈ ਹੋਵੇ

ਥੱਕੇ ਟੁੱਟੇ ਪਿੰਡਿਆਂ ਨੂੰ


ਥੱਕੇ ਟੁੱਟੇ ਪਿੰਡਿਆਂ ਨੂੰ 
ਲੇਸਲੇ ਦਿਲ ਦੇ ਸਹਾਰੇ ਜੋੜ ਲੈਂਦੇ ਹਾਂ
ਪਰੇਸ਼ਾਨੀ 'ਚ ਜ਼ਖ਼ਮੀ ਸ਼ਾਮ ਦਾ
ਭਖਦਾ ਹੋਇਆ ਮੁੱਖ ਚੁੰਮ ਲੈਂਦੇ ਹਾਂ
ਅਸੀਂ ਵੀ ਹੁੰਦੇ ਹਾਂ, ਅਸੀਂ ਵੀ ਹੁੰਦੇ ਹਾਂ

ਜੁਗਨੂੰਆਂ ਵਾਂਗ ਰੁੱਖਾਂ ਵਿਚ ਫਸ ਕੇ ਭਟਕ ਛਡਦੇ ਹਾਂ
ਅਸੀਂ ਪਰ ਭਬਕ ਨਹੀਂ ਸਕਦੇ 
ਕਦੇ ਸੀ-ਸੀ ਨਹੀਂ ਕਰਦੇ 
ਬੇਚੈਨੀ ਦਾ ਅਸੀਂ ਅੱਕ ਰੋਜ਼ ਚੱਬਦੇ ਹਾਂ 
ਅਸੀਂ ਵੀ ਹੁੰਦੇ ਹਾਂ, ਅਸੀਂ ਵੀ ਹੁੰਦੇ ਹਾਂ

ਅਸੀਂ ਧੁੱਪ ਨਾਲ ਘੁਲ ਘੁਲ ਕੇ 
ਦਿਨੇ ਜੋ ਰੋਜ ਖਪਦੇ ਹਾਂ 
ਹਨੇਰਾ ਸੌ ਕੁਫ਼ਰ ਤੋਲੇ 
ਅਸਾਡੀ ਹੋਂਦ 'ਨ੍ਹੇਰੇ 'ਚ ਵੀ ਸਾਕਾਰ ਰਹਿੰਦੀ ਹੈ 
ਅਸੀਂ ਰਾਤਾਂ ਦੀ ਰੰਗੀਨੀ ਦਾ ਵੀ ਹਿੱਸਾ ਵੰਡਾਵਾਂਗੇ 
ਅਸੀਂ ਰਾਤੀਂ ਵੀ ਹੁੰਦੇ ਹਾਂ 
ਅਸੀਂ ਹਰ ਵਕਤ ਹੋਵਾਂਗੇ ।

ਘਾਹ ਵਰਗੇ ਬੰਦੇ ਦੀ ਦਾਸਤਾਨ


ਬੋਤੇ ਚਾਰਦਾ ਤੇਰਾ ਸਰਵਣ ਵੀਰ
ਬੋਤਿਆਂ ਨੇ ਚਰ ਲਿਆ ਹੈ, ਭੈਣੇ
ਓਸ ਹੁਣ ਤੈਨੂੰ ਮਿਲਣ ਨਹੀਂ ਆਉਣਾ

ਜੀ ਤਾਂ ਬੜਾ ਕਰਦਾ ਸੀ
ਕਿ ਆ ਕੇ ਸੱਸ ਤੇਰੀ ਤੋਂ
ਲੁਕਾ ਕੇ ਰੱਖਿਆ ਘਿਓ ਕਢਵਾਵਾਂ
ਜਾਂ ਸੁੱਕੀ ਖੰਡ ਦੀ ਕੌਲੀ
ਉਹਦੇ ਮੱਥੇ 'ਚ ਚੁੱਕ ਮਾਰਾਂ,
ਪਰ ਨਾ ਮੁਰਾਦ ਬੋਤਿਆਂ ਦਾ ਅਜਬ ਕਿੱਸਾ ਹੈ
ਨਾ ਇਹ ਆਪੂੰ ਨਜ਼ਰ ਆਉਂਦੇ ਨੇ
ਨਾ ਉਡਦੀ ਧੂੜ ਦਿਸਦੀ ਹੈ
ਬਸ ਬੁੱਟਾਂ ਦੇ ਚਰਨ ਦੀ ਆਵਾਜ਼ ਸੁਣਦੀ ਹੈ
ਜਦ ਉਹ ਵਾਗੀਆਂ ਦੇ ਗੀਤਾਂ ਨੂੰ ਨਿਘਾਰ ਰਹੇ ਹੁੰਦੇ ਹਨ

ਮੇਰੇ ਤਾਂ ਚਿੱਤ 'ਚ ਸੀ
ਕਿ ਬੋਤਿਆਂ ਲਈ ਮੇਰੀਆਂ ਅੱਖਾਂ ਵਿਚ
ਫੈਲੀ ਹੋਈ ਹਰਿਆਵਲ ਹੀ ਕਾਫ਼ੀ ਹੈ
ਪਰ ਜਦ ਉਨ੍ਹਾਂ ਮੇਰੇ ਹੱਥ ਖਾਧੇ
ਤੇਰੇ ਜੋਤ-ਵਿਹੂਣੇ ਅੰਮਾਂ 'ਤੇ ਬਾਬਲ
ਮੇਰੇ ਵਹਿੰਗੀ ਨਾ ਚੁੱਕ ਸਕਣ ਬਾਰੇ
ਕੁਝ ਵੀ ਸਮਝ ਨਹੀਂ ਸਕੇ

ਤੇ ਹੁਣ ਤੇਰਾ ਇੰਜੜੀ ਦਾ ਚਾਅ
ਪਿੰਡ ਦੀ ਹੱਦ ਉਤਲੀ ਕਿੱਕਰ 'ਤੇ ਟੰਗਿਆ ਪਿਆ ਹੈ
ਕਿਸੇ ਅਣਵਰਤੇ ਖੱਫ਼ਣ ਵਾਂਗ,
ਭੈਣੇ, ਸਰਫ਼ੇ ਦੀਆਂ ਪੈਲੀਆਂ ਨੂੰ
ਮੱਛਰੇ ਬੋਤੇ ਲਿਤਾੜੀ ਜਾ ਰਹੇ ਹਨ ।

ਬੇਦਖ਼ਲੀ ਲਈ ਬਿਨੈ-ਪੱਤਰ


ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ
ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਿਲ ਹੈ
ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦੇਵੋ

ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ
ਇਸ ਖੇਤਾਂ, ਖਾਨਾਂ, ਭੱਠਿਆਂ ਦੇ ਭਾਰਤ ਨੂੰ -
ਉਹ ਠੀਕ ਇਸੇ ਦੀ ਸਾਧਾਰਣ ਜਿਹੀ ਕੋਈ ਨੁੱਕਰ ਸੀ
ਜਿੱਥੇ ਪਹਿਲੀ ਵਾਰ
ਜਦ ਦਿਹਾੜੀਦਾਰ ਤੇ ਉਲਰੀ ਚਪੇੜ ਮਚਕੋੜੀ ਗਈ
ਕਿਸੇ ਦੇ ਖੁਰਦਰੇ ਬੇਨਾਮ ਹੱਥਾਂ ਵਿਚ
ਠੀਕ ਉਹ ਵਕਤ ਸੀ
ਜਦ ਇਸ ਕਤਲ ਦੀ ਸਾਜ਼ਿਸ਼ ਰਚੀ ਗਈ
ਕੋਈ ਵੀ ਪੁਲਸ ਨਹੀਂ ਲੱਭ ਸਕੂ ਇਸ ਸਾਜ਼ਿਸ਼ ਦੀ ਥਾਂ
ਕਿਉਂਕਿ ਟਿਊਬਾਂ ਕੇਵਲ ਰਾਜਧਾਨੀ ਵਿਚ ਜਗਦੀਆਂ ਹਨ
ਤੇ ਖੇਤਾਂ, ਖਾਨਾਂ, ਭੱਠਿਆਂ ਦਾ ਭਾਰਤ ਬਹੁਤ ਹਨੇਰਾ ਹੈ ।

ਤੇ ਠੀਕ ਏਸੇ ਸਰਦ ਹਨੇਰੇ ਵਿਚ ਸੁਰਤ ਸੰਭਾਲਣ ਤੇ
ਜੀਣ ਦੇ ਨਾਲ ਨਾਲ
ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ
ਮੈਂ ਖ਼ੁਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿਚ ਸ਼ਰੀਕ ਪਾਇਆ,
ਜਦੋਂ ਵੀ ਵੀਭੱਤਸੀ ਸ਼ੋਰ ਦਾ ਨੱਪ ਕੇ ਖੁਰਾ
ਮੈਂ ਲੱਭਣਾ ਚਾਹਿਆ ਟਰਕਦੇ ਹੋਏ ਟਿੱਡੇ ਨੂੰ
ਸ਼ਾਮਿਲ ਤੱਕਿਆ ਹੈ, ਆਪਣੀ ਪੂਰੀ ਦੁਨੀਆਂ ਨੂੰ
ਮੈਂ ਸਦਾ ਹੀ ਉਸਨੂੰ ਕਤਲ ਕੀਤਾ ਹੈ
ਹਰ ਵਾਕਿਫ਼ ਜਣੇ ਦੀ ਹਿੱਕ 'ਚੋਂ ਲੱਭ ਕੇ
ਜੇ ਉਸ ਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿੱਝਣਾ ਹੈ
ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ।
ਮੈਂ ਨਹੀਂ ਚਾਹੁੰਦਾ ਕਿ ਸਿਰਫ਼ ਇਸ ਬਿਨਾਅ ਤੇ ਬਚਦਾ ਰਹਾਂ
ਕਿ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ -

ਇਸ ਦਾ ਜੋ ਵੀ ਨਾਂ ਹੈ - ਗੁੰਡਿਆਂ ਦੀ ਸਲਤਨਤ ਦਾ
ਮੈਂ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ।
ਮੈਂ ਉਸ ਪਾਇਲਟ ਦੀਆਂ
ਮੀਸਣੀਆਂ ਅੱਖਾਂ ਵਿਚ ਰੜਕਦਾ ਭਾਰਤ ਹਾਂ
ਹਾਂ, ਮੈਂ ਭਾਰਤ ਹਾਂ ਰੜਕਦਾ ਹੋਇਆ ਉਹਦੀਆਂ ਅੱਖਾਂ ਵਿੱਚ
ਜੇ ਉਸ ਦਾ ਆਪਣਾ ਕੋਈ ਖ਼ਾਨਦਾਨੀ ਭਾਰਤ ਹੈ
ਤਾਂ ਮੇਰਾ ਨਾਮ ਉਸ 'ਚੋਂ ਹੁਣੇ ਕੱਟ ਦੇਵੋ। 

ਖੂਹ


ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਪਰ ਉਹ ਕੱਲਮ-ਕੱਲੇ ਸੁੰਨੇ ਜਹੇ ਜਿਥੇ ਵੀ ਹਨ
ਹਨੇਰੇ ਤੋਂ ਸੁਰੱਖਿਅਤ ਨਹੀਂ
ਜੋ ਪਿਆਸ ਦੇ ਪੱਜ ਉੱਤਰਦਾ ਹੈ ਉਨ੍ਹਾਂ 'ਚ
ਤੇ ਮੌਤ ਭਰ ਦੇਂਦੈ
ਸਭ ਤੋਂ ਭੋਲ਼ੇ-ਭਾਲ਼ੇ ਪੰਛੀਆਂ ਦੇ ਆਂਡਿਆਂ ਵਿੱਚ

ਫ਼ਸਲਾਂ ਲਈ ਬੇਕਾਰ ਹੋਣ ਤੋਂ ਬਾਅਦ
ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਉਨ੍ਹਾਂ ਦੀ ਖ਼ਾਸ ਲੋੜ ਨਹੀਂ ਭਾਗਭਰੀ ਧਰਤੀ ਨੂੰ
ਪਰ ਹਨੇਰੇ ਨੂੰ ਉਨ੍ਹਾਂ ਦੀ ਲੋੜ ਹੈ
ਕਿਸੇ ਵੀ ਗੁਟਕਦੀ ਉਡਾਣ ਦੇ ਵਿਰੁੱਧ
ਹਨੇਰਾ ਉਨ੍ਹਾਂ ਨੂੰ ਮੋਰਚੇ ਲਈ ਵਰਤਦਾ ਹੈ

ਖੂਹ ਬੇਸ਼ੱਕ ਥੋੜ੍ਹੇ ਨੇ ਹੁਣ
ਸੰਖ ਦੀ ਗੂੰਜ ਰਾਹੀਂ ਨਿੱਤ ਡਰਦੀ ਨੀਂਦ ਵਿੱਚ
ਮੌਤ ਵਡਿਆਉਂਦੇ ਹੋਏ ਭਜਨਾਂ ਦੀ ਭਾਲ਼ ਵਿੱਚ
ਤੇ ਅਤੀਤ ਗਾਉਂਦੀਆਂ ਬੜ੍ਹਕਾਂ ਵਿੱਚ
ਪਰ ਅਜੇ ਵੀ ਕਾਫ਼ੀ ਨੇ ਖੂਹ
ਉਨ੍ਹਾਂ ਵਿੱਚ ਹਲਕ ਗਿਆ ਹਨੇਰਾ ਅਜੇ ਚਿੰਘਾੜਦਾ ਹੈ
ਦੁਆ ਲਈ ਉੱਠਦੇ ਹੱਥਾਂ ਦੀ ਬੁੱਕ ਜੋ ਖੂਹ ਸਿਰਜਦੀ ਹੈ
ਸਾਲਮ ਮਨੁੱਖ ਨੂੰ ਨਿਗਲਣ ਲਈ
ਸਿਰਫ਼ ਉਸ ਵਿਚਲਾ ਹੀ ਹਨੇਰ ਕਾਫ਼ੀ ਹੈ
ਇਨ੍ਹਾਂ ਖੂਹਾਂ ਦੇ ਅੰਦਰ ਮੇਲ੍ਹਦਾ ਫ਼ਨੀਅਰ ਹਨੇਰਾ
ਸੁੜਕ ਜਾਂਦਾ ਹੈ, ਕਿਸੇ ਵੀ ਹਿੱਕ ਅੰਦਰ ਖਿੜਦੇ ਹੋਏ ਚਾਨਣ ਦੇ ਸਾਹ

ਖੂਹ ਤੁਹਾਨੂੰ ਜੋੜਦੇ ਹਨ ਮੋਈਆਂ ਸਦੀਆਂ ਨਾਲ
ਖੂਹ ਤੁਹਾਨੂੰ ਗੂੰਜ ਦੇ ਨਸ਼ੇ 'ਤੇ ਲਾ ਕੇ
ਆਪਣੇ ਜ਼ਖ਼ਮਾਂ ਨੂੰ ਗਾਉਣਾ ਸਿਖਾਉਂਦੇ ਹਨ
ਖੂਹ ਨਹੀਂ ਚਾਹੁੰਦੇ ਕਿ ਧੁੱਪ ਜਾਵੇ ਤੁਹਾਡੇ ਚੇਤੇ 'ਚੋਂ
ਖੋਪਿਆਂ ਵਿਚ ਜੁਪਣ ਦਾ ਦ੍ਰਿਸ਼।
ਵਸਤੂ ਜਾਂ ਮਸ਼ੀਨ ਨਹੀਂ
ਹੁਣ ਮੁਕੰਮਲ ਫ਼ਲਸਫ਼ਾ ਨੇ ਖੂਹ
ਖੂਹ ਤਾਂ ਚਾਹੁੰਦੇ ਹਨ ਉਨ੍ਹਾਂ ਸੰਗ ਜੁੜੀ ਹਰ ਭਿਆਨਕਤਾ
ਤੁਹਾਡੇ ਅੰਦਰ ਪਿਛਲਖੁਰੀ ਗਿੜਦੀ ਰਹੇ

ਖੂਹ ਤੁਹਾਡੇ ਨਾਲ਼ ਸਫ਼ਰ ਕਰਦੇ ਨੇ ਬੱਸਾਂ ਵਿੱਚ
ਉਨ੍ਹਾਂ ਵਿਚਲਾ ਹਨੇਰਾ ਆਦਮੀ ਦੀ ਭਾਸ਼ਾ ਖੋਹ ਕੇ
ਸਿਰਫ਼ ਮਮਿਆਉਣਾ ਸਿਖਾਉਂਦਾ ਹੈ
ਖੂਹ ਤੁਹਾਡੀਆਂ ਛਾਤੀਆਂ ਵਿੱਚ ਸਰਸਰਾਉਂਦੇ ਹਨ
ਜਨਾਜ਼ੇ ਤੋਂ ਪਰਤਦੇ ਜਦ ਤੁਹਾਡੇ ਵਿੱਚ
ਬਚੇ ਹੋਏ ਹੋਣ ਦਾ ਸ਼ੁਕਰਾਨਾ ਗਾਉਂਦਾ ਹੈ।
ਬਚਾਅ ਦੀ ਆਖ਼ਰੀ ਜੰਗ ਲੜਦਿਆਂ ਹਨੇਰਾ
ਬੇਹੱਦ ਖ਼ੂੰ-ਖ਼ਾਰ ਹੋ ਚੁੱਕਿਆ ਹੈ ਹੁਣ –

ਬਚਾਅ ਦੀ ਆਖ਼ਰੀ ਜੰਗ ਲੜਦਿਆਂ ਹਨੇਰਾ
ਹਰ ਸ਼ੈਅ ਵਿੰਨ੍ਹਦੇ ਹੋਏ
ਤੁਹਾਡੀ ਜਾਗਦੀ ਹੋਈ ਦੁਨੀਆਂ ਦੇ ਆਰਪਾਰ ਨਿੱਕਲਣਾ ਚਾਹੁੰਦਾ ਹੈ
ਤੁਹਾਡੇ ਬੋਲਾਂ ਦੀ ਲਿਸ਼ਕ 'ਚ ਸਿੰਮਣ ਨੂੰ
ਹਨ੍ਹੇਰਾ ਆਪਣੇ ਘੁਰਨਿਆਂ ਸਮੇਤ ਬੇਹੱਦ ਤਰਲ ਹੋ ਚੁੱਕਾ ਹੈ ਹੁਣ
ਏਨੇ ਤਰਲ ਹਨੇਰੇ ਦੇ ਖ਼ਿਲਾਫ਼
ਹੁਣ ਤੁਸੀਂ ਪਹਿਲਾਂ ਵਾਂਗ ਨਹੀਂ ਲੜ ਸਕਦੇ
ਕੋਈ ਸਹੂਲਤੀ ਤੇ ਅਣਸਰਦੇ ਦੀ ਠੰਢੀ ਜੰਗ
ਏਨੇ ਤਰਲ ਹਨੇਰੇ ਦੇ ਖ਼ਿਲਾਫ਼
ਤੁਹਾਡਾ ਸੁਵਿਧਾਮਈ ਵਜੂਦ ਬੜਾ ਨਾ-ਕਾਫ਼ੀ ਹੈ
ਏਨੇ ਤਰਲ ਹਨੇਰੇ ਦੇ ਬਿਲਕੁਲ ਗਵਾਂਢ ਜੀਂਦੇ ਹੋਏ
ਤੁਸੀਂ ਨਿਹੱਥਿਆਂ ਤੁਰ ਨਹੀਂ ਸਕਦੇ।

ਧਰਮ ਦੀਕਸ਼ਾ ਲਈ ਬਿਨੈ-ਪੱਤਰ


ਮੇਰਾ ਇੱਕੋ ਹੀ ਪੁੱਤ ਹੈ ਧਰਮ-ਗੁਰੂ
ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ।
ਤੇਰੇ ਇਸ ਤਰਾਂ ਗਰਜਣ ਤੋਂ ਬਾਦ
ਮਰਦ ਤਾਂ ਦੂਰ ਦੂਰ ਤਕ ਕਿਤੇ ਨਹੀਂ ਬਚੇ
ਹੁਣ ਸਿਰਫ਼ ਤੀਵੀਆਂ ਹਨ ਜਾਂ ਸ਼ਾਕਾਹਾਰੀ ਦੋਪਾਏ
ਜੋ ਉਨ੍ਹਾਂ ਲਈ ਅੰਨ ਕਮਾਉਦੇ ਹਨ।
ਸਰਬ ਕਲਾ ਸਮਰੱਥ ਏਂ ਤੂੰ ਧਰਮ-ਗੁਰੂ!
ਤੇਰੀ ਇਕ ਮਾੜੀ ਜਿਹੀ ਤਿਊੜੀ ਵੀ
ਚੰਗੇ ਭਲੇ ਪਰਿਵਾਰਾਂ ਨੂੰ ਇੱਜੜ ਬਣਾ ਦਿੰਦੀ
ਹਰ ਕੋਈ ਦੂਸਰੇ ਨੂੰ ਮਿੱਧ ਕੇ
ਆਪਣੀ ਧੌਣ ਤੀਜੇ ਵਿਚ ਘੁਸਾਉਂਦਾ ਹੈ
ਪਰ ਮੇਰੀ ਇਕੋ ਇਕ ਗਰਦਨ ਹੈ ਧਰਮ-ਗੁਰੂ !
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ।

ਮੈਂ ਤੇਰੇ ਦੱਸੇ ਹੋਏ ਹੀ ਇਸ਼ਟ ਪੂਜਾਂਗੀ
ਮੈਂ ਤੇਰੇ ਪਾਸ ਕੀਤੇ ਭਜਨ ਹੀ ਗਾਵਾਂਗੀ
ਮੈਂ ਹੋਰ ਸਾਰੇ ਧਰਮਾਂ ਨੂੰ ਨਿਗੂਣੇ ਕਿਹਾ ਕਰੂੰ
ਮੇਰੀ ਪਰ ਇਕੋ ਇਕ ਜ਼ੁਬਾਨ ਬਚੀ ਹੈ ਧਰਮ-ਗੁਰੂ !
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ।

ਮੈਂ ਪਹਿਲਾਂ ਬਹੁਤ ਝੱਲੀ ਰਹੀ ਹਾਂ ਹੁਣ ਤਕ
ਮੇਰੇ ਪਰਿਵਾਰ ਦਾ ਜੋ ਧਰਮ ਹੁੰਦਾ ਸੀ
ਮੇਰਾ ਉਸ ਤੇ ਵੀ ਕਦੀ ਧਿਆਨ ਨਹੀਂ ਗਿਆ
ਮੈਂ ਪਰਿਵਾਰ ਨੂੰ ਹੀ ਧਰਮ ਮੰਨਣ ਦਾ ਕੁਫ਼ਰ ਕਰਦੀ ਰਹੀ ਆਂ
ਮੈਂ ਕਮਲੀ ਸੁਣੇ ਸੁਣਾਏ, ਪਤੀ ਨੂੰ ਰੱਬ ਕਹਿੰਦੀ ਰਹੀ
ਮੇਰੇ ਭਾਣੇ ਤਾਂ ਘਰਦਿਆਂ ਜੀਆਂ ਦੀ ਮੁਸਕਾਨ ਤੇ ਘੂਰੀ ਹੀ
ਸੁਰਗ ਨਰਕ ਰਹੇ-
ਮੈਂ ਸ਼ਾਇਦ ਵਿੱਠ ਸਾਂ ਕਲਯੁੱਗ ਦੀ, ਧਰਮ-ਗੁਰੂ!

ਤੇਰੀ ਗਜਾਈ ਹੋਈ ਧਰਮ ਦੀ ਜੈਕਾਰ ਨਾਲ
ਮੇਰੇ 'ਚੋਂ ਐਨ ਉਡ ਗਈ ਹੈ ਕੁਫ਼ਰ ਦੀ ਧੁੰਦ
ਮੇਰਾ ਮਰਜਾਣੀ ਦਾ ਕੋਈ ਆਪਣਾ ਸੱਚ ਹੁਣ ਨਾ ਦਿਸੂ
ਮੈਂ ਤੇਰਾ ਸੱਚ ਹੀ ਇਕਲੌਤਾ ਸੱਚ ਜਚਾਇਆ ਕਰੂੰ ...
ਮੈਂ ਤੀਵੀਂ ਮਾਨੀ ਤੇਰੇ ਜਾਂਬਾਜ਼ ਸ਼ਿਸ਼ਾਂ ਦੇ ਮੂਹਰੇ ਹਾਂ ਵੀ ਕੀ
ਕਿਸੇ ਵੀ ਉਮਰੇ ਤੇਰੀ ਤੇਗ ਤੋਂ ਘੱਟ ਸੁੰਦਰ ਰਹੀ ਹਾਂ
ਕਿਸੇ ਵੀ ਰੌਂਅ 'ਚ ਤੇਰੇ ਤੇਜ ਤੋਂ ਫਿੱਕੀ ਰਹੀ ਹਾਂ
ਮੈਂ ਸੀ ਹੀ ਨਹੀਂ, ਬੱਸ ਤੂੰ ਹੀ ਤੂੰ ਏਂ ਧਰਮ-ਗੁਰੂ !

ਮੇਰਾ ਇਕੋ ਈ ਪੁੱਤ ਹੈ ਧਰਮ-ਗੁਰੂ !
ਉਂਜ ਭਲਾ ਸੱਤ ਵੀ ਹੁੰਦੇ
ਉਨ੍ਹਾਂ ਤੇਰਾ ਕੁਝ ਨਹੀਂ ਕਰ ਸਕਣਾ ਸੀ
ਤੇਰੇ ਬਾਰੂਦ ਵਿਚ ਰੱਬੀ ਮਹਿਕ ਹੈ
ਤੇਰਾ ਬਾਰੂਦ ਰਾਤਾਂ ਨੂੰ ਰੌਣਕਾਂ ਵੰਡਦਾ ਹੈ
ਤੇਰਾ ਬਾਰੂਦ ਰਾਹੋਂ ਭਟਕਿਆਂ ਨੂੰ ਸੇਧਦਾ ਹੈ
ਮੈਂ ਤੇਰੀ ਆਸਤਕ ਗੋਲੀ ਨੂੰ ਅਰਗ ਦਿਆ ਕਰਾਂਗੀ
ਮੇਰਾ ਇਕੋ ਈ ਪੁੱਤ ਹੈ ਧਰਮ-ਗੁਰੂ!
ਤੇ ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ ।

ਉਹ ਰਿਸ਼ਤੇ ਹੋਰ ਹੁੰਦੇ ਹਨ


ਉਹ ਰਿਸ਼ਤੇ ਹੋਰ ਹੁੰਦੇ ਹਨ
ਜਿਨ੍ਹਾਂ ਵਿੱਚ ਭਟਕ ਜਾਂਦੇ ਹਨ ਦੁੱਧ ਚਿੱਟੇ ਦਿਨ
ਤੇ ਮੱਖਣ ਵਰਗੀਆਂ ਕੂਲੀਆਂ ਰਾਤਾਂ
ਜਿਨ੍ਹਾਂ ਵਿੱਚ ਸਾਵਾ ਘਾਹ ਲੇਟਣ ਲਈ ਹੁੰਦਾ ਹੈ
ਜਾਂ ਬੰਬਾਂ ਨਾਲ ਝੁਲਸਣ ਲਈ
ਜਿਨ੍ਹਾਂ ਵਿੱਚ ਇਨਸਾਨ ਰਾਜਾ ਹੁੰਦਾ ਹੈ ਜਾਂ ਪਸ਼ੂ
ਆਦਮੀ ਕਦੇ ਨਹੀਂ ਹੁੰਦਾ

ਉਹ ਰਿਸ਼ਤੇ ਹੁੰਦੇ ਹਨ : ਪਥਰ 'ਤੇ ਖਰੋਚੀ ਹੋਈ ਚਿਹਰੇ ਦੀ ਪਹਿਚਾਣ
ਢਿੱਡ ਦੀ ਕੁੰਡੀ 'ਚ ਅੜੇ ਹੋਏ ਜੰਗਾਲੇ ਸੰਗਲ
ਛਾਤੀਆ ਤੇ ਗਿਰਝਾਂ ਵਰਗੇ ਝਪਟਦੇ ਅਹਿਸਾਸ (ਅਰਮਾਣ)
ਟੁੱਟੀ ਹੋਈ ਪੰਜਾਲੀ ਵਾਂਗ ਸਿਰਫ਼ ਬਾਲਣ ਦੇ ਕੰਮ ਆਉਦੇਂ ਹਨ ਉਹ ਰਿਸ਼ਤੇ

ਉਹ ਰਿਸ਼ਤੇ
ਜਿਨ੍ਹਾਂ ਵਿੱਚ ਕੋਈ ਭੀੜ ਕੁਰਬਲਾਉਂਦੀ ਹੋਈ ਦਲਦਲ ਲਗਦੀ ਹੈ
ਜਿਨ੍ਹਾਂ ਵਿੱਚ ਸ਼ਰਾਰਤਾਂ ਕਰਦੇ ਹੋਏ ਬੱਚੇ ਨਰਕ ਦਾ ਦ੍ਰਿਸ਼ ਦਿਸਦੇ ਹਨ
ਜਿਨ੍ਹਾਂ ਵਿੱਚ ਉਠਦੀ ਜਵਾਨੀ ਹਕੂਮਤ ਲਈ ਵੀ ਆਫ਼ਤ ਹੁੰਦੀ ਹੈ
ਤੇ ਮਾਪਿਆਂ ਲਈ ਵੀ
ਜਿਹਨਾਂ ਵਿਚ ਗੋਡਿਆਂ ਤੋਂ ਉੱਤੇ
ਤੇ ਗਰਦਣ ਤੋਂ ਥੱਲੇ ਹੀ ਹੋ ਜਾਂਦਾ ਹੈ ਮੁਕੰਮਲ ਔਰਤ ਦਾ ਜਿਸਮ
ਉਹ ਰਿਸ਼ਤੇ ਜੀਣ ਜੋਗੀ ਇਸ ਪਵਿੱਤਰ ਧਰਤੀ 'ਤੇ
ਮਾਰਖੋਰੇ ਸਾਹਨਾਂ ਦੀ ਉਡਾਈ ਹੋਈ ਧੂੜ ਹੁੰਦੇ ਹਨ
ਉਹ ਰਿਸ਼ਤੇ ਹੋਰ ਹੁੰਦੇ ਹਨ

ਇਹ ਰਿਸ਼ਤੇ ਹੋਰ ਹਨ, ਜੋ ਭੋਗੇ ਜਾਂਦੇ ਹਨ, ਅਜੇ ਸਮਝੇ ਨਹੀਂ ਜਾਂਦੇ
ਇਹ ਰਿਸ਼ਤੇ ਸਿਸਕਦੇ ਹਨ ਘਾਹ ਦੀ ਪੰਡ ਖੋਤਣ ਲਈ
ਆਡਾਂ ਵਿੱਚ ਖ਼ਰਗੋਸ਼ ਵਾਂਗੂੰ ਲੁਕੇ ਹੋਏ ਘਾਹੀਆਂ
ਤੇ ਟੋਕਾ ਫੇਰਦੇ ਉਸ ਰੋਣ ਹਾਕੇ ਜੱਟ ਦੇ ਵਿਚਾਲੇ
ਜਿਸ ਦਾ ਬਾਰ ਬਾਰ ਰੁਕ ਰਿਹਾ ਹੈ ਰੁੱਗ
ਇਹ ਰਿਸ਼ਤੇ ਚੀਕਦੇ ਹਨ
ਮੰਡੀਆਂ ਵਿੱਚ ਕਣਕ ਸੁੱਟਣ ਆਏ
ਮੂੰਹ ਜਹੇ ...ਬੈਠੇ ਉਨ੍ਹਾਂ ਕਿਸਾਨਾਂ ਵਿੱਚ
ਜੋ ਨਾਲ ਦੇ ਨੂੰ ਇਹ ਨਹੀਂ ਪੁੱਛਦੇ
ਕਿ ਅਗਲਾ ਮੱਲੀਆਂ ਤੋਂ ਆਇਆ ਹੈ ਕਿ ਤਲਵੰਡੀਓਂ
ਪਰ ਉਨ੍ਹਾਂ ਵਿਚਲੀ ਉਦਾਸ ਚੁੱਪ ਪੁੱਛਦੀ ਹੈ
ਪੁੜੀਆਂ 'ਚ ਵਿਕਦੀ ਰਸਦ ਕਿਸ ਤਰ੍ਹਾਂ ਡਕਾਰ ਜਾਂਦੀ ਹੈ
ਬੱਦਲਾਂ ਨੂੰ ਛੋਂਹਦੇ ਬੋਹਲ... … …

ਤੂੰ ਕਿਵੇਂ ਰਹਿੰਦੀ ਹੀ ਜਾਨੀ ਏਂ ਮਾਂ


ਤੂੰ ਗ਼ਮ ਨਾ ਲਾਇਆ ਕਰ
ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿਤਾ ਹੈ
ਪਤੈ ? ਉਹ ਕਹਿੰਦੇ ਸੀ-ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ
ਉਹ ਝੂਠ ਕਹਿੰਦੇ ਨੇ ਮਾਂ, ਤੂੰ ਮੈਨੂੰ ਹੁਣ ਉਥੇ ਬਿਲਕੁਲ ਨਾ ਜਾਣ ਦਈਂ
ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ
ਉਹ ਲੋਕ ਓਹੀਓ ਨੇ ਜਿਨਾਂ ਮੈਥੋਂ ਵੱਡੇ ਨੂੰ
ਤੈਥੋਂ ਵਿਛੋੜ ਦਿਤਾ ਸੀ
ਤੂੰ ਗ਼ਮ ਨਾ ਲਾਇਆ ਕਰ
ਮੈਂ ਉਸ ਸਾਲੇ ਅਸ਼ਿਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ
ਤੇਰੇ ਕਦਮਾਂ ਤੇ ਪਟਕ ਦਿਆਂਗਾ
ਤੂੰ ਉਹਤੋਂ ਮੈਥੋਂ ਵੱਡੇ ਦੀ ਲਾਸ਼ ਮੰਗੀਂ
ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ
ਨਵਿਆਂ ਮੁੰਡਿਆਂ ਦੇ ਸਿਰ ਤੇ ਘੁਮਾਉਂਦੇ ਹਨ
ਤੂੰ ਰੋਂਦੀ ਕਿਉਂ ਏਂ ਮਾਂ
ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ
ਤੇ ਫਿਰ ਅਸੀਂ ਸਾਰੇ ਭੈਣ ਭਰਾ
ਇਕੱਠੇ ਹੋ ਕੇ ਪਹਿਲਾਂ ਵਾਂਗ ਠਹਾਕੇ ਲਾਇਆ ਕਰਾਂਗੇ
ਬਚਪਨ ਦੇ ਉਨ੍ਹਾਂ ਦਿਨਾਂ ਵਾਂਗ
ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ੍ਹ ਕੇ
ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ
ਤੇ ਤੂੰ ਹੱਥ ਵਧਾ ਕੇ ਟੋਂਹਦੀ ਹੋਈ
ਸਾਨੂੰ ਲੱਭਿਆ ਕਰਦੀ ਸੈਂ
ਜਾਂ ਬਿਲਕੁਲ ਓਦੋਂ ਵਾਂਗ ਜਦ ਮੈਂ ਪਿੱਠ ਉਤੇ
ਚੂੰਢੀ ਭਰਕੇ ਦੌੜ ਜਾਂਦਾ ਸਾਂ
ਅਤੇ ਤੂੰ ਗੁੱਸੇ ਵਿਚ ਮੇਰੇ ਪਿਛੇ
ਵੇਲਣਾ ਵਗਾਹ ਕੇ ਮਾਰਦੀ-
ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ
ਤੈਨੂੰ ਬੜਾ ਹੀ ਸਤਾਉਂਦਾ ਸਾਂ ।

ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਏ ਨਾ ਮਾਂ?
ਉਹ ਬੜਾ ਸਾਊ ਸੀ-ਇਕ ਵਾਰ ਚੇਤਾ ਏ-?
ਜਦ ਉਹ ਟਾਹਲੀ ਛਾਂਗਦਾ ਹੋਇਆ ਡਿਗ ਪਿਆ ਸੀ
ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ
ਤਾਂ ਕਿ ਸਦਮੇ ਨਾਲ ਤੂੰ ਗਸ਼ ਨਾ ਖਾ ਜਾਏਂ
ਤੇ ਭੈਣ ਓਦੋਂ ਕਿੰਨੀ ਛੋਟੀ ਸੀ
ਬਿਲਕੁਲ ਗੁੱਡੀ ਜਿਹੀ
ਹੁਣ ਉਹ ਸ਼ਹਿਰ ਜਾ ਕੇ ਕੀ ਕੀ ਸਿੱਖ ਗਈ ਹੈ
ਪਰ ਤੂੰ ਗ਼ਮ ਨਾ ਲਾਇਆ ਕਰ ਮਾਂ
ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ
ਫੇਰ ਮੈਂ ਤੇ ਬਬਲੂ
ਏਸੇ ਤਰਾਂ ਤੇਰੀ ਗੋਦ 'ਚ ਪੈ ਕੇ
ਪਰੀਆਂ ਦੀਆਂ ਕਹਾਣੀਆਂ ਸੁਣਿਆਂ ਕਰਾਂਗੇ
ਤੇ ਜ਼ਿਕਰ ਛੇੜਿਆ ਕਰਾਂਗੇ
ਉਸ.....ਤਾਮੁਲੁਕ ਬਾਰੇ
ਜੋ ਕਦੀ.....ਤਾਮਰ ਲਿਪਤੀ ਹੋਇਆ ਕਰਦਾ ਸੀ

ਆਪਾਂ ਮਾਂ- ਕਿਤੇ ਦੂਰ ਚਲੇ ਜਾਵਾਂਗੇ
ਜਿੱਥੇ ਸਿਰਫ਼ ਪੰਛੀ ਰਹਿੰਦੇ ਨੇ
ਜਿੱਥੇ ਅਸਮਾਨ ਕੇਵਲ ਤੰਬੂ ਕੁ ਹੀ ਜੇਡਾ ਨਹੀਂ
ਜਿੱਥੇ ਦਰਖਤ ਲੋਕਾਂ ਵਰਗੇ ਨੇ
ਲੋਕ ਦਰਖਤਾਂ ਵਰਗੇ ਨਹੀਂ
ਮਾਂ ਤੂੰ ਗ਼ਮ ਨਾ ਲਾ
ਆਪਾਂ ਫੇਰ ਇਕ ਵਾਰ ਉਨ੍ਹਾਂ ਦਿਨਾਂ ਵੱਲ ਪਰਤ ਜਾਵਾਂਗੇ-
ਉੱਥੇ, ਜਿੱਥੋਂ ਸ਼ਹਿਰ ਦਾ ਰਸਤਾ
ਇਕ ਬਹੁਤ ਵੱਡੇ ਜੰਗਲ 'ਚੋਂ ਦੀ ਹੋ ਕੇ ਜਾਂਦਾ ਹੈ।

ਨਾਚ ਬੋਲੀਆਂ


ਬਾਗ ਲਵਾਇਆ ਬਗੀਚਾ ਲਵਾਇਆ ਵਿੱਚ-ਵਿੱਚ ਫਿਰਦੇ ਮੋਰ
ਅਸੀਂ ਹੁਣ ਨਹੀਂ ਛੱਡਣੇ ਇਹੇ ਫਸਲਾਂ ਦੇ ਚੋਰ,
ਹੁਣ ਅਸਾਂ ਨਹੀਂ ਛੱਡਣੇ...

ਕਿੱਕਰਾਂ ਵੀ ਲੰਘ ਗਈ ਬੇਰੀਆਂ ਵੀ ਲੰਘ ਗਈ
ਲੰਘਣਾ ਰਹਿ ਗਿਆ ਖਾਲਾ ਲੋਕਾਂ ਨੂੰ ਡਰ ਕੋਈ ਨਾ
ਹੋਊ ਸਰਕਾਰ ਨੂੰ ਪਾਲਾ ਲੋਕਾਂ ਨੂੰ ਡਰ ਕੋਈ ਨਾ...

ਤਿੱਖੀ ਨੋਕ ਦੀ ਜੁੱਤੀ ਵੀ ਘਸ ਗਈ ਨਾਲੇ ਘਸ ਗਈਆਂ ਖੁਰੀਆਂ
ਬਈ ਮਾਰੋ-ਮਾਰੀ ਕਰਦੀਆਂ ਯਾਰੋ ਫ਼ੌਜਾਂ ਕਿੱਧਰ ਨੂੰ ਤੁਰੀਆਂ
ਬਈ ਫ਼ੌਜਾਂ ਤੁਰੀਆਂ ਜੰਗ ਜਿੱਤਣੇ ਨੂੰ ਡੰਡੀਆਂ ਸੜਕਾਂ ਭੁਰੀਆਂ
ਫ਼ੌਜਾਂ ਜਨਤਾ ਦੀਆਂ ਕਦੋਂ ਮੋੜਿਆਂ ਮੁੜੀਆਂ ।
ਫ਼ੌਜਾਂ ਜਨਤਾ ਦੀਆਂ...

ਗਾਂ ਨਹੀ ਮਿਲਦੀ, ਵੱਛਾ ਨਹੀਂ ਝੱਲਦੀ, ਗਾਂ ਨੂੰ ਨਿਆਣਾ ਪਾ ਲਉ
(ਬਈ) ਵੋਟਾਂ ਲੈ ਕੇ ਇੰਦਰਾ ਮੁੱਕਰ ਗਈ, ਪਰ੍ਹੇ ਦੇ ਵਿੱਚ ਬਿਠਾ ਲਉ
(ਬਈ) ਇੰਦਰਾ ਨੇ ਸਾਡੀ ਗੱਲ ਨਹੀਂ ਸੁਣਨੀ, ਡਾਂਗੀਂ ਸੰਮ ਚੜ੍ਹਾ ਲਉ
(ਬਈ) 'ਕੱਠੇ ਹੋ ਕੇ ਕਰੀਏ ਹੱਲਾ, ਹਾਕਮ ਲੰਮੇ ਪਾ ਲਉ
ਜ਼ੁਲਮ ਦੀ ਜੜ੍ਹ ਵੱਢਣੀ, ਦਾਤੀਆਂ ਤੇਜ਼ ਕਰਾ ਲਉ
ਜ਼ੁਲਮ ਦੀ ਜੜ੍ਹ ਵੱਢਣੀ...

ਕਰ ਲਾ, ਕਰ ਲਾ ਜ਼ੁਲਮ ਹਕੂਮਤੇ ਮਾਰ ਲਾ ਡਾਕੇ ਧਾੜੇ
(ਨੀ) ਜਾਂ ਅੱਤ ਚੁੱਕਦੇ ਬਾਹਲੇ ਪਾਪੀ ਜਾਂ ਅੱਤ ਚੁੱਕਦੇ ਮਾੜੇ
(ਨੀ) ਤੇਰੇ ਤਾਂ ਦਿਨ ਲੱਗਦੇ ਥੋੜ੍ਹੇ ਲੱਛਣ ਦਿਸਦੇ ਮਾੜੇ
(ਨੀ) ਜ਼ੁਲਮ ਤੇਰੇ ਦੀ ਕਿਸਮ ਪੁਰਾਣੀ ਨਵੇਂ ਨਾ ਕੋਈ ਪਵਾੜੇ
(ਨੀ) ਚੁਣ ਚੁਣ ਕੇ ਅਣਖੀਲੇ ਯੋਧੇ ਤੂੰ ਜੇਲ੍ਹਾਂ ਵਿੱਚ ਤਾੜੇ
ਗੱਜਦੇ ਸ਼ੇਰਾਂ ਨੇ ਕਦੇ ਨਾ ਕੱਢਣੇ ਹਾੜੇ ।
ਗੱਜਦੇ ਸ਼ੇਰਾਂ ਨੇ...

ਹੋਰਨਾਂ ਤਾਂ ਪਾ ਲਏ ਬੰਗਲੇ ਕੋਠੀਆਂ ਤੂੰ ਕਿਉਂ ਪਾ ਲਈ ਛੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ਭੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ...

ਪਾਲੋ ਪਾਲ ਮੈਂ ਡੇਕਾਂ ਲਾਈਆਂ ਉੱਤੇ ਦੀ ਲੰਘ ਗਈ ਤਿੱਤਰੀ
ਵੱਡੀ ਹਵੇਲੀ 'ਚੋਂ ਕੋਈ ਧਾਹਾਂ ਮਾਰਦੀ ਨਿੱਕਲੀ
ਵੱਡੀ ਹਵੇਲੀ ਚੋਂ ...

ਤੇਰੀ ਮੇਰੀ ਲੱਗ ਗਈ ਟੱਕਰ ਲਗ ਗਈ ਸ਼ਰੇ ਬਜਾਰ
ਤੂੰ ਆਪਣੀ ਦੌਲਤ ਤੋਂ ਬੜਕੇਂ ਮੇਰਾ 'ਸੱਚ' ਹਥਿਆਰ
ਮੈਨੂੰ ਛਿੜਿਆ ਰੋਹ ਦਾ ਕਾਂਬਾ ਤੈਨੂੰ ਚੜ੍ਹੇ ਬੁਖਾਰ
ਨਾਲੇ ਲੈਣਾ ਤੈਨੂੰ ਮਿੱਥ ਕੇ ਨਾਲੇ ਤੇਰੀ ਸਰਕਾਰ
ਸਾਂਭ ਮੇਰਾ ਹੁਣ ਵਾਰ ਅੱਜ ਤਾਈਂ ਤੂੰ ਲੁੱਟਿਆ...

ਰੱਬ ਨਾ ਕਰੇ ਕਿ ਅਸੀਂ ਭੁਲ ਜਾਈਏ


ਰੱਬ ਨਾ ਕਰੇ ਕਿ ਅਸੀਂ ਭੁਲ ਜਾਈਏ
ਬਰਸ਼ੀ ਵਾਂਗ ਹੱਡਾਂ ਵਿਚ ਖੁੱਭੇ ਹੋਏ ਸਾਲਾਂ ਨੂੰ
ਜਦ ਹਰ ਘੜੀ ਕਿਸੇ ਬਿਫਰੇ ਹੋਏ ਸ਼ਰੀਕ ਵਾਂਗ ਸਿਰ 'ਤੇ ਗੜ੍ਹਕਦੀ ਰਹੀ
ਜਦ ਦਿਸਹੱਦੇ 'ਤੇ ਤਰਦੇ ਰਹੇ
ਕਰਜ਼ੇ ਦੀ ਬਣੀ ਮਿਸਲ ਤੋਂ ਨੀਲਾਮੀ ਦੇ ਦ੍ਰਿਸ਼
ਜਦ ਅਸੀਂ ਸੁਬਕ ਜਹੀਆਂ ਧੀਆਂ ਦੀਆਂ
ਅੱਖਾਂ 'ਚ ਅੱਖ ਪਾਉਣੋ ਡਰੇ
ਰੱਬ ਨਾ ਕਰੇ ਕਿ ਭੁੱਲ ਜਾਈਏ
ਜਦ ਅਸੀਂ ਵਰਤੇ ਗਏ ਧਮਕੀਆਂ ਨਾਲ ਭਰੇ ਭਾਸ਼ਣ ਸੁਣਨ ਲਈ
ਰੱਬ ਨਾ ਕਰੇ ਕਿ ਕੋਈ ਭੁੱਲ ਜਾਵੇ
ਕਿਵੇਂ ਧਰਤੀ ਦੀਆਂ ਮਾਸੂਮ ਗੱਲ੍ਹਾਂ ਨੂੰ ਲਹੂ ਮਲਿਆ ਗਿਆ
ਜਦ ਚੁਣੇ ਹੋਏ ਵਿਧਾਇਕ
ਆਪਣੀ ਵਾਰੀ ਲਈ ਕੁੱਤਿਆਂ ਦੇ ਵਾਂਗ ਹਿੜਦੇ ਰਹੇ
ਅਤੇ ਸੜਕਾਂ 'ਤੇ ਹੜਤਾਲੀਏ ਮਜ਼ਦੂਰਾਂ ਦਾ ਸ਼ਿਕਾਰ ਖੇਡ ਹੁੰਦਾ ਰਿਹਾ
ਜਦ ਲਹੂ ਨਾਲ ਗੱਚ ਦੀਦਿਆਂ ਨੂੰ
ਠੁਠ ਦਿਖਲਾਉਂਦੇ ਰਹੇ ਅਖਬਾਰਾਂ ਦੇ ਪੰਨੇ
ਤੇ ਅਸੈਂਬਲੀਆਂ 'ਚ ਹੋਏ ਠਾਠ ਦੇ ਚੋਹਲਾਂ ਦਾ ਜ਼ਿਕਰ
ਨਿਗਲ ਜਾਂਦਾ ਰਿਹਾ
ਬੰਗਲੌਰ ਵਿਚ ਹਿੱਕਾਂ ਛਣਨੀ ਹੋਣ ਦੀ ਸੁਰਖੀ
ਜਦ ਰੇਡੀਓ ਸਾਬਤ ਰਿਹਾ
ਤੇ ਮਗਰਮੱਛ ਮੁੱਖ ਮੰਤਰੀ
ਢਿੱਡ 'ਚ ਪਈਆਂ ਲੋਥਾਂ ਨੂੰ ਪੁੱਤਾਂ ਦੀ ਥਾਂ ਦੱਸਦਾ ਰਿਹਾ
ਜਦ ਪਿੰਜੇ ਗਏ ਸ਼ਾਹਕੋਟ ਦੀਆਂ ਚੀਕਾਂ ਨੂੰ ਜਾਮ ਕਰਦਾ ਰਿਹਾ
ਇਕ ਠਿਗਣੇ ਜਹੇ ਡੀ ਐਸ ਪੀ ਦਾ ਹਾਸਾ

ਮੇਰੀ ਬੁਲਬੁਲ


ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ
ਬਾਗਾਂ 'ਚੋਂ ਬਾਹਰ ਆ
ਅਤੇ ਸੜਕਾਂ 'ਤੇ ਭਟਕਦੀਆਂ ਰੂਹਾਂ ਵਲ ਵੇਖ ਕੇ 
ਭੌਂਕਣਾ ਜਾਂ ਰੋਣਾ ਸ਼ੁਰੂ ਕਰ 
ਹੁਣ ਤੇਰੇ ਗੀਤ ਨੂੰ ਸੁਣ ਕੇ 
ਕੋਈ ਵੀ ਬੀਮਾਰ ਰਾਜ਼ੀ ਨਹੀ ਹੋਏਗਾ 
ਆਖਰ ਏਹੀਓ ਸੀ ਨਾ ਗੀਤ 
ਜੋ ਰੁੱਖ ਦੀਆਂ ਟਾਹਣੀਆਂ 'ਤੇ ਤਰੇਲ ਵਾਂਗ ਜੰਮ ਗਿਆ 
ਤੇ ਸੂਰਜ ਦੀ ਮਾਮੂਲੀ ਜਿਹੀ ਚਿਪਰ ਤੋਂ ਝਉਂ ਕੇ 
ਭਾਫ਼ ਬਣ ਕੇ ਉੱਡ ਗਿਆ

ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ-
ਇਹਨੇ ਘੜੀ ਦੀਆਂ ਸੂਈਆਂ ਨੂੰ ਵੱਢ ਖਾਧਾ ਹੈ
ਦੀਵਾਰਾਂ ਨੂੰ ਚੱਕ ਮਾਰੇ ਹਨ ਅਤੇ ਗਮਲਿਆਂ ਤੇ ਮੂਤਿਆ ਹੈ
ਇਹ ਖਵਰੇ ਹੋਰ ਕੀ ਕਰਦਾ, ਜੇ ਸਰਕਾਰ ਦੇ ਬੰਦੇ ਏਸ ਨੂੰ ਪਟਾ ਪਾ ਕੇ
ਬੰਗਲਿਆਂ ਦੇ ਫਾਟਕਾਂ 'ਤੇ ਨਾ ਬੰਨ੍ਹਦੇ
ਮੇਰੀ ਬੁਲਬੁਲ ਆਪਣੇ ਕੰਮ ਹੁਣ ਕੁਝ ਹੋਰ ਤਰ੍ਹਾਂ ਦੇ ਹਨ
ਹੁਣ ਆਪਾਂ ਜੀਣ ਵਰਗੀ ਹਰ ਸ਼ਰਤ ਨੂੰ ਹਾਰ ਚੁੱਕੇ ਹਾਂ
ਮੈਂ ਹੁਣ ਬੰਦੇ ਦੀ ਬਜਾਇ ਘੋੜਾ ਬਣਨਾ ਚਾਹੁੰਦਾ ਹਾਂ
ਇਨ੍ਹਾਂ ਇਨਸਾਨੀ ਹੱਡਾਂ 'ਤੇ ਤਾਂ ਕਾਠੀ ਬਹੁਤ ਚੁਭਦੀ ਹੈ
ਮੇਰੀ(ਆਂ) ਬਰਾਛਾਂ ਤੇ ਕੜਿਆਲਾ ਪੀੜ ਕਰਦਾ ਹੈ
ਮੇਰੇ ਇਨਸਾਨੀ ਪੈਰ ਗ਼ਜ਼ਲ ਦੇ ਪਿੰਗਲ ਵਰਗੀ ਟਾਪ ਨਹੀਂ ਕਰਦੇ
ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ

ਕੁਜਾਤ


ਤੂੰ ਆਦਮੀ ਦੀ ਜਾਤ ਨਹੀਂ
ਕੁਜਾਤ ਸੀ
ਜਿਸ ਨੂੰ ਪਹਿਲੀ ਵਾਰ ਦੁਨੀਆਂ 'ਤੇ
ਕਿਸੇ ਜਾਸੂਸ ਦੀ ਜ਼ਰੂਰਤ ਪਈ
ਤੂੰ ਜਿਸਨੇ ਪਹਿਲੀ ਵਾਰ
ਮਹਾਂਬਲੀ ਇਨਸਾਨ ਦਾ ਸ਼ਿਕਾਰ ਕਰਨ ਦੀ ਸੋਚੀ
ਤੇਰੇ ਅੰਦਰ ਕਦੀ ਸਵੇਰ ਨਹੀਂ ਗਾਈ ਹੋਣੀ
ਤੂੰ ਬਹੁਤ ਲੰਮੀ ਕਾਲੀ ਬੋਲੀ ਰਾਤ ਦੀ ਅਗੇਤਰ ਸੰਝ ਸੀ
ਤੂੰ ਧੁਖ ਰਹੇ ਅਸਮਾਨ ਨੂੰ ਮੌਰਾਂ 'ਤੇ ਢੋਅ ਕੇ
ਸੁੱਟ ਗਿਆ ਏਂ ਬੀਜਾਂ ਅੰਦਰ ਸੌਂ ਰਹੀ ਹਰਿਆਵਲ 'ਤੇ
ਦੁਨੀਆਂ ਭਰ ਦੇ ਸ਼ਹੀਦਾਂ ਦੀ ਜਰੀ ਹੋਈ ਪੀੜ ਨਾਲ
ਮਸਾਂ ਹੀ ਅੱਧ-ਪਚੱਧੀ ਮਿਣੀ ਗਈ ਹੈ
ਤੇਰੀ ਕਰੂਪ ਲਾਸ਼
ਲਾਸ਼ ਤੇਰੀ ਦਾ ਕੋਝ ਬਦੀ ਨੂੰ ਉੱਠਦੇ
ਹਰ ਹਥਿਆਰ ਦਾ ਦਸਤਾ ਏਂ ਤੂੰ
ਜਿਸ ਨੂੰ ਪਹਿਲੀ ਵਾਰ ਕਿਸੇ ਜਾਸੂਸ ਦੀ ਜ਼ਰੂਰਤ ਪਈ

ਹਸਰਤ


ਜ਼ਿੰਦਗੀ !
ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ-
ਇਹ ਵਰ੍ਹਿਆਂ ਦੇ ਖਿਡੌਣੇ
ਬਹੁਤ ਨਾਜ਼ੁਕ ਹਨ !
ਜਿਹਨੂੰ ਵੀ ਹੱਥ ਲਾਵਾਂ
ਟੁਕੜਿਆਂ ਵਿਚ ਖਿੰਡ ਜਾਂਦਾ ਹੈ ।
ਹੁਣ ਇਹਨਾਂ ਮੂੰਹ ਚਿੜਾਉਂਦੇ ਟੁਕੜਿਆਂ ਨੂੰ
ਉਮਰ ਕੀਕਣ ਆਖ ਦੇਵਾਂ ਮੈਂ,
ਅੜੀਏ, ਕੋਈ ਤਾਂ ਟੁਕੜਾ
ਸਮੇਂ ਦੇ ਪੈਰ ਵਿਚ ਵੱਜ ਕੇ
ਫਰਸ਼ ਨੂੰ ਲਾਲ ਕਰ ਦੇਵੇ !

ਸਾਡੇ ਲਹੂ ਨੂੰ ਆਦਤ ਹੈ


ਸਾਡੇ ਲਹੂ ਨੂੰ ਆਦਤ ਹੈ 
ਮੌਸਮ ਨਹੀਂ ਵੇਂਹਦਾ, ਮਹਿਫਲ ਨਹੀਂ ਵੇਂਹਦਾ 
ਜਿੰਦਗੀ ਦੇ ਜਸ਼ਨ ਵਿਢ ਲੈਂਦਾ ਹੈ 
ਸੂਲੀ ਦੇ ਗੀਤ ਛੋਹ ਲੈਂਦਾ ਹੈ 

ਸ਼ਬਦ ਨੇ ਕਿ ਪੱਥਰਾਂ 'ਤੇ ਵਗ ਵਗ ਕੇ ਘਸ ਜਾਂਦੇ ਹਨ 
ਲਹੂ ਹੈ ਕਿ ਤਦ ਵੀ ਗਾਉਂਦਾ ਹੈ 
ਜ਼ਰਾ ਸੋਚੋ ਕਿ ਰੁੱਸੀਆਂ ਸਰਦ ਰਾਤਾਂ ਨੂੰ ਮਨਾਵੇ ਕੌਣ ? 
ਨਮੋਹੇ ਪਲਾਂ ਨੂੰ ਤਲੀਆਂ ਉੱਤੇ ਖਿਡਾਵੇ ਕੌਣ ? 
ਲਹੂ ਹੀ ਹੈ ਜੋ ਨਿੱਤ ਧਾਰਾਂ ਦੇ ਹੋਠ ਚੁੰਮਦਾ ਹੈ 
ਲਹੂ ਤਾਰੀਖ ਦੀਆਂ ਕੰਧਾਂ ਨੂੰ ਉਲੰਘ ਆਉਂਦਾ ਹੈ 
ਇਹ ਜਸ਼ਨ ਇਹ ਗੀਤ ਕਿਸੇ ਨੂੰ ਬੜੇ…ਨੇ
ਜੋ ਕੱਲ ਤੀਕ ਸਾਡੇ ਲਹੂ ਦੇ ਚੁੱਪ ਦਰਿਆ 'ਚ 
ਤੈਰਨ ਦੀ ਮਸ਼ਕ ਕਰਦੇ ਸਨ ।

ਪੱਤਣ ਝਨਾਂ ਦਾ ਯਾਰ


ਮੈਂ ਤਾਂ ਆਪੇ ਹੀ ਲੰਘ ਆਉਣਾ ਹੈ ਪੱਤਣ ਝਨਾਂ ਦਾ ਯਾਰ
ਤੇਰੇ ਮਾਸ ਦੇ ਲਾਲਚ ਦੀ ਖ਼ੁਦਗਰਜ਼ੀ ਨਹੀ ।

ਕੱਚੇ ਪੱਕੇ 'ਤੇ ਹੀ ਕਰ ਲੈਣਾ ਹੈ ਹਰ ਹਾਲ 'ਚ ਇਤਬਾਰ
ਜਾਨ ਦਾ ਖੌ ਨਹੀਂ ਪਰਖਣ ਦੀ ਸਿਰਦਰਦੀ ਨਹੀਂ ।

ਜਾਹ ਸੌਂ ਆਪਣੀ ਝੁੱਗੀ ਵਿੱਚ, ਨਾ ਪੱਤਣ 'ਤੇ ਹੋ ਖੁਆਰ
ਤੇਰੀ ਘੁਮਿਆਰੀ ਤਾਂ ਸਾਹਿਬਾਂ ਦੇ ਵਰਗੀ ਨਹੀਂ ।

ਸਦਾ ਖਹਿ ਕੇ ਤੂਫ਼ਾਨਾਂ ਸੰਗ ਹੀ ਚੜ੍ਹਦਾ ਹੈ ਸਿਰੇ ਪਿਆਰ
ਲਹਿਰਾਂ ਤੋਂ ਦੁਬਕ ਜਾਣਾ ਮੇਰੀ ਮਰਜ਼ੀ ਨਹੀਂ ।

ਮੈਂ ਤਾਂ ਹਰ ਰਾਤ ਲਹਿਰਾਂ ਨਾਲ ਕਰਦੀ ਆਈ ਹਾਂ ਖਿਲ੍ਹਾਰ
ਮੇਰੇ ਮਰਨੇ ਤੇ ਸਿਦਕ ਦੀ ਗੱਲ ਮਰਦੀ ਨਹੀਂ ।

ਮੇਰੇ ਮਹੀਂਵਾਲ ਤੇਰੀ ਜਦ ਜਦ ਵੀ ਟੁਣਕੇਗੀ ਸਿਤਾਰ
ਤੇਰੀ ਬੰਦੀ ਹਾਂ ਢਿੱਲ ਠਿਲ੍ਹ ਪੈਣ ਤੋਂ ਕਰਦੀ ਨਹੀਂ ।

ਡੁੱਬਦਾ ਚੜ੍ਹਦਾ ਸੂਰਜ


ਡੁੱਬਦਾ ਚੜ੍ਹਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ
ਫੜ ਲਓ ਇਹ ਤਾਂ ਨਕਸਲੀਆ ਹੈ ਕੇਹੀ ਗੱਲ ਸ਼ਰੇਆਮ ਕਹੇ ।

ਖੇਤਾਂ ਵਿਚ ਚਰੀਆਂ ਦੇ ਦੁੰਬੇ ਮੁੱਕਿਆਂ ਵਾਗੂੰ ਤਣੇ ਹੋਏ
ਖੜਕ ਖੜਕ ਕੇ ਰੁੱਖ ਟਾਹਲੀ ਦਾ ਜੂਝਣ ਦਾ ਪੈਗਾਮ ਕਹੇ ।

ਤੂੰਬਾ ਤੂੰਬਾ ਸੂਹੇ ਬੱਦਲ ਰੋਹਲੇ ਅੱਖਰ ਬਣੇ ਪਏ 
ਲੋਕ-ਯੁੱਧ ਅੰਬਰ ਵਿਚ ਛੁਪਿਆ, ਕ੍ਰਾਂਤੀ ਦਾ ਐਲਾਨ ਕਹੇ ।

ਚਿੜੀਆਂ ਦਾ ਝੁੰਡ ਅੱਥਰਾ ਹੋਇਆ, ਝਪਟ ਝਪਟ ਕੇ ਮੁੜ ਜਾਵੇ
ਦੱਸੇ ਜਾਚ ਗੁਰੀਲਾ ਯੁੱਧ ਦੀ, ਯੋਧਿਆਂ ਨੂੰ ਪ੍ਰਣਾਮ ਕਹੇ ।

ਮੌਸਮ ਨੂੰ ਜੇਲ੍ਹਾਂ ਵਿਚ ਪਾਵੋ, ਨਹੀਂ ਤਾਂ ਸਭ ਕੁਝ ਚੱਲਿਆ ਜੇ
ਤੜਕਾ ਆਖੇ ਤਕੜੇ ਹੋਵੋ ਮੁੜ ਉੱਠਣ ਲਈ ਸ਼ਾਮ ਕਹੇ ।

ਜ਼ੱਰਾ ਜ਼ੱਰਾ ਕੂਕ ਰਿਹਾ ਹੈ ਕਵੀਆਂ ਦਾ ਕੋਈ ਦੋਸ਼ ਨਹੀਂ 
ਕਵੀ ਤਾਂ ਸਿੱਧੇ ਸਾਦੇ ਹੁੰਦੇ ਲਿਖਦੇ ਜੋ ਸੰਗ੍ਰਾਮ ਕਹੇ ।

ਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ


ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ।

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ।

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ।

ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ।

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ।

ਸਭ ਤੋਂ ਖ਼ਤਰਨਾਕ


ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ -ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ 
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ 
ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।

ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।

ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ ।

ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ 'ਤੇ

ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।

ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ


ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
ਜਿੱਦਾਂ ਮੂੰਹ-ਜ਼ੁਬਾਨੀ ਗੀਤ ਹੁੰਦੇ ਹਨ
ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਉਂ ਪੈਂਦਾ ਹੈ

ਮੂੰਹ ਜ਼ੋਰ ਤ੍ਰਿਕਾਲਾਂ ਦੇ ਖੜਕੇ 'ਚੋਂ
ਤੇਰੇ ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ
ਤੇਰੇ ਟੱਲੀ ਵਾਂਗ ਲਹਿਰਾਂ 'ਚ ਟੁਟਦੇ
ਸੰਖ ਦੀ ਆਵਾਜ਼ ਵਾਂਗ ਮੈਂ ਚਾਹੁੰਦਾ ਹਾਂ
ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ
ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਵਿਚ ਤਰਦੀ ਫਿਰੇਂ

ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਜਿਵੇਂ ਹਾਰਨ ਬਾਅਦ ਕੋਈ ਅਣਖੀ
ਵੈਰੀ ਦੀਆਂ ਅੱਖਾਂ 'ਚ ਤੱਕਦਾ ਹੈ
ਮੈਂ ਨਿੱਕੀ ਨਿੱਕੀ ਲੋਅ ਵਿਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ 

ਸੁਫ਼ਨੇ


ਸੁਫ਼ਨੇ
ਹਰ ਕਿਸੇ ਨੂੰ ਨਹੀਂ ਆਉਂਦੇ
ਬੇਜਾਨ ਬਰੂਦ ਦੇ ਕਣਾਂ 'ਚ
ਸੁੱਤੀ ਅੱਗ ਨੂੰ ਸੁਫ਼ਨੇ ਨਹੀਂ ਆਉਂਦੇ
ਬਦੀ ਲਈ ਉੱਠੀ ਹੋਈ ਹਥੇਲੀ ਉਤਲੇ ਮੁੜ੍ਹਕੇ ਨੂੰ
ਸੁਫ਼ਨੇ ਨਹੀਂ ਆਉਂਦੇ
ਸੁਫ਼ਨਿਆਂ ਲਈ ਲਾਜ਼ਮੀ ਹੈ
ਝਾਲੂ ਦਿਲਾਂ ਦਾ ਹੋਣਾ
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ
ਹੋਣੀ ਲਾਜ਼ਮੀ ਹੈ
ਸੁਫ਼ਨੇ ਇਸ ਲਈ
ਹਰ ਕਿਸੇ ਨੂੰ ਨਹੀਂ ਆਉਂਦੇ

ਵਫ਼ਾ


ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਆਵਾਜ਼ ਦੀ ਪਛਾਣ
ਭਾਸ਼ਾ ਜੋ ਮੈਂ ਸਿੱਖੀ ਸੀ, ਮਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ਼ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ ।
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਵੀ ਲਿਖਦਾ ਨਹੀਂ-ਤੇਰੇ ਧੁਪੀਲੇ ਅੰਗਾਂ ਦੀ ਸਿਰਫ ਪ੍ਰਛਾਈ ਫੜਦਾ ਹਾਂ
ਕਦੀ ਵੀ ਅੱਖਰ ਮੇਰੇ ਹੱਥਾਂ 'ਚੋਂ
ਤੇਰੀ ਤਸਵੀਰ ਹੀ ਬਣ ਕੇ ਨਿਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ-
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ-
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਆਕਾਸ਼ਾਂ ਨੂੰ
ਤੂੰ ਦੇਸ਼ ਹੀ ਰਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ 'ਚੋਂ ਕਿਸੇ ਨੂੰ ਕਤਲ ਹੋਣਾ ਪਏਗਾ

ਘਾਹ


ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ
ਬੰਬ ਸੁੱਟ ਦਿਉ ਭਾਵੇਂ ਵਿਸ਼ਵ-ਵਿਦਿਆਲੇ 'ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ 'ਤੇ ਉੱਗ ਆਵਾਂਗਾ
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ,
"ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ ।"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ

ਜਿਥੇ ਕਵਿਤਾ ਖ਼ਤਮ ਹੁੰਦੀ ਹੈ


ਟਪੂੰ-ਟਪੂੰ ਦੀ ਉਮਰੇ
ਜੋ ਹਲ ਮਗਰ ਫਿਰ ਫਿਰ ਕੇ
ਤੁਸੀਂ ਖੁੱਚਾਂ ਦਾ ਧੰਦਾ ਸਾਰ ਲੈਂਦੇ ਹੋ,
ਤੇ ਕੂਲੇ ਸੁਫ਼ਨਿਆਂ ਨੂੰ
ਮੁਸ਼ਕੇ ਹੋਏ ਕੁੜਤੇ ਦੇ ਨਾਲ
ਵਾੜ ਉੱਤੇ ਟੰਗ ਛੱਡਦੇ ਹੋ
ਕੌਣ ਲਾ ਸਕਦਾ ਤੁਹਾਡੀ ਜੀਭ ਨੂੰ ਤਾਲਾ
ਤੁਸੀਂ ਤਾਂ ਚਿੰਘਾੜੋਗੇ ਦਾਰੂ ਦੀ ਘੁੱਟ ਪੀ ਕੇ
ਤੁਸੀਂ ਨੰਗੇਜ ਕੱਢ ਦੇਵੋਗੇ ਸ਼ਬਦਾਂ 'ਚੋਂ
ਤੁਸੀਂ ਜਾ ਟਪਕੋਗੇ ਰਾਜੇ ਰਾਣੀ ਦੀ ਬਾਤ ਵਿਚ
ਫੁੱਲਾਂ ਦੇ ਭਾਰ ਤੁਲਦੀ ਉਸ ਰਾਜੇ ਦੀ ਬੇਟੀ ਨੂੰ
ਡਾਂਗ ਅੱਗੇ ਲਾ ਕੇ ਹੱਕਣ ਲਈ
ਜੋ ਹੋਣੀਆਂ ਨਾਲ ਘੁਲਣ ਦੀਆਂ ਰੱਖਦੀ ਹੈ ਸ਼ਰਤਾਂ
ਕੇਵਲ ਚਾਰ ਭਵਾਟਣੀਆਂ ਦੇ ਬਦਲੇ-

ਮੇਰੇ ਦੋਸਤੋ, ਕੀ ਦੱਸਾਂ
ਬੜਾ ਪੁਰਾਣਾ ਹੈ ਸਵਾਲਾਂ ਦਾ ਦਰਖ਼ਤ
ਤੇ ਇਸ ਦੇ ਪੱਤਿਆਂ ਨਾਲ ਲਾਡ ਕਰ ਰਹੀ ਹੈ
ਸਿਆਸਤ ਦੀ ਹਵਾ,
ਤੇ ਬਾਕੀ ਸਭ ਕੁਝ ਛੱਡ ਦਿੱਤਾ ਗਿਆ ਹੈ
ਕਹੀਆਂ, ਕੁਹਾੜੇ ਵਾਲਿਆਂ ਦੀ ਅਕਲ ਉਤੇ…

ਉਂਜ ਤਾਂ ਇਕ ਸਵਾਲ ਇਹ ਵੀ ਹੈ
ਕਿ ਸੁਫ਼ਨਿਆਂ ਦੇ ਉੱਡ ਰਹੇ ਰਾਕਟ ਦੇ
ਕਿਉਂ ਨਾਲ ਨਾਲ ਤੁਰਦੀ ਹੈ ਮਸਰਾਂ ਦੀ ਦਾਲ ?
ਤੇ ਇਹ ਵੀ ਕਿ
ਕਿਉਂ ਉੱਭਰ ਆਉਂਦਾ ਹੈ ਸੁਪਨਦੋਸ਼ ਦੇ ਸਮੇਂ
ਪਰੂੰ ਮਰ ਗਈ ਕੱਟੀ ਦਾ ਬਿੰਬ ?
ਮਾਫ਼ ਕਰਨਾ ਮੇਰੇ ਪਿੰਡ ਦੇ ਯਾਰੋ
ਕਵਿਤਾ ਲਿਖਣ ਵਾਲਾ ਇਹ ਪੜ੍ਹਾਕੂ ਮੁੰਡਾ
ਤੁਹਾਡੇ ਮਸਲਿਆਂ ਨੂੰ ਹਲ ਨਹੀਂ ਕਰ ਸਕਦਾ।
ਪੰਜ ਵਾਰੀ ਜੇਲ੍ਹ ਕੱਟ ਆਉਣਾ
ਜਾਂ ਦੂਰ ਸ਼ਹਿਰਾਂ ਦੀਆਂ ਸਟੇਜਾਂ ਉੱਤੇ
ਪੁਲਸ ਕੋਲੋਂ ਖਾਧੇ ਹੋਏ ਟੰਬਿਆਂ ਦਾ ਜ਼ਿਕਰ ਕਰਨਾ
ਤੁਹਾਡੀ ਸੜ ਰਹੀ ਦੁਨੀਆਂ ਲਈ
ਕਿਸੇ ਸੁਕੇ ਹੋਏ ਛੱਪੜ ਦੇ ਵਾਂਗ ਹੈ।

ਕਵਿਤਾ ਤੁਹਾਡੇ ਲਈ
ਵਿਰੋਧੀ ਪਾਰਟੀਆਂ ਦੇ ਬੈਂਚਾਂ ਵਰਗੀ ਹੈ
ਜੋ ਸਦਾ ਅੱਗ ਅੱਗ ਦਾ ਸ਼ੋਰ ਪਾਉਂਦੇ ਹਨ
ਅਤੇ ਅੱਗ ਨਾਲ ਖੇਡਣ ਦੀ ਮਨਾਹੀ ਨੂੰ
ਹਮੇਸ਼ਾ ਸਿਰ ਝੁਕਾਉਂਦੇ ਹਨ।
ਮਾਫ਼ ਕਰਨਾ ਮੇਰੇ ਪਿੰਡ ਦੇ ਯਾਰੋ
ਮੇਰੀ ਕਵਿਤਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ।

ਮਸਲਿਆਂ ਦਾ ਮਤਾ ਮੇਰੇ ਦੋਸਤੋ ਕੁਝ ਇਸ ਤਰ੍ਹਾਂ ਹੁੰਦੈ
ਕਿ ਕਵਿਤਾ ਉੱਕਾ ਹੀ ਨਾਕਾਫ਼ੀ ਹੁੰਦੀ ਹੈ
ਤੇ ਤੁਸੀਂ ਬੜੀ ਦੂਰ ਨਿਕਲ ਜਾਂਦੇ ਹੋ-
ਤਿੱਖੀਆਂ ਚੀਜ਼ਾਂ ਦੀ ਭਾਲ ਵਿਚ
ਮਸਲਿਆਂ ਦਾ ਮਤਾ ਕੁਝ ਏਦਾਂ ਦਾ ਹੁੰਦਾ ਹੈ
ਕਿ ਤੁਹਾਡਾ ਸਬਰ ਥੱਪੜ ਮਾਰ ਦਿੰਦਾ ਹੈ
ਤੁਹਾਡੇ ਕਾਇਰ ਮੂੰਹ ਉੱਤੇ
ਅਤੇ ਤੁਸੀਂ ਉਸ ਜਗ੍ਹਾ ਤੋਂ ਸ਼ੁਰੂ ਕਰਦੇ ਹੋ
ਜਿਥੇ ਕਵਿਤਾ ਖ਼ਤਮ ਹੁੰਦੀ

ਕੰਡੇ ਦਾ ਜ਼ਖ਼ਮ


ਉਹ ਬਹੁਤ ਦੇਰ ਤੱਕ ਜੀਂਦਾ ਰਿਹਾ
ਕਿ ਉਸ ਦਾ ਨਾਂ ਰਹਿ ਸਕੇ,

ਧਰਤੀ ਬਹੁਤ ਵੱਡੀ ਸੀ
ਤੇ ਉਸ ਦਾ ਪਿੰਡ ਬਹੁਤ ਛੋਟਾ
ਉਹ ਸਾਰੀ ਉਮਰ ਇਕੋ ਛੰਨ ਵਿਚ ਸੌਂਦਾ ਰਿਹਾ
ਉਹ ਸਾਰੀ ਉਮਰ ਇਕੋ ਖੇਤ ਵਿਚ ਹੱਗਦਾ ਰਿਹਾ
ਅਤੇ ਚਾਹੁੰਦਾ ਰਿਹਾ
ਕਿ ਉਸ ਦਾ ਨਾਮ ਰਹਿ ਸਕੇ

ਉਸ ਉਮਰ ਭਰ ਬੱਸ ਤਿੰਨ ਹੀ ਆਵਾਜ਼ਾਂ ਸੁਣੀਆਂ
ਇਕ ਕੁੱਕੜ ਦੀ ਬਾਂਗ ਸੀ
ਇਕ ਡੰਗਰਾਂ ਦੇ ਘਰਕਣ ਦੀ ਆਵਾਜ਼
ਤੇ ਇਕ ਆਪਣੇ ਹੀ ਬੁੱਟਾਂ ਵਿਚ ਰੋਟੀ ਪੁਚਾਕਣ ਦੀ।
ਟਿੱਬਆਂ ਦੇ ਰੇਸ਼ਮੀ ਚਾਨਣ ਵਿਚ
ਸੂਰਜ ਦੇ ਅਸਤਣ ਦੀ ਆਵਾਜ਼ ਉਸ ਨੇ ਕਦੇ ਨਹੀਂ ਸੁਣੀ
ਬਹਾਰ ਵਿਚ ਫੁੱਲਾਂ ਦੇ ਚਟਖਣ ਦੀ ਆਵਾਜ਼ ਉਸ ਨੇ ਕਦੀ ਨਹੀਂ ਸੁਣੀ
ਤਾਰਿਆਂ ਨੇ ਕਦੇ ਵੀ ਉਸ ਦੇ ਲਈ ਕੋਈ ਗੀਤ ਨਹੀਂ ਗਾਇਆ
ਉਮਰ ਭਰ ਉਹ ਤਿੰਨ ਹੀ ਰੰਗਾਂ ਤੋਂ ਬੱਸ ਵਾਕਿਫ਼ ਰਿਹਾ

ਇਕ ਰੰਗ ਭੋਇੰ ਦਾ ਸੀ
ਜਿਦ੍ਹਾ ਕਦੇ ਵੀ ਉਹਨੂੰ ਨਾਂ ਨਹੀਂ ਆਇਆ।
ਇਕ ਰੰਗ ਅਸਮਾਨ ਦਾ ਸੀ
ਜਿਦ੍ਹੇ ਬਹੁਤ ਸਾਰੇ ਨਾਂ ਸਨ
ਪਰ ਕੋਈ ਵੀ ਉਹਦੀ ਜੀਭ ਤੇ ਚੜ੍ਹਦਾ ਨਹੀਂ ਸੀ।
ਇਕ ਰੰਗ ਉਹਦੀ ਤੀਵੀਂ ਦੀਆਂ ਗੱਲ੍ਹਾਂ ਦਾ ਸੀ
ਜਿਸ ਦਾ ਕਦੇ ਵੀ ਸੰਗਦਿਆਂ ਉਸ ਨਾਂ ਨਹੀਂ ਲਿਆ।

ਮੂਲੀਆਂ ਉਹ ਜ਼ਿੱਦ ਕੇ ਖਾ ਸਕਦਾ ਸੀ
ਵਧ ਕੇ ਛੱਲੀਆਂ ਚੱਬਣ ਦੀ ਉਸ ਨੇ ਕਈ ਵਾਰ ਜਿੱਤੀ ਸ਼ਰਤ
ਪਰ ਆਪ ਉਹ ਬਿਨ ਸ਼ਰਤ ਹੀ ਖਾਧਾ ਗਿਆ,
ਉਸ ਦੇ ਪੱਕੇ ਹੋਏ ਖ਼ਰਬੂਜ਼ਿਆਂ ਵਰਗੇ ਉਮਰ ਦੇ ਸਾਲ
ਬਿਨਾਂ ਹੀ ਚੀਰਿਆਂ ਨਿਗਲ ਗਏ
ਤੇ ਕੱਚੇ ਦੁੱਧ ਵਰਗੀ ਓਸ ਦੀ ਸੀਰਤ
ਬੜੇ ਸੁਆਦ ਨਾਲ ਪੀਤੀ ਗਈ।
ਉਹਨੂੰ ਕਦੇ ਵੀ ਨਾਂ ਪਤਾ ਲੱਗ ਸਕਿਆ
ਉਹ ਕਿੰਨਾ ਸਿਹਤ ਅਫ਼ਜ਼ਾ ਸੀ

ਅਤੇ ਇਹ ਲਾਲਸਾ ਕਿ ਉਸ ਦਾ ਨਾਮ ਰਹਿ ਸਕੇ
ਡੁੰਮਣੇ ਦੀ ਮੱਖੀ ਵਾਂਗ
ਉਹਦੇ ਪਿੱਛੇ ਰਹੀ ਲੱਗੀ।
ਉਹ ਆਪੇ ਅਪਣਾ ਬੁੱਤ ਬਣ ਗਿਆ
ਪਰ ਉਸ ਦਾ ਬੁੱਤ ਕਦੇ ਵੀ ਜਸ਼ਨ ਨਾ ਬਣਿਆ।

ਉਸ ਦੇ ਘਰ ਤੋਂ ਖੂਹ ਤੱਕ ਰਾਹ
ਅਜੇ ਵੀ ਜੀਊਂਦਾ ਹੈ
ਪਰ ਅਣਗਿਣਤ ਪੈੜਾਂ ਦੇ ਹੇਠ ਦੱਬੀ ਗਈ
ਉਹਦੀ ਪੈੜ ਵਿਚ
ਹਾਲੇ ਵੀ ਇਕ ਕੰਡੇ ਦਾ ਜ਼ਖ਼ਮ ਹਸਦਾ ਹੈ।
ਹਾਲੇ ਵੀ ਇਕ ਕੰਡੇ ਦਾ ਜ਼ਖ਼ਮ ਹਸਦਾ ਹੈ।

ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ


ਰੋਜ਼ ਹੀ ਸਹਿਜੇ ਜਹੇ ਉੱਗ ਆਉਂਦੀ ਹੈ
ਪੱਤਝੜ ਦੀ ਸੰਘਣੀ ਧੁੱਪ,
ਚੁੱਲ੍ਹਿਆਂ ਦਾ ਧੂੰਆਂ ਕੋਠਿਆਂ ਤੇ ਇਕ ਸਹੀ ਨਕਸ਼ਾ ਬਣਾਉਂਦਾ ਹੈ
ਮਨੁੱਖ ਅੰਦਰਲੇ ਦੇਸ਼ ਦਾ
ਜਿਦ੍ਹੇ ਤੋਂ ਸੱਚੀਂ ਮੁੱਚੀਂ ਕੁਝ ਵੀ ਕੁਰਬਾਨ ਹੋ ਸਕਦਾ ਹੈ।
ਰੋਜ਼ ਹੀ ਸਹਿਜੇ ਜਹੇ ਕੰਮ ਛਣਕ ਉੱਠਦੇ ਹਨ
ਤੇ ਸਾਰੀ ਧਰਤੀ ਕੰਨ ਬਣ ਜਾਂਦੀ ਹੈ
ਉਸ ਕੁਆਰੀ ਵਾਂਗ
ਜੋ ਮੁੰਦ ਕੇ ਅਸਮਾਨ ਵਰਗੇ ਨੈਣ
ਸੁਣਦੀ ਹੈ
ਪਹਿਲੀ ਮਾਹਵਾਰੀ ਦਾ ਦਰਦ ਸਹਿਜੇ ਸਹਿਜੇ ਟਪਕਣਾ
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਪੌਣਾਂ ਵਿਚ ਵਾਹੁੰਦੀ ਤੁਰੀ ਜਾਂਦੀ ਹੈ
ਇਤਿਹਾਸ ਵਰਗੀ ਵਿੰਗ ਤੜਿੰਗੀ ਲੀਕ
ਸੁਆਣੀਆਂ ਦੇ ਸਿਰਾਂ ਤੇ ਅਡੋਲ-ਭੱਤੇ ਵਾਲੀ ਟੋਕਰੀ,
ਰੋਜ਼ ਹੀ ਬਲਦਾਂ ਦਿਆਂ ਬੂਟਾਂ 'ਚ ਤਰਦਾ ਹੈ
ਤੂੜੀ ਦੇ ਮੋਟੇ ਟੰਡਲਾਂ ਦਾ ਸਹਿਮਿਆ ਸਵਾਦ
ਜਿਵੇਂ ਬੀਮਾਰੀ ਨਾਲ ਮਰੀ ਹੋਈ
ਪਾਲਤੂ ਕੁਕੜੀ ਦੀ ਦਾਲ ਸੰਘ 'ਚ ਫਸਦੀ ਹੈ,
ਰੋਜ਼ ਹੀ ਕੁੱਤਿਆਂ ਦੀਆਂ ਅੱਖਾਂ 'ਚ ਮਰ ਜਾਂਦੀ ਹੈ ਆਸ
ਰੋਜ਼ ਹੀ ਇਕੋ ਸਮੇਂ ਉੱਠਦਾ ਹੈ
ਕਿਰਸਾਨ ਦੇ ਕੁੱਤੇ ਦੇ ਢਿੱਡ ਵਿਚ
ਅੰਤਲੀ ਬੁਰਕੀ ਦਾ ਝੋਰਾ,
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਰੋਜ਼ ਹੀ ਦੱਬ ਦੇਂਦੀਆਂ ਧੀਆਂ ਧਿਆਂਣੀਆਂ
ਗਿੱਲੇ ਗੋਹੇ ਵਿਚ
ਕੱਚੀ ਕੁਆਰੀ ਜ਼ਿੰਦਗੀ ਦੀ ਅੱਗ,
ਘੁਮਿਆਰ ਦਾ ਚੱਕ ਰੋਜ਼ ਹੀ ਮਿੱਟੀ 'ਚੋਂ ਫੜਦਾ ਹੈ
ਜ਼ਿੰਦਗੀ ਦੀ ਝਨਾਂ ਅੰਦਰ ਰੁੜ੍ਹ ਗਈ ਸੋਹਣੀ ਦੇ ਨਕਸ਼,
ਰੋਜ਼ ਹੀ ਜੂੰਆਂ ਨੂੰ ਕੋਸਦੇ ਬੁੜ੍ਹੇ
ਵਿੱਚੇ ਹੀ ਭੁੱਲ ਜਾਂਦੇ ਸੁਖਮਣੀ ਸਾਹਿਬ ਦੀ ਪੌੜੀ,
ਰੋਜ਼ ਹੀ ਰਹਿ ਰਹਿ ਕੇ ਥੁੱਕਦੀ ਰਹੀ
ਨਾਈ ਤੋਂ ਲੱਤਾਂ ਮਨਾਉਣ ਛੜਿਆਂ ਦੀ ਗੰਦੀ ਜ਼ੁਬਾਨ
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਰੋਜ਼ ਹੀ
ਮੈਨੂੰ ਸਾਰਾ ਕੁੱਝ ਭੁੰਨੇ ਹੋਏ ਕਬਾਬ ਵਰਗਾ ਲੱਗਦਾ ਹੈ
ਜੋ ਮੇਜ਼ਾਂ ਉੱਤੇ ਹੁਣੇ ਹੀ ਪਰੋਸਿਆ ਜਾਵੇਗਾ
ਕੁਰਸੀ ਦੇ ਖਾਣ ਲਈ-

ਸੈਂਸਰ ਹੋਣ ਵਾਲੇ ਖ਼ਤ ਦਾ ਦੁਖਾਂਤ


ਤੇਰੇ ਤੇ ਮੇਰੇ ਵਿਚਾਲੇ
ਸੈਂਸਰ ਹੋਣ ਵਾਲਾ ਕੁਝ ਵੀ ਨਹੀਂ ਭਾਵੇਂ
ਪਰ ਤੇਰਾ ਖਤ ਜਦੋਂ ਤੜਫੇਗਾ ਜਹਾਲਤ ਦੀ ਤਲੀ ਉੱਤੇ
ਬੜੇ ਹੋਵਣਗੇ ਅਰਥਾਂ ਦੇ ਅਨਰਥ-

ਤੇਰੀ ਰੱਬ ਤੇ ਨਿਹਚਾ ਦੇ ਅਰਥ
ਪੁਲਸੀਆ ਕੁਝ ਹੋਰ ਕੱਢੇਗਾ।
ਤੇਰੇ ਚਿਰਾਂ ਤੋਂ ਨਾ ਮਿਲਣ ਦੇ ਸ਼ਿਕਵੇ ਨੂੰ
ਉਹ ਸਮਝੇਗਾ
ਢਿੱਲੇ ਪੈ ਰਹੇ ਅਨੁਸ਼ਾਸਨ ਲਈ ਅਫਸੋਸ
ਤੇ ਉਨ੍ਹਾਂ ਹੁਸੀਨ ਘੜੀਆਂ ਦੇ ਉਦਾਸ ਜ਼ਿਕਰ ਨੂੰ
ਜੋ ਗ਼ਰਕ ਗਈਆਂ
ਅਸ਼ਵਨੀ ਕੁਮਾਰ ਦੇ ਘੋੜੇ ਦੇ ਪਿੱਛੇ ਉੱਡੀਆਂ ਧੂੜਾਂ 'ਚ
ਓਸ ਉਦਾਸ ਜ਼ਿਕਰ ਨੂੰ
ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ ਵਿਰਲਾਪ ਸਮਝੇਗਾ

ਤੇਰੇ ਮਹਿੰਗਾਈ ਦੇ ਰੋਣੇ ਨੂੰ,
ਇਨਕਲਾਬੀਆਂ ਦੀ ਬਦਲੀ ਹੋਈ ਨੀਤੀ ਦਾ ਸੰਕੇਤ ਜਾਣੇਗਾ
ਤੇ ਬੰਗਲਾ ਦੇਸ਼ ਵਿਚ ਮਾਰੇ ਗਏ
ਤੇਰੇ ਫੌਜੀ ਵੀਰੇ ਦਾ 'ਮਸੋਸ
ਚੀਨ ਦੀ ਪਿੱਠ ਪੂਰਨੀ ਗਰਦਾਨਿਆ ਜਾਵੇਗਾ
ਤੈਨੂੰ ਕੀ ਪਤਾ ਹੈ, ਕਿੰਝ ਬੀਤੇਗੀ
ਜਦੋਂ ਹੋਣਗੇ ਅਰਥਾਂ ਦੇ ਅਨਰਥ
ਤੇਰਾ ਖ਼ਤ ਬ….ਹੁ….ਤ ਤੜਫੇਗਾ
ਜਹਾਲਤ ਦੀ ਤਲੀ ਉੱਤੇ।

ਪੁਲਸ ਦੇ ਸਿਪਾਹੀ ਨੂੰ


ਮੈਂ ਪਿੱਛੇ ਛੱਡ ਆਇਆ ਹਾਂ
ਸਮੁੰਦਰ ਰੋਂਦੀਆਂ ਭੈਣਾਂ
ਕਿਸੇ ਅਣਜਾਣੇ ਭੈਅ ਅੰਦਰ
ਜਰਕਦੀ ਬਾਪ ਦੀ ਦਾਹੜੀ
ਤੇ ਸੁੱਖਣਾ ਸੁੱਖਦੀ,
ਖਾਂਦੀ ਗ਼ਸ਼ਾਂ ਮਾਸੂਮ ਮਮਤਾ ਨੂੰ
ਮੇਰੇ ਖੁਰਲੀ ਤੇ ਬੱਧੇ ਹੋਏ
ਡੰਗਰਾਂ ਬੇਜ਼ਬਾਨਾਂ ਨੂੰ
ਕਿਸੇ ਛਾਵੇਂ ਨਹੀਂ ਬੰਨ੍ਹਣਾ
ਕਿਸੇ ਪਾਣੀ ਨਹੀਂ ਡਾਹੁਣਾ,
ਤੇ ਮੇਰੇ ਘਰ ਕਈ ਡੰਗ
ਸੋਗ ਵਿਚ ਚੁੱਲ੍ਹਾ ਨਹੀਂ ਬਲਣਾ।
ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਡਾ ਖ਼ਤਰਨਾਕ ਦੀਹਦਾਂ ?
ਭਰਾਵਾ ਸੱਚ ਦੱਸ, ਤੈਨੂੰ
ਮੇਰੀ ਉੱਧੜੀ ਹੋਈ ਚਮੜੀ
ਤੇ ਮੇਰੇ ਮੂੰਹ 'ਚੋਂ ਵਗਦੇ ਲਹੂ 'ਚ
ਕੁਝ ਆਪਣਾ ਨਹੀਂ ਦਿਸਦਾ ?

ਤੂੰ ਲੱਖ ਦੁਸ਼ਮਣ ਕਤਾਰਾਂ ਵਿਚ
ਹੁੱਬ ਕੇ ਮਾਰ ਲੈ ਸ਼ੇਖੀ
ਤੇਰੇ ਨੀਂਦਰ ਪਿਆਸੇ ਨੈਣ
ਤੇ ਪਥਰਾ ਗਿਆ ਮੱਥਾ,
ਤੇਰੀ ਪਾਟੀ ਹੋਈ ਨਿੱਕਰ
ਤੇ ਉਸ ਦੀ ਜੇਬ ਵਿਚ ਰਚ ਗਈ
ਜ਼ਹਿਰੀਲੀ ਬੋਅ ਤਮਾਕੂ ਦੀ
ਨੇ ਤੇਰੀ ਖਾ ਰਹੇ ਚੁਗਲੀ।
ਨਹੀਂ ਸਾਂਝੀ ਤਾਂ ਬੱਸ ਆਪਣੀ
ਇਹ ਵਰਦੀ ਹੀ ਨਹੀਂ ਸਾਂਝੀ
ਪਰ ਅੱਜ ਵੀ ਕੋੜਮੇ ਤੇਰੇ ਦੇ ਦੁੱਖ
ਮੇਰੇ ਨਾਲ ਸਾਂਝੇ ਨੇ
ਤੇਰਾ ਵੀ ਬਾਪ ਜਦ ਸੁੱਟਦਾ ਹੈ
ਪੱਠਿਆਂ ਦੀ ਭਰੀ ਸਿਰ ਤੋਂ
ਤਾਂ ਉਸ ਦੀਆਂ ਸੂਤੀਆਂ ਨਾੜਾਂ
ਵੀ ਮਨਸ਼ਾ ਕਰਦੀਆਂ ਇਹੋ
ਕਿ ਹੁਣ ਕਿਹੜੀ ਘੜੀ, ਬੱਸ
ਬੁਰੇ ਦਾ ਸਿਰ ਫੇਹ ਦਿੱਤਾ ਜਾਵੇ।
ਤੇਰੇ ਬੱਚਿਆਂ ਨੂੰ ਜਦ ਵੀਰਾ
ਸਕੂਲੀਂ ਖਰਚ ਨਹੀਂ ਜੁੜਦਾ
ਤਾਂ ਸੀਨਾ ਪਾਟ ਜਾਂਦਾ ਹੈ
ਤੇਰੀ ਵੀ ਅਰਧ-ਅੰਗੀ ਦਾ।

ਤੇਰੀ ਪੀਤੀ ਹੋਈ ਰਿਸ਼ਵਤ
ਜਦੋਂ ਤੇਰਾ ਗਾਲਦੀ ਅੰਦਰ
ਤਾਂ ਤੂੰ ਵੀ ਲੋਚਦਾ ਏਂ
ਭੰਨਣੀ ਸ਼ਾਹਰਗ ਹਕੂਮਤ ਦੀ-
ਜੋ ਕੁਝ ਵਰ੍ਹਿਆਂ 'ਚ ਹੀ ਖਾ ਗਈ
ਤੇਰਾ ਚੰਦਨ ਜਿਹਾ ਪਿੰਡਾ
ਤੇਰੀ ਰਿਸ਼ੀਆਂ ਜਿਹੀ ਬਿਰਤੀ
ਅਤੇ ਬਰਸਾਤੀ ਵਾਅ ਵਰਗਾ
ਲੁਭਾਉਣਾ ਸੁੱਖ ਟੱਬਰ ਦਾ

ਤੂੰ ਲੱਖ ਵਰਦੀ ਦਾ ਓਹਲਾ ਕਰਕੇ
ਮੈਥੋਂ ਦੂਰ ਖੜਿਆ ਰਹੁ
ਤੇਰੇ ਪਰ ਅੰਦਰਲੀ ਦੁਨੀਆਂ
ਹੈ ਮੈਨੂੰ ਪਾ ਰਹੀ ਕੰਗਲ੍ਹੀ।
ਅਸੀਂ ਜੋ ਸਾਂਭ ਦੇ ਘਾਟੇ
ਆਵਾਰਾ ਰੋਗੀ ਬਚਪਨ ਨੂੰ
ਰਹੇ ਆਟੇ ਜਿਉਂ ਗੁੰਨ੍ਹਦੇ,
ਕਿਸੇ ਲਈ ਬਣੇ ਨਾ ਖ਼ਤਰਾ।
ਤੇ ਉਹ ਜਦੋਂ ਸਾਡੇ ਸੁੱਖ ਬਦਲੇ
ਰਹੇ ਵਿਕਦੇ, ਰਹੇ ਰੁਲਦੇ,
ਕਿਸੇ ਲਈ ਬਣੇ ਨਾ ਚਿੰਤਾ।
ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿਚ
ਅਜ ਬਣ ਗਿਆ ਸੋਟੀ
ਤੂੰ ਢਿੱਡ ਤੇ ਹੱਥ ਰਖ ਕੇ ਦੱਸ
ਕਿ ਸਾਡੀ ਜ਼ਾਤ ਨੂੰ ਹੁਣ
ਕਿਸੇ ਤੋਂ ਕੀ ਹੋਰ ਖ਼ਤਰਾ ਹੈ ?
ਅਸੀਂ ਹੁਣ ਸਿਰਫ ਖ਼ਤਰਾ ਹਾਂ ਉਨ੍ਹਾਂ ਲਈ
ਜਿਨ੍ਹਾਂ ਨੂੰ ਦੁਨੀਆਂ ਤੇ ਬੱਸ ਖ਼ਤਰਾ ਹੀ ਖ਼ਤਰਾ ਹੈ

ਤੂੰ ਆਪਣੇ ਮੂੰਹ ਦੀਆਂ ਗਾਲ੍ਹਾਂ ਨੂੰ
ਆਪਣੇ ਕੀਮਤੀ ਗੁੱਸੇ ਲਈ
ਸੰਭਾਲ ਕੇ ਰੱਖ-
ਮੈਂ ਕੋਈ ਚਿੱਟ ਕੱਪੜੀਆ
ਕੁਰਸੀ ਦਾ ਪੁੱਤ ਨਹੀਂ
ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੇ
ਧੂੜ 'ਚ ਲਿਬੜੇ ਹਜ਼ਾਰਾਂ ਚਿਹਰਿਆਂ 'ਚੋਂ ਇਕ ਹਾਂ,
ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ 'ਤੋਂ
ਮੇਰੇ ਦੇਸ਼ ਦਾ ਕੋਈ ਵੀ ਦਰਿਆ, ਬਹੁਤ ਛੋਟਾ ਹੈ।
ਕਿਸੇ ਵੀ ਧਰਮ ਦਾ ਕੋਈ ਗ੍ਰੰਥ
ਮੇਰੇ ਜ਼ਖ਼ਮੀ ਬੁੱਲ੍ਹਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ।
ਤੂੰ ਜਿਸ ਝੰਡੇ ਨੂੰ ਅੱਡੀਆਂ ਜੋੜ ਕੇ
ਦੇਨੈਂ ਸਲਾਮੀ
ਸਾਡਾ ਲੁੱਟੇ ਹੋਇਆਂ ਦੇ ਕਿਸੇ ਵੀ ਦਰਦ ਦਾ ਇਤਿਹਾਸ
ਉਸ ਦੇ ਤਿੰਨਾਂ ਰੰਗਾਂ ਤੋਂ ਬੜਾ ਗਾਹੜਾ ਹੈ
ਤੇ ਸਾਡੀ ਰੂਹ ਦਾ ਹਰ ਇਕ ਜ਼ਖ਼ਮ
ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ।
ਮੇਰੇ ਦੋਸਤ, ਮੈਂ ਕੋਹਿਆ ਪਿਆ ਵੀ
ਤੇਰੇ ਕਿੱਲਾਂ ਵਾਲੇ ਬੂਟ ਥੱਲੇ
ਮਾਂਊਂਟ ਐਵਰੈਸਟ ਤੋਂ ਬੜਾ ਉੱਚਾ ਹਾਂ।

ਮੇਰੇ ਬਾਰੇ ਗ਼ਲਤ ਦੱਸਿਆ ਹੈ
ਤੇਰੇ ਕਾਇਰ ਅਫ਼ਸਰ ਨੇ
ਕਿ ਮੈਂ ਇਸ ਰਾਜ ਦਾ
ਇਕ ਮਾਰਖ਼ੋਰਾ ਮਹਾਂ ਦੁਸ਼ਮਣ ਹਾਂ
ਨਹੀਂ, ਮੈਂ ਤਾਂ ਦੁਸ਼ਮਣੀ ਦੀ
ਅਜੇ ਪੂਣੀ ਵੀ ਨਹੀਂ ਛੋਹੀ
ਅਜੇ ਤਾਂ ਹਾਰ ਜਾਂਦਾ ਹਾਂ
ਮੈਂ ਘਰ ਦੀਆਂ ਔਕੜਾਂ ਅੱਗੇ
ਅਜੇ ਮੈਂ ਅਮਲ ਦੇ ਟੋਏ
ਕਲਮ ਨਾ' ਪੂਰ ਲੈਨਾ ਹਾਂ
ਅਜੇ ਮੈਂ ਸੀਰੀਆਂ ਜੱਟਾ ਵਿਚਾਲੇ
ਲਰਜ਼ਦੀ ਕੜੀ ਹਾਂ
ਅਜੇ ਮੇਰੀ ਸੱਜੀ ਬਾਂਹ ਤੂੰ ਵੀ
ਮੇਰੇ ਤੋਂ ਓਪਰਾ ਫਿਰਦਾਂ।
ਅਜੇ ਮੈਂ ਉਸਤਰੇ ਨਾਈਆਂ ਦੇ
ਖੰਜਰ 'ਚ ਬਦਲਨੇ ਹਨ
ਅਜੇ ਰਾਜਾਂ ਦੀ ਕਾਂਡੀ ਤੇ
ਮੈਂ ਲਿਖਣੀ ਵਾਰ ਚੰਡੀ ਦੀ
ਚਮਕਦੇ ਨਾਅਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ
ਹੈ ਭਿੱਜ ਕੇ ਜ਼ਹਿਰ ਵਿਚ ਫਿਰਨੀ
ਅਜੇ ਤਾਂ ਆਰ ਮੋਚੀ ਦੀ।

ਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ
ਲਹਿਰਨਾ ਹਾਲੇ
ਬੁੜਕਦਾ ਬੁੱਕਦਾ ਹੋਇਆ
ਧੁੰਮੇ ਤਰਖਾਣ ਦਾ ਤੇਸਾ।
ਅਜੇ ਤਾਂ ਲਾਗੀਆਂ ਨੇ ਲਾਗ ਲੈਣੈ
ਜੁਬਲੀਆਂ ਦੇ ਵਿੱਚ-ਜੋ
ਆਇਆਂ ਗਿਆਂ ਦੇ ਜੂਠੇ
ਰਹੇ ਨੇ ਮਾਂਜਦੇ ਭਾਂਡੇ
ਅਜੇ 'ਖੁਸ਼ੀਏ' ਚੂਹੜੇ ਨੇ ਬਾਲ ਕੇ
ਹੁੱਕੇ 'ਚ ਧਰਨੀ ਹੈ
ਕਿਸੇ ਕੁਰਸੀ ਤੇ ਬੈਠੀ ਗਿਰਝ ਦੇ
ਪੱਟ ਦੀ ਨਰਮ ਹੱਡੀ।

ਮੈਂ ਜਿਸ ਦਿਨ ਰੰਗ ਸੱਤੇ ਜੋੜ ਕੇ
ਇੰਦਰ-ਧਨੁਸ਼ ਬਣਿਆ
ਮੇਰਾ ਕੋਈ ਵਾਰ ਦੁਸ਼ਮਣ 'ਤੇ
ਕਦੇ ਖਾਲੀ ਨਹੀਂ ਜਾਣਾ।
ਉਦੋਂ ਫਿਰ ਝੰਡੀ ਵਾਲੀ ਕਾਰ ਦੇ
ਬਦਬੂ ਭਰੇ ਥੁੱਕ ਦੇ
ਛਿੱਟੇ ਮੇਰੀ ਜ਼ਿੰਦਗੀ ਦੇ ਚਾਅ ਭਰੇ
ਮੂੰਹ 'ਤੇ ਨਾ ਚਮਕਣਗੇ।
ਮੈਂ ਉਸ ਚਾਨਣ ਦੀ ਬੁਰਜੀ ਤੀਕ
'ਕੱਲਾ' ਪਹੁੰਚ ਨਹੀਂ ਸਕਦਾ,
ਤੇਰੀ ਵੀ ਲੋੜ ਹੈ
ਤੈਨੂੰ ਵੀ ਓਥੇ ਪਹੁੰਚਣਾ ਪੈਣਾ।

ਅਸੀਂ ਇੱਕ ਕਾਫ਼ਲਾ ਹਾਂ
ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ
ਤੇਰੀ ਪੀੜ੍ਹੀਆਂ ਦੀ ਖ਼ਾਦ
ਇਸ ਦੇ ਚਮਨ ਨੂੰ ਲੱਗੀ।

ਅਸੀਂ ਗੀਤਾਂ ਦੇ ਵਰਗੀ ਗੁਜ਼ਰ ਦੇ
ਬੇਤਾਬ ਆਸ਼ਕ ਹਾਂ
ਤੇ ਸਾਡੀ ਤੜਪ ਵਿੱਚ
ਤੇਰੀ ਉਦਾਸੀ ਦਾ ਵੀ ਨਗ਼ਮਾ ਹੈ।

ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਨਾਂ ਖ਼ਤਰਨਾਕ ਦੀਹਦਾਂ ?
ਮੈਂ ਪਿੱਛੇ ਛੱਡ ਆਇਆ ਹਾਂ…

ਮੇਰੇ ਦੇਸ਼


ਅਸੀਂ ਤਾਂ ਖਪ ਗਏ ਹਾਂ
ਧੂੜ ਵਿਚ ਲਥ-ਪਥ ਤਿਰਕਾਲਾਂ ਦੇ ਢਿੱਡ ਅੰਦਰ
ਅਸੀਂ ਤਾਂ ਛਿਪ ਗਏ ਹਾਂ
ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ
'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼ !
ਸਾਡਾ ਫਿਕਰ ਨਾ ਕਰਨਾ

ਪ੍ਰਸ਼ਨ ਤਾਂ ਠੀਕ ਵੱਡਾ ਹੈ
ਕਿ ਛੱਬੀ ਵਰ੍ਹਿਆਂ ਦੀ ਇਸ ਔੜ ਦੇ ਸਮੇਂ
ਅਸੀਂ ਦੇਸ਼ ਭਗਤ ਕਿਉਂ ਨਾ ਬਣੇ
ਪਰ ਮਿੱਟੀ ਨੇ ਖਾ ਲਈ ਹੈ
ਕਈ ਕਰੋੜ ਬਾਹਵਾਂ ਦੀ ਤਾਕਤ
ਅਤੇ ਫ਼ਲਾਂ ਨੇ ਖਾ ਲਈ ਹੈ
ਕਿਸਾਨਾਂ ਦੇ ਹਿੱਸੇ ਦੀ ਊਰਜਾ,
ਸਾਡੀ ਅਣਖ ਦੇ ਰੁੱਖੜੇ
ਜਿਨ੍ਹਾਂ ਨੇ ਫੈਲ ਕੇ ਕਰਨੀ ਸੀ
ਤੇਰੇ ਤਪਦੇ ਹੋਏ ਮਾਰੂਥਲਾਂ ਤੇ ਛਾਂ
ਦਫ਼ਤਰਾਂ ਵਿਚ ਪਲਦੇ ਸਾਹਨਾਂ ਮਰੁੰਡ ਲਏ

ਮੇਰੇ ਦੇਸ਼, ਕੀ ਹੋ ਸਕਦਾ ਸੀ
ਛੱਬੀ ਸਾਲਾਂ ਦੇ ਇਸ ਨਿੱਕੇ ਜਹੇ
ਲੰਮੇ ਸਮੇਂ ਅੰਦਰ
ਜਦੋਂ ਕਿ ਤਿੰਨ ਵਾਰ ਦਿੱਤੀ ਗਈ ਹੋਏ ਜੁਬਾੜੇ ਪਾੜ ਕੇ
ਮਾਰੂ ਯੁੱਧਾਂ ਦੀ ਨਾਲ੍ਹ,
ਤੇ ਹਰ ਦੂਏ ਸਾਲ ਚੋਣਾਂ ਦੀ ਹੱਟ ਪਾ ਕੇ
ਨਿਸਚਤ ਕਰ ਦਿੱਤੀ ਜਾਵੇ ਸਾਡੇ ਵਿਕਣ ਦੀ ਸ਼ਕਤੀ,
ਮੇਰੇ ਦੇਸ਼ ਕੀ ਹੋ ਸਕਦਾ ਸੀ ਏਹੋ ਜਿਹੇ ਮਾੜੇ ਸਮੇਂ ਅੰਦਰ
ਕਿ ਜਦੋਂ ਪਿੰਡਿਆਂ ਤੇ ਆਉਂਦਾ ਹੈ ਫੁੱਲ ਖਿੜਨ ਦਾ ਮੌਸਮ
ਓਦੋਂ ਵੀ ਸਾਡੇ ਜ਼ਿਹਨ ਵਿਚੋਂ ਰੇਤ ਕਿਰਦੀ ਹੈ…

'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼
ਸਾਨੂੰ ਕਿੰਨਾ ਕੁ ਹੋ ਸਕਦਾ ਹੈ
ਤੇਰੇ ਦੁੱਖਾਂ ਦਾ ਇਲਮ ?
ਅਸੀਂ ਤਾਂ ਲੱਭ ਰਹੇ ਹਾਂ ਹਾਲੇ
ਪਸ਼ੂ ਤੇ ਇਨਸਾਨ ਦੇ ਵਿਚ ਫ਼ਰਕ,
ਅਸੀਂ ਝੱਗਿਆਂ 'ਚੋਂ ਜੂਆਂ ਫੜਦੇ ਹੋਏ
ਸੀਨੇ 'ਚ ਪਾਲ ਰਹੇ ਹਾਂ
ਉਸ ਸਰਵ ਸ਼ਕਤੀਮਾਨ ਦੀ ਰਹਿਮਤ,
ਸਾਡੇ ਨਿੱਤ ਫ਼ਿਕਰਾਂ ਦੀ ਭੀੜ ਵਿਚ
ਗਵਾਚ ਗਈ ਹੈ
ਆਦਰਸ਼ ਵਰਗੀ ਪਵਿੱਤਰ ਚੀਜ਼
ਅਸੀਂ ਤਾਂ ਉਡ ਰਹੇ ਨ੍ਹੇਰੀਆਂ ਵਿਚ
ਸੁੱਕੇ ਹੋਏ ਪੱਤਿਆਂ ਦੇ ਵਾਂਗ…

ਅਸੀਂ ਕਾਹੀ ਦੇ ਵਾਂਗ
ਤੇਰੀਆਂ ਮੈਰਾਂ ਦੇ ਵਿਚ ਚੁਪ ਚਾਪ ਉੱਗ ਆਏ
ਤੇ ਲਟ ਲਟ ਬਲਦਿਆਂ ਆਕਾਸ਼ਾਂ ਹੇਠ
ਕੌੜਾ ਧੂੰਆਂ ਬਣ ਕੇ ਫੈਲ ਗਏ
ਤੇ ਹੁਣ ਜੇ ਧੁਆਂਖਿਆ ਜਾਵੇ
ਤੇਰਾ ਵੇਦਾਂ ਦਾ ਫ਼ਲ਼ਸ਼ਫ਼ਾ
ਅਤੇ ਉਪਦੇਸ਼ ਰਿਸ਼ੀਆਂ ਦੇ
ਤਾਂ ਸਾਡਾ ਦੋਸ਼ ਨਹੀਂ ਹੋਣਾ…

ਮੇਰੇ ਦੇਸ਼, ਤੂੰ ਕੁਝ ਵੀ ਨਾ ਕਰ ਸਕਿਆ
ਤੇ ਸਾਡਾ ਬੀਜਿਆ ਇਤਿਹਾਸ
ਕੁੱਝ ਆਵਾਰਾ ਵੱਗ ਚਰ ਕੇ
ਤੇਰੀ ਢਾਬ ਦਾ ਪੀਂਦੇ ਰਹੇ ਪਾਣੀ

ਜਦੋਂ ਹੁਣ ਤੇਰੇ ਬਾਰੇ ਸੋਚੀਏ, ਮੇਰੇ ਦੇਸ਼ !
ਤਾਂ ਕੁਝ ਇਸ ਤਰ੍ਹਾਂ ਲਗਦੈ
ਜਿਵੇਂ ਤੂੰ ਸਾਊ ਧੀ ਹੋਵੇਂ
ਕਿਸੇ ਬੇਸ਼ਰਮ ਵੈਲੀ ਦੀ
ਤੇ ਸਾਡੇ ਨਾਲ ਤੇਰਾ ਇਸ ਤਰ੍ਹਾਂ ਜਾਪਦੈ ਰਿਸ਼ਤਾ
ਜਿਵੇਂ ਅੱਖਾਂ ਹੀ ਅੱਖਾਂ 'ਚ ਮੁਹੱਬਤ ਮਰ ਜਾਏ ਕੋਈ
ਐਪਰ ਜਿਸ ਦੇ ਨਸੀਬੇ ਵਿਚ ਨਾ ਹੋਵੇ ਹਰਫ਼ ਮਿਲਣੀ ਦਾ

ਅਸੀਂ ਤਾਂ ਖਪ ਗਏ ਹਾਂ
ਧੂੜ ਵਿਚ ਲਥ-ਪਥ ਤ੍ਰਿਕਾਲਾਂ ਦੇ ਢਿੱਡ ਅੰਦਰ
ਅਸੀਂ ਤਾਂ ਛਿਪ ਗਏ ਹਾਂ
ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ
'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼ !
ਸਾਡਾ ਫਿਕਰ ਨਾ ਕਰਨਾ-

ਤੂਫ਼ਾਨਾਂ ਨੇ ਕਦੇ ਮਾਤ ਨਹੀਂ ਖਾਧੀ


ਹਵਾ ਦੇ ਰੁਖ਼ ਬਦਲਣ 'ਤੇ
ਬੜੇ ਨੱਚੇ, ਬੜੇ ਟੱਪੇ
ਜਿਨ੍ਹਾਂ ਦੇ ਸ਼ਾਮਿਆਨੇ ਡੋਲ ਚੁੱਕੇ ਸਨ
ਉਨ੍ਹਾਂ ਐਲਾਨ ਕਰ ਦਿੱਤਾ
ਕਿ ਰੁੱਖ ਹੁਣ ਸ਼ਾਂਤ ਹੋ ਗਏ ਹਨ
ਕਿ ਹੁਣ ਤੂਫ਼ਾਨਾਂ ਦਾ ਦਮ ਟੁੱਟ ਚੁੱਕਿਆ ਹੈ-

ਜਿਵੇਂ ਕਿ ਜਾਣਦੇ ਨਾ ਹੋਣ
ਐਲਾਨਾਂ ਦਾ ਤੁਫ਼ਾਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ
ਜਿਵੇਂ ਕਿ ਜਾਣਦੇ ਨਾ ਹੋਣ
ਤੂਫ਼ਾਨਾਂ ਦੀ ਵਜ੍ਹਾ ਰੁੱਖ ਹੀ ਨਹੀਂ ਹੁੰਦੇ
ਸਗੋਂ ਉਹ ਹੁੱਟ ਹੁੰਦਾ ਹੈ
ਜਿਹੜਾ ਧਰਤੀ ਦਾ ਮੁੱਖੜਾ ਰੋਲ ਦਿੰਦਾ ਹੈ

ਜਿਵੇਂ ਕਿ ਜਾਣਦੇ ਨਾ ਹੋਣ
ਉਹ ਹੁੰਮਸ ਬਹੁਤ ਗਹਿਰਾ ਸੀ
ਜਿੱਥੋਂ ਤੂਫ਼ਾਨ ਜੰਮਿਆ ਸੀ
ਸੁਣੋ ਓ ਭਰਮ ਦੇ ਪੁੱਤੋ
ਹਵਾ ਨੇ ਦਿਸ਼ਾ ਬਦਲੀ ਹੈ
ਹਵਾ ਬੰਦ ਹੋ ਨਹੀਂ ਸਕਦੀ

ਜਦੋਂ ਤੱਕ ਧਰਤ ਦਾ ਮੁੱਖੜਾ
ਟਹਿਕ ਗੁਲਜ਼ਾਰ ਨਹੀਂ ਹੁੰਦਾ
ਤੁਹਾਡੇ ਸ਼ਾਮਿਆਨੇ ਅੱਜ ਵੀ ਡਿੱਗੇ
ਭਲਕ ਵੀ ਡਿੱਗੇ
ਹਵਾ ਏਸੇ ਦਿਸ਼ਾ 'ਤੇ ਫੇਰ ਵਗਣੀ ਹੈ
ਤੂਫ਼ਾਨਾਂ ਨੇ ਕਦੀ ਵੀ ਮਾਤ ਨਹੀਂ ਖਾਧੀ

ਸੋਨੇ ਦੀ ਸਵੇਰ


ਸੋਨੇ ਦੀ ਸਵੇਰ ਜਦੋਂ ਆਊ ਹਾਣੀਆ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆ

ਮਿਹਨਤਾਂ ਦਾ ਮੁੱਲ ਆਪ ਪਾਉਣਾ ਲੋਕਾਂ ਨੇ
ਧਰਤੀ ਤੇ ਸੁਰਗ ਬਨਾਉਣਾ ਲੋਕਾਂ ਨੇ
ਇੱਕੋ ਜਿੰਨੀ ਖੁਸ਼ੀ ਸਾਰਿਆਂ ਦੇ ਜੀਣ ਨੂੰ
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ
ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆ

ਭੁੱਖਾ ਨੰਗਾ ਸੌਊਂ ਨਾ ਕੋਈ ਫੁੱਟਪਾਥ 'ਤੇ
ਜੀਣ ਦਾ ਸਮਾਨ ਹੋਊ ਸਭ ਵਾਸਤੇ
ਰੋਲੂ ਨਾ ਕੋਈ ਪੈਰੀਂ ਸੱਧਰਾਂ ਕੁਆਰੀਆਂ
ਦਿਲ 'ਤੇ ਗ਼ਰੀਬ ਦੇ ਨਾ ਫੇਰੂ ਆਰੀਆਂ
ਡਰੂ ਨਾ ਕੋਈ ਕਿਸੇ ਨੂੰ ਡਰਾਊ ਹਾਣੀਆਂ

ਭੁੱਖੇ ਕਿਸੇ ਮਾਂ ਦਾ ਨਾ ਜਵਾਕ ਰੋਊਗਾ
ਸਾਰਿਆਂ ਦੇ ਨਾਲ ਇਨਸਾਫ਼ ਹੋਊਗਾ
ਜੁੱਗਾਂ ਦੇ ਲਿਤਾੜੇ ਜ਼ਿੰਦਗੀ 'ਚ ਆਉਣਗੇ
ਜਨਤਾ ਦੇ ਦੋਖੀ ਪੂਰੀ ਸਜ਼ਾ ਪਾਉਣਗੇ
ਤਕੜਾ ਨਾ ਮਾੜੇ ਨੂੰ ਸਤਾਊ ਹਾਣੀਆ

ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ
ਮਜ਼੍ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ
ਦੁਨੀਆ 'ਤੇ ਇੱਕੋ ਹੀ ਜਮਾਤ ਹੋਵੇਗੀ
ਰੋਜ਼ ਹੀ ਦਿਵਾਲੀ ਵਾਲੀ ਰਾਤ ਹੋਵੇਗੀ
ਰੱਜ ਰੱਜ ਖਾਣਗੇ ਕਮਾਊ ਹਾਣੀਆ

ਸੋਨੇ ਦੀ ਸਵੇਰ ਜਦੋਂ ਆਊ ਹਾਣੀਆ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆ

ਕਿਰਤੀ ਦੀਏ ਕੁੱਲੀਏ


ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ
ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ
ਅਪਣੀ ਕਮਾਈ ਸਾਂਭ ਰੱਖ ਨੀ
ਕਿਰਤੀ ਦੀਏ ਕੁੱਲੀਏ
ਲੱਖ ਲੱਖ ਦਾ ਏ ਤੇਰਾ ਕੱਖ ਨੀ
ਕਿਰਤੀ ਦੀਏ ਕੁੱਲੀਏ

ਜੁੱਗਾਂ ਦੀ ਉਸਾਰੀ ਤੇਰੇ ਕੱਖਾਂ ਵਿਚ ਖੇਲ੍ਹਦੀ
ਸਦੀਆਂ ਤੋਂ ਆਈ ਏਂ ਗ਼ੁਲਾਮੀਆਂ ਨੂੰ ਝੇਲਦੀ
ਹੋ ਜਾ ਹੁਸ਼ਿਆਰ, ਬਾਹਰ ਆਈ ਏ ਬਹਾਰ
ਹੁਣ ਮੇਲ ਅੰਬਰਾਂ ਦੇ ਨਾਲ ਅੱਖ ਨੀ
ਕਿਰਤੀ ਦੀਏ ਕੁੱਲੀਏ

ਉੱਠ ਤੇਰੇ ਵਾਰਸਾਂ ਦਾ ਆ ਗਿਆ ਜ਼ਮਾਨਾ ਨੀ
ਪੌਣਾਂ ਵਿਚ ਗੂੰਜਿਆ ਆਜ਼ਾਦੀ ਦਾ ਤਰਾਨਾ ਨੀ
ਲੋਕਾਂ ਚੁੱਕੇ ਹੱਥਿਆਰ, ਅੱਜ ਬੰਨ੍ਹ ਕੇ ਕਤਾਰ
ਲੈਣੀ ਵੈਰੀਆਂ ਦੀ ਧਾੜ ਉਨ੍ਹਾਂ ਡੱਕ ਨੀ
ਕਿਰਤੀ ਦੀਏ ਕੁੱਲੀਏ

ਕਈ ਤੇਰੇ ਵਾਰਸਾਂ ਨੇ ਦਿੱਤੀ ਜਿੰਦ ਵਾਰ ਨੀ
ਜਿਹੜੇ ਰਾਹੇ ਗਿਆ ਸੀ ਸਰਾਭਾ ਕਰਤਾਰ ਨੀ
ਓਹੀਓ ਫੜ ਲਿਆ ਰਾਹ, ਸਾਰੀ ਦੁਨੀਆ ਗਵਾਹ
ਕੋਈ ਹਾਕਮਾਂ ਤੋਂ ਪੁੱਛ ਲਏ ਬੇਸ਼ੱਕ ਨੀ
ਕਿਰਤੀ ਦੀਏ ਕੁੱਲੀਏ

ਕੱਲ੍ਹ ਬਾਬਾ ਬੁੱਢਾ ਇਕ ਮਾਰਿਆ ਪੋਲੀਸ ਨੇ
ਹਿੱਕ ਵਿਚ ਗੋਲੀ ਖਾਧੀ ਬਾਬੂ ਤੇ ਦਲੀਪ ਨੇ
ਪੂਰੀ ਕੀਤੀ ਏ ਰਸਮ, ਦਇਆ ਸਿੰਘ ਦੀ ਕਸਮ
ਗੱਲ ਰਹੀ ਨਾ ਹਕੂਮਤਾਂ ਦੇ ਵੱਸ ਨੀ
ਕਿਰਤੀ ਦੀਏ ਕੁੱਲੀਏ

ਜੁੱਗਾਂ ਤੱਕ ਰਹਿਣੇ ਇਹੋ ਸਾਕੇ ਮਸ਼ਹੂਰ ਨੀ
ਲਿਖੇ ਇਤਿਹਾਸ ਜਿਹੜੇ ਪਿੰਡ ਦਦਾਹੂਰ ਨੀ
ਬਾਜ਼ਾਂ ਵਾਲੇ ਦੀ ਕਟਾਰ, ਅੱਜ ਰਹੀ ਲਲਕਾਰ
ਉਹਨੇ ਵੱਢ ਵੱਢ ਦੇਣੇ ਵੈਰੀ ਰੱਖ ਨੀ
ਕਿਰਤੀ ਦੀਏ ਕੁੱਲੀਏ

ਝੁੱਗੀਏ ਨੀ ਹੁਣ ਪਾਸਬਾਨ ਤੇਰੇ ਜਾਗ ਪਏ
ਜਾਗੇ ਤੇਰੇ ਖੇਤ ਤੇ ਕਿਸਾਨ ਤੇਰੇ ਜਾਗ ਪਏ
ਖੋਲ੍ਹੀ ਅੱਖ ਮਜ਼ਦੂਰ, ਹਾਲੀ ਜਾਣਾ ਬੜੀ ਦੂਰ
ਉਹਨੇ ਖੋਹਣਾ ਅਜੇ ਜਾਬਰਾਂ ਤੋਂ ਹੱਕ ਨੀ
ਕਿਰਤੀ ਦੀਏ ਕੁੱਲੀਏ

ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ
ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ
ਅਪਣੀ ਕਮਾਈ ਸਾਂਭ ਰੱਖ ਨੀ
ਕਿਰਤੀ ਦੀਏ ਕੁੱਲੀਏ
ਲੱਖ ਲੱਖ ਦਾ ਏ ਤੇਰਾ ਕੱਖ ਨੀ
ਕਿਰਤੀ ਦੀਏ ਕੁੱਲੀਏ

Friday 11 May 2018

ਤੇਰੇ ਕੋਲ


ਤੇਰੇ ਕੋਲ ਦਿਲ ਦਾ ਸੱਚ ਕਹਿਣਾ
ਦਿਲ ਦੀ ਬੇਅਦਬੀ ਹੈ
ਸੱਚ ਦੀ ਬੇਅਦਬੀ ਹੈ
ਤੇਰੇ ਕੋਲ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ
ਜਾ, ਤੂੰ ਸ਼ਿਕਾਇਤ ਦੇ ਕਾਬਿਲ ਹੋ ਕੇ ਆ
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ
ਤੇਰਾ ਕਦ ਬੜਾ ਛੋਟਾ ਹੈ

ਕਦੇ ਵੀ ਗਲ ਸਕਦੀ ਹੈ
ਮੇਰੇ ਲਹੂ ਦਰਿਆ 'ਚ
ਅਦਾਵਾਂ ਦੀ ਇਹ ਘਸੀ ਹੋਈ ਕਿਸ਼ਤੀ
ਕਿਸੇ ਵੀ ਵਕਤ
ਤੂਫਾਨਾਂ ਦੀ ਸਹੁੰ ਖਾ ਸਕਦੀ ਹੈ
ਮੇਰੇ ਦਿਲ ਦੀ ਧਰਤੀ……………

ਇਹ ਦਰਦ ਪੱਥਰੀਲਾ ਹੁੰਦਾ ਹੈ
ਜ਼ਿੰਦਗੀ ਵਰਗਾ
ਜ਼ਿੰਦਗੀ, ਜੋ ਗੁਲਸ਼ਨ ਨੰਦਾ ਦਾ ਨਾਵਲ ਨਹੀਂ
ਪਹਾੜੀ ਸੜਕ ਵਾਕੁਰ ਕਠਨ ਹੁੰਦੀ ਹੈ

ਬੱਸ ਕੁੱਝ ਪਲ ਹੋਰ


ਬੱਸ ਕੁੱਝ ਪਲ ਹੋਰ
ਤੇਰੇ ਚਿਹਰੇ ਦੀ ਯਾਦ ਵਿਚ
ਬਾਕੀ ਤਾਂ ਸਾਰੀ ਉਮਰ
ਆਪਣੇ ਨਕਸ਼ ਹੀ ਢੂੰਢਣ ਤੋਂ ਵਿਹਲ ਮਿਲਣੀ ਨਹੀਂ

ਬੱਸ ਕੁੱਝ ਪਲ ਹੋਰ
ਇਹ ਤਾਰਿਆਂ ਦਾ ਗੀਤ
ਫੇਰ ਤਾਂ ਅੰਬਰ ਦੀ ਚੁੱਪ ਨੇ
ਸਭ ਕੁੱਝ ਨਿਗਲ ਹੀ ਜਾਣਾ ਹੈ…

ਦੇਖ, ਕੁੱਝ ਪਲ ਹੋਰ
ਚੰਨ ਦੀ ਚਾਂਦਨੀ 'ਚ ਚਮਕਦੀ
ਇਹ ਤਿੱਤਰ-ਖੰਬੀ ਬੱਦਲੀ
ਸ਼ਾਇਦ ਮਾਰੂਥਲ ਹੀ ਬਣ ਜਾਵੇ
ਇਹ ਸੁੱਤੇ ਪਏ ਮਕਾਨ
ਸ਼ਾਇਦ ਅੱਭੜਵਾਹੇ ਉੱਠ ਕੇ
ਜੰਗਲ ਨੂੰ ਹੀ ਤੁਰ ਪੈਣ…

ਉਡੀਕ


ਨਹੀਂ, ਇਹ ਗਲ ਤਾਂ ਕਦੇ ਨਹੀਂ ਹੋਣੀ
ਕਿ ਤਾਰੇ ਹੀ ਬਹਿਲਾ ਦੇਣਗੇ ਮਹਿਬੂਬ ਦਾ ਮਨ
ਹੋ ਸਕਦਾ ਏ
ਰਾਤਾਂ ਦਾ ਜ਼ਹਿਰ ਘਟ ਜਾਵੇ
ਜਦੋਂ ਹਨ੍ਹੇਰਾ ਜਿੱਤ ਲਿਆ ਗਿਆ…

ਫਿਰ ਸ਼ਾਇਦ ਸਿਗਰਟ ਨਾਲ ਅੰਦਰ ਲੂਹਣ ਦੀ
ਜ਼ਰੂਰਤ ਨਾ ਰਹੇ
ਸ਼ਾਇਦ ਆਵਾਰਗੀ ਦੀ ਜ਼ਿੱਲਤ ਘਟ ਜਾਏ
ਮੁੱਕ ਜਾਏ ਬੇਚਾਰਗੀ ਦਾ ਦਰਦ…

ਸ਼ਾਇਦ ਉਮਰ ਦੇ ਸਫ਼ੇ 'ਤੇ
ਗ਼ਲਤੀਆਂ ਲਾਉਣ ਦੀ ਮੁਸ਼ਕਲ, ਡੂੰਘੀ ਨਾ ਰਹੇ ਏਨੀ
ਹੋ ਸਕਦਾ ਹੈ
ਨਫਰਤ 'ਚ ਭੱਜਣ ਦਾ ਸੰਕਟ ਨਾ ਰਹੇ
ਤੇ ਆਪਣੇ ਚਿਹਰੇ ਨੂੰ ਪਹਿਚਾਣ ਕੇ
ਆਪਣਾ ਕਹਿ ਸਕਣ ਦੀ ਸ਼ਰਮ ਨਾ ਰਹੇ…

ਉਡੀਕ ਤਾਂ ਸ਼ਾਇਦ
ਕਦੇ ਵੀ ਖਤਮ ਨਾ ਹੋਵੇ

ਸੰਕਟ ਦੇ ਪਲ


ਐ ਸੰਕਟ ਦੇ ਪਲ !
ਮੈਂ ਤੁਰਿਆ ਹਾਂ ਉਂਗਲਾਂ 'ਚ ਫੜ ਕੇ
ਆਪਣੇ ਅਨੰਤ ਦੇ ਅਛੋਹ ਟੁਕੜੇ
ਤੇਰੇ ਵਰਤਮਾਨ ਦੇ ਛੱਲੇ ਦੇ ਲੰਘਾਉਣ ਲਈ
ਤੇਰੇ ਨਾ 'ਚੋਂ ਤੈਨੂੰ ਪੈਦਾ ਕਰਨ ਵਾਸਤੇ
ਐ ਸੰਕਟ ਦੇ ਪਲ !

ਏਥੇ ਇਕ ਦਰਿਆ ਹੈ ਆਵਾਜ਼ਾਂ ਦਾ
ਜਿਹਦੇ 'ਚ ਮੇਰੀਆਂ ਨਜ਼ਮਾਂ ਡੁੱਬ ਗਈਆਂ
ਤੇਰਾ ਤੇ ਮੇਰਾ ਸਾਂਝਾ ਅਤੀਤ ਗਲ ਗਿਆ ਹੈ
ਇਕ ਕਾਗਜ਼ ਦੀ ਬੇੜੀ ਵਾਂਗ…

ਐ ਸੰਕਟ ਦੇ ਪਲ !
ਏਥੇ ਖੁਸ਼ਕ ਧੂੜ ਉਡਦੀ ਹੈ ਵੀਰਾਨ ਰਾਹਾਂ 'ਤੇ
ਤੇ ਧੂੜ 'ਚ ਉਡ ਜਾਂਦੇ ਹਨ
ਉਮਰ ਦੇ ਸਾਲ
ਪੁਲਾੜ 'ਚ ਲੀਕ ਨਾ ਤੂੰ ਵਾਹ ਸਕਣੀ ਏ, ਨਾ ਮੈਂ
-ਤੇ ਆਪਣਾ ਇਹੀ ਰਿਸ਼ਤਾ ਹੈ
ਪਰ ਮੈਂਨੂੰ ਮਹਿਸੂਸ ਕਰਨ ਦੇ
ਤੇਰੇ ਪਿੰਡੇ ਵਿਚ ਹੋ ਰਹੀ ਇਤਿਹਾਸ ਦੀ ਪੀੜ
ਮੇਰੀ ਖੁਰਦਰੀ ਤਲੀ 'ਤੇ
ਤੂੰ ਆਪਣਾ 'ਕੁਝ ਨਹੀਂ' ਰੱਖ ਦੇ
ਮੈਂ ਤੇਰੇ ਲਪਕਦੇ ਧੜ ਨੂੰ
ਇਹ ਆਪਣੇ ਪੈਰ ਭੇਟ ਕਰਦਾ ਹਾਂ…

ਐ ਸੰਕਟ ਦੇ ਪਲ !
ਅੱਜ ਬੂਹੇ 'ਤੇ ਤੇਲ ਚੋਅ-
ਮੈਂ ਤੇਰੀ ਚੁੱਪ ਨੂੰ ਸੁਣਨ ਆਇਆ ਹਾਂ
ਤੇਰੇ ਖਲਾਅ ਨੂੰ ਜੀਣ ਆਇਆ ਹਾਂ

ਉਮਰ


ਉਹ ਸੌਂ ਹੀ ਜਾਣਗੇ ਆਖ਼ਿਰ
ਰਾਤ ਨੂੰ ਜਾਗਦੀ ਛੱਡ ਕੇ
ਚਾਂਦਨੀ ਥਿਰਕ ਉੱਠੇਗੀ
ਤਰੇਲੀ ਧਰਤ ਦੇ ਉੱਤੇ
ਲੁੜ੍ਹਕਦੀ ਰਾਤ ਜਾਵੇਗੀ
ਸੁਪਨਿਆਂ ਦੀ ਪਹਾੜੀ 'ਤੇ…

ਜਦੋਂ ਨਜ਼ਰਾਂ ਲੁਕਾਵਣਗੇ
ਬਿਸਤਰੇ ਸ਼ਰਮ ਦੇ ਮਾਰੇ
ਤਲੀ 'ਤੋਂ ਤਿਲਕ ਜਾਵੇਗਾ
ਗੁਲਾਬੀ ਫੁੱਲ ਸਰਘੀ ਦਾ…

ਉਹ ਮੇਰੇ ਗੀਤ ਲੈ ਕੇ ਫੇਰ
ਆਪਣਾ ਹੁਨਰ ਪਾਲਣਗੇ
ਸਮੇਂ ਦੀ ਓਟ ਵਿਚ ਚਿਹਰੇ
ਉਨ੍ਹਾਂ ਦੇ ਬੀਤਦੇ ਜਾਂਦੇ
ਉਹ ਨਿੱਤ ਫ਼ਿਕਰਾਂ ਦੇ ਧੱਕੇ ਰੀਂਗਦੇ ਜਾਂਦੇ…

ਉਹਦੇ ਨਾਂਅ


ਮੇਰੀ ਮਹਿਬੂਬ , ਤੈਨੂੰ ਵੀ ਗਿਲਾ ਹੋਣਾ ਮੁਹੱਬਤ 'ਤੇ
ਮੇਰੇ ਖ਼ਾਤਰ ਤੇਰੇ ਅੱਥਰੇ ਜੇਹੇ ਚਾਵਾਂ ਦਾ ਕੀ ਬਣਿਆ
ਤੂੰ ਰੀਝਾਂ ਦੀ ਸੂਈ ਨਾ' ਉੱਕਰੀਆਂ ਸੀ ਜੋ ਰੁਮਾਲਾਂ 'ਤੇ
ਉਨ੍ਹਾਂ ਧੁੱਪਾਂ ਦਾ ਕੀ ਬਣਿਆ, ਉਨ੍ਹਾਂ ਛਾਵਾਂ ਦਾ ਕੀ ਬਣਿਆ

ਕਵੀ ਹੋ ਕੇ ਕਿੱਦਾਂ ਅਨ-ਪੜ੍ਹੀ ਛੱਡ ਜਾਂਦਾ ਹਾਂ
ਤੇਰੇ ਨੈਣਾਂ ਦੇ ਅੰਦਰ ਲਿਖੀ ਹੋਈ ਇਕਰਾਰ ਦੀ ਕਵਿਤਾ
ਤੇਰੇ ਲਈ ਰਾਖਵੇਂ ਹੋਠਾਂ 'ਤੇ ਹੈ ਪੱਥਰਾ ਗਈ ਅੜੀਏ
ਬੜੀ ਕੌੜੀ , ਬੜੀ ਬੇਰਸ, ਮੇਰੇ ਰੁਜ਼ਗਾਰ ਦੀ ਕਵਿਤਾ

ਮੇਰੀ ਪੂਜਾ , ਮੇਰਾ ਈਮਾਨ, ਅੱਜ ਦੋਵੇਂ ਹੀ ਜ਼ਖਮੀ ਨੇ
ਤੇਰਾ ਹਾਸਾ ਤੇ ਅਲਸੀ ਦੇ ਫੁੱਲਾਂ ਦਾ ਰੁਮਕਦਾ ਹਾਸਾ
ਮੈਨੂੰ ਜਦ ਲੈ ਕੇ ਤੁਰ ਜਾਂਦੇ ਨੇ, ਤੇਰੀ ਖੁਸ਼ੀ ਦੇ ਦੁਸ਼ਮਣ
ਬੜਾ ਬੇ-ਸ਼ਰਮ ਹੋ ਕੇ ਹੱਥਕੜੀ ਦਾ ਟੁਣਕਦਾ ਹਾਸਾ

ਤੇਰਾ ਬੂਹਾ ਹੀ ਹੈ ਪਰ ਜਿਸ ਥਾਂ ਝੁੱਕ ਜਾਂਦਾ ਹੈ ਸਿਰ ਮੇਰਾ
ਮੈਂ ਬੂਹੇ ਜੇਲ੍ਹ ਦੇ ਤੇ ਸੱਤ ਵਾਰੀ ਥੁੱਕ ਕੇ ਲੰਘਦਾ ਹਾਂ
ਮੇਰੇ ਪਿੰਡ ਵਿਚ ਹੀ ਸੱਤਿਆ ਹੈ, ਕਿ ਮੈਂ ਵਿਛ-ਵਿਛ ਕੇ ਜੀਦਾਂ
ਮੈਂ ਅੱਗਿਓਂ ਹਾਕਮਾਂ ਦੇ, ਸ਼ੇਰ ਵਾਂਗੂੰ ਬੁੱਕ ਕੇ ਲੰਘਦਾ ਹਾਂ

ਮੇਰਾ ਹਰ ਦਰਦ ਇੱਕੋ ਸੂਈ ਦੇ ਨੱਕੇ 'ਚੋਂ ਲੰਘਦਾ ਹੈ
ਲੁੱਟਿਆ ਅਮਨ ਸੋਚਾਂ ਦਾ, ਕਤਲ ਹੈ ਜਸ਼ਨ ਖੇਤਾਂ ਦਾ
ਉਹ ਹੀ ਬਣ ਰਹੇ ਨੇ ਦੇਖ ਤੇਰੇ ਹੁਸਨ ਦੇ ਦੁਸ਼ਮਣ
ਜੋ ਅੱਜ ਤੀਕਣ ਰਹੇ ਚਰਦੇ, ਅਸਾਡਾ ਹੁਸਨ ਖੇਤਾਂ ਦਾ

ਮੈਂ ਮਲ ਮਲ, ਕੇ ਤਰੇਲਾਂ ਕਣਕ ਪਿੰਡਾ ਕੂਚਦੀ ਦੇਖੀ
ਮੇਰੇ ਤੱਕਣ 'ਤੇ ਉਸ ਦੇ ਮੁੱਖ ਆਉਂਦੀ ਸੰਗ ਨੂੰ ਤੱਕਿਆ ਹੈ
ਮੈਂ ਵਗਦੀ ਆਡ 'ਤੇ ਵਿਛਦੀ ਤੱਕੀ ਹੈ ਧੁੱਪ ਸੂਰਜ ਦੀ
ਮੈਂ ਰਾਤੀਂ ਸੁੱਤਿਆਂ ਬਿਰਛਾਂ ਨੂੰ ਚੁੰਮਦੇ ਨੂੰ ਤੱਕਿਆ ਹੈ

ਮੈਂ ਤੱਕਿਆ ਹੈ ਧਰੇਕਾਂ ਦੇ ਫੁੱਲਾਂ 'ਤੇ ਮਹਿਕ ਗਾਉਂਦੀ ਨੂੰ
ਮੈਂ ਤੱਕਿਆ ਹੈ ਕਪਾਹ ਦੇ ਫੁੱਟਾਂ ਵਿਚ ਟਕਸਾਲ ਢਲਦੀ ਨੂੰ
ਮੈਂ ਚੋਰਾਂ ਵਾਂਗ ਗਿਟਮਿਟ ਕਰਦੀਆਂ ਚਰ੍ਹੀਆਂ ਨੂੰ ਤੱਕਿਆ ਹੈ
ਮੈਂ ਤੱਕਿਆ ਹੈ ਸਰ੍ਹੋਂ ਦੇ ਫੁੱਲਾਂ 'ਤੇ ਤਿਰਕਾਲ ਢਲਦੀ ਨੂੰ

ਮੇਰਾ ਹਰ ਚਾਅ ਇਨ੍ਹਾਂ ਫਸਲਾਂ ਦੀ ਮੁਕਤੀ ਨਾਲ ਜੁੜਿਆ ਹੈ
ਤੇਰੀ ਮੁਸਕਾਨ ਦੀ ਗਾਥਾ ਹੈ, ਹਰ ਕਿਰਸਾਨ ਦੀ ਗਾਥਾ
ਮੇਰੀ ਕਿਸਮਤ ਹੈ ਬਸ ਹੁਣ ਬਦਲਦੇ ਹੋਏ ਵਕਤ ਦੀ ਕਿਸਮਤ
ਮੇਰੀ ਗਾਥਾ ਹੈ ਬੱਸ ਲਿਸ਼ਕਦੀ ਹੋਈ ਕਿਰਪਾਨ ਦੀ ਗਾਥਾ

ਮੇਰਾ ਚਿਹਰਾ ਹੈ ਅੱਜ ਤਲਖੀ ਨੇ ਏਦਾਂ ਖੁਰਦਰਾ ਕੀਤਾ
ਕਿ ਇਸ ਚਿਹਰੇ 'ਤੇ ਪੈ ਕੇ ਚਾਂਦਨੀ ਨੂੰ ਖੁਰਕ ਜਹੀ ਛਿੜਦੀ
ਮੇਰੀ ਜ਼ਿੰਦਗੀ ਦੀਆਂ ਜ਼ਹਿਰਾਂ ਨੇ ਅੱਜ ਇਤਿਹਾਸ ਲਈ ਅੰਮ੍ਰਿਤ
ਇਨ੍ਹਾਂ ਨੂੰ ਪੀ ਪੀ ਮੇਰੀ ਕੌਮ ਨੂੰ ਹੈ ਸੁਰਤ ਜਹੀ ਛਿੜਦੀ

ਅਹਿਮਦ ਸਲੀਮ ਦੇ ਨਾਂ


ਐ ਕਲਮ ਦੇ ਕਿਰਤੀਆ ਵੇ, ਐ ਮੇਰੇ ਅਹਿਮਦ ਸਲੀਮ
ਚੁੰਮ ਕੇ ਸੀਖਾਂ, ਮੇਰੇ ਸੱਜਰੇ ਬਣੇ ਰਿਸ਼ਤੇ ਦੇ ਵੀਰ
ਮੈਂ ਵੀ ਹਾਂ ਜੇਲ੍ਹਾਂ ਦਾ ਸ਼ਾਇਰ, ਮੇਰਾ ਵੀ ਨੇ ਇਸ਼ਕ ਲੋਕ
ਤੈਂਨੂੰ ਪੱਛਦੇ ਨੇ ਪਿੰਡੀ ਦੇ, ਤੇ ਮੈਂਨੂੰ ਦਿੱਲੀ ਦੇ ਤੀਰ

ਤਾਹੀਓਂ ਫੜ ਹੋਵਣ 'ਤੇ ਤੇਰੇ, ਚੀਕ ਨਹੀਂ ਉੱਠਿਆ ਸਾਂ ਮੈਂ
ਮੈਂ ਤਾਂ ਖੁਸ਼ ਹੋਇਆ ਸਾਂ ਕਿ ਹੋ ਗਈ ਤੇਰੀ ਕਵਿਤਾ ਜਵਾਨ
ਨਾਲੇ ਮੇਰੇ ਘਰ 'ਚ ਵੀ ਸਨ, ਸੜ ਰਹੇ ਢਾਕੇ ਅਨੇਕ
ਏਥੇ ਵੀ ਬੁੱਕਦਾ ਪਿਆ ਸੀ, ਭੇਸ ਬਦਲੀ ਯਾਹੀਆ ਖ਼ਾਨ

ਮੈਂ ਬੜਾ ਹੈਰਾਨ ਸਾਂ, ਕੁਰਲਾਉਂਦਿਆਂ ਦੰਭੀਆਂ ਨੂੰ ਵੇਖ
ਜੋ ਤੇਰੇ ਸੀਖਾਂ 'ਚ ਹੋਵਣ 'ਤੇ ਸੀ ਧਾਹਾਂ ਮਾਰਦੇ
ਸੜਦੇ ਘਰ ਵਲ ਪਿੱਠ ਕਰਕੇ, ਰੇਤ ਸੁੱਟਦੇ ਸੀ ਗਵਾਂਢ
ਮੈਂ ਦੁਖੀ ਸਾਂ ਥੁੱਕ ਰਹੇ ਨੇ, ਮੂੰਹ 'ਤੇ ਮੇਰੇ ਯਾਰ ਦੇ

ਮੈਂ ਨਹੀਂ ਕਹਿੰਦਾ ਕਿ ਕਾਤਲ, ਕਿਤੇ ਵੀ ਹੋਵਣ ਖ਼ਿਮਾਂ
ਮੈਂ ਨਹੀਂ ਕਹਿੰਦਾ ਕਿਤੇ ਵੀ, ਲੁੱਟ ਹੋਣੀ ਹੈ ਸਹੀ
ਮੈਂ ਤਾਂ ਕਹਿੰਦਾ ਹਾਂ ਕਿ ਲੋਟੂ ਬਦਲਣੇ ਮੁਕਤੀ ਨਹੀਂ
ਹਿੰਦ ਪਾਕੀ ਬਾਣੀਆਂ ਦੀ, ਹੈ ਇਕੋ ਜੇਹੀ ਵਹੀ

ਮੈਂ ਤਾਂ ਕਹਿੰਦਾ ਹਾਂ ਆਜ਼ਾਦੀ ਦਾਣਿਆਂ ਦੀ ਮੁੱਠ ਨਹੀਂ
ਦਾਨ ਜਿਹੜੀ ਹੋ ਸਕੇ, ਪੈਸੇ ਨੂੰ ਜਿਹੜੀ ਆ ਸਕੇ
ਇਹ ਤਾਂ ਉਹ ਫ਼ਸਲ ਜਿਸ ਨੂੰ ਲਹੂ ਨਾਂ' ਸਿੰਜਦੇ ਨੇ ਲੋਕ
ਇਹ ਨਹੀਂ ਕੋਈ ਪ੍ਰੇਮ-ਪੱਤਰ, ਜੋ ਕਬੂਤਰ ਲਿਆ ਸਕੇ

ਪੁੱਤ ਖਾਣੀ ਡੈਣ ਜਿਸ ਨੇ ਘਰ 'ਚ ਕੋਈ ਛੱਡਿਆ ਨਹੀਂ
ਨਰਮ ਸੀਨੇ ਖਾਣ ਦਾ ਜਿਸ ਨੂੰ ਪਿਆ ਹੋਵੇ ਸਵਾਦ
ਜ਼ਿੰਦਗੀ ਦੀ ਪਿਉਂਦ ਉਹ ਹੋਰਾਂ ਦੇ ਲਾ ਸਕਦੀ ਨਹੀਂ
ਉਹ ਖਿੜਾ ਸਕਦੀ ਨਹੀਂ , ਹਮਸਾਇਆਂ ਦੇ ਵਿਹੜੇ 'ਚ ਬਾਗ

ਆ ਦਿਖਾਵਾਂ ਤੈਨੂੰ ਮੈਂ ਬੰਗਾਲ ਦੇ ਰਿਸਦੇ ਜ਼ਖਮ
ਆ ਤੈਨੂੰ ਦਿਖਲਾ ਦਿਆਂ, ਆਂਧਰਾ ਦੇ ਦਿਲ 'ਚ ਛੇਕ
ਜੇ ਤੂੰ ਲੋੜੇਂ ਇਸ ਆਜ਼ਾਦੀ ਵੰਡਦੀ ਦੇਵੀ ਦੇ ਦੀਦ
ਆ ਮੇਰੇ ਪੰਜਾਬ ਦੇ ਸੜਦੇ ਹੋਏ ਮੋਗੇ ਨੂੰ ਦੇਖ

ਤੇਰੇ ਫੜ ਹੋਵਣ 'ਤੇ ਜੋ, ਪਾਉਂਦੇ ਸੀ ਹਮਦਰਦੀ ਦੇ ਵੈਣ
ਬਹੁਤ ਪਾਉਂਦੇ ਸੀ ਜੋ ਯਾਹੀਆ ਖ਼ਾਨ ਦੇ ਜ਼ੁਲਮਾਂ ਦੀ ਡੰਡ
ਪੁਤਲੇ ਜੋ ਜਮਹੂਰੀਅਤ ਦੇ ਉਨ੍ਹਾਂ ਦੀਆਂ ਜੇਲ੍ਹਾਂ ਅੰਦਰ
ਆ ਤੈਨੂੰ ਸੁੰਘਾ ਦਿਆਂ ਸੜਦੇ ਹੋਏ ਜੋਬਨ ਦੀ ਗੰਧ

ਨਾ ਅਸੀਂ ਜਿੱਤੀ ਏ ਜੰਗ, ਤੇ ਨਾ ਹਰੇ ਪਾਕੀ ਕਿਤੇ
ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਕੇ ਨੱਚੇ
ਅਜੇ ਤਾਂ ਬੱਸ ਢਿੱਡ ਹੀ ਢਿੱਡ ਹਾਂ ਆਦਮੀ ਪੂਰੇ ਨਹੀਂ
ਅਜੇ ਨਾਂ ਦੁਸ਼ਮਣ ਹਾਂ ਆਪਾਂ, ਨਾ ਕਿਸੇ ਦੇ ਹਾਂ ਸੱਕੇ

ਅਜੇ ਤਾਂ ਜੰਗੀਆਂ ਦੀ ਟੋਲੀ, ਚੁਹਲ ਕਰਦੀ ਹੈ ਪਈ
ਸਾੜ ਕੇ ਢਾਕੇ ਨੂੰ ਪਰਚੇ ਅੱਗ ਦੇ ਫੁੱਲਾਂ ਦੇ ਨਾਲ
ਇਸ ਨੂੰ ਕਵਿਤਾ ਜਾਗਦੀ ਹੈ, ਛੰਭ ਦੇ ਖੰਡਰਾਂ ਅੰਦਰ
ਇਸ਼ਕ ਆਉਂਦਾ ਹੈ ਧਵਾਂਖੀ ਧਰਤ ਦੇ ਬੁਲ੍ਹਾਂ ਦੇ ਨਾਲ

ਨਾ ਤਾਂ ਉਹ ਮਰਦਿ-ਮੁਜਾਹਦ, ਨਾ ਨੇ ਕੈਦੀ ਜੰਗ ਦੇ
ਨਾ ਉਨ੍ਹਾਂ ਲੁੱਟੀਆਂ ਨੇ ਇੱਜ਼ਤਾਂ, ਨਾ ਉਨ੍ਹਾਂ ਸੁੱਟੇ ਨੇ ਸੰਦ
ਨਾ ਉਨ੍ਹਾਂ ਕੋਲ ਪੈਰ ਹਨ, ਨਾ ਸੀਸ ਧੌਣਾਂ ਦੇ ਉੱਤੇ
ਕੀ ਉਨ੍ਹਾਂ ਨੇ ਹਾਰਨਾ ਤੇ ਕੀ ਉਨ੍ਹਾਂ ਜਿੱਤਣੀ ਏ ਜੰਗ

ਉਨ੍ਹਾਂ ਦੀ ਖ਼ਾਤਰ ਤੂੰ ਕਿਉਂ ਨਹੀਂ ਬੋਲਦਾ ਅਹਿਮਦ ਸਲੀਮ
ਜਿਸਮ ਜਿਹੜੇ ਜਾਬਰਾਂ ਦੇ ਹੁਕਮ ਵਿਚ ਜੂੜੇ ਹੋਏ
ਤੜਫਦੇ ਹੋਏ ਤੁਰ ਗਏ ਜੋ ਆਪਣੇ ਟੱਬਰਾਂ ਤੋਂ ਦੂਰ
ਤੜਫਦੇ ਹਨ ਅਜੇ ਵੀ ਉਹ ਹਿੰਦ ਵਿਚ ਨੂੜੇ ਪਏ

ਹਰ ਦੂਏ ਤੀਏ ਜਦੋਂ ਫੁੰਕਾਰਦਾ ਹੈ ਰੇਡੀਓ
ਭੱਜਦੇ ਹੋਏ ਢਿੱਡ ਕੁੱਝ ਟਕਰਾਏ ਸੰਗੀਨਾਂ ਦੇ ਨਾਲ
ਕਿਉਂ ਤੇਰੀ ਤਰਸਾਂ ਭਰੀ, ਕਾਨੀ ਕਦੇ ਰੋਈ ਨਹੀਂ
ਕਿਉਂ ਤੇਰੇ ਕੂਲੇ ਖਿਆਲਾਂ ਵਿਚ ਨਹੀਂ ਆਉਂਦਾ ਭੁਚਾਲ

ਤੇਰੀ ਹਮਦਰਦੀ ਭਰੀ ਉਹ ਆਤਮਾ ਕਿੱਥੇ ਗਈ
ਜਾਂ ਹੈ ਤੈਨੂੰ ਖੌਫ, ਨਾ ਟੁੱਟੇ ਤੇਰਾ ਭਾਰਤ 'ਚ ਮਾਣ
ਜੋ ਤੈਨੂੰ ਗਰਦਾਨਦੇ ਪਏ ਸੀ ਪੈਗ਼ੰਬਰ ਸੱਚ ਦਾ
ਹੁਣ ਕਿਤੇ ਨਾ ਆਖ ਦੇਵਣ, ਇਕ ਨਾ-ਸ਼ੁਕਰਾ ਮੁਸਲਮਾਨ

ਮੈਂ ਨਹੀਂ ਕਹਿੰਦਾ ਮੁਹਬੱਤ ਵਿੱਚ ਪਿਘਲ ਜਾਇਆ ਨਾ ਕਰ
ਮੈਂ ਨਹੀਂ ਕਹਿੰਦਾ ਕਿ ਆਢਾ ਜ਼ੁਲਮ ਨਾਲ ਲਾਇਆ ਨਾ ਕਰ
ਮੈਂ ਤਾਂ ਕਹਿੰਦਾ ਹਾਂ ਕਿ ਜ਼ੁਲਮ ਦੀ ਜੜ੍ਹਾਂ ਤੋਂ ਪਹਿਚਾਨ ਕਰ
ਸ਼ੂਕਦੇ ਪੱਤਿਆਂ ਦੇ ਉੱਤੇ ਥੁੱਕ ਕੇ ਮੁੜ ਜਾਇਆ ਨਾ ਕਰ

ਆ ਅਸੀਂ ਢਿੱਡਾਂ ਨੂੰ ਕਹੀਏ, ਸਿਰਾਂ ਦੀ ਖ਼ਾਤਰ ਲੜੋ
ਬਣ ਕੇ ਪੂਰੇ ਜਿਸਮ ਆਪਣੀ ਕਿਸਮ ਦੀ ਖ਼ਾਤਰ ਲੜੋ
ਫਿਰ ਬਣਾ ਕੇ ਜੰਗੀ ਕੈਦੀ, ਪੂਰੀ ਦੇਵਾਂਗੇ ਸਜ਼ਾ
ਅਜੇ ਤਾਂ ਯਾਰੋ ਬੱਸ ਅਪਣੇ ਜਿਸਮ ਦੀ ਖ਼ਾਤਰ ਲੜੋ

ਸੁਣੋ


ਸਾਡੇ ਚੁਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫ਼ਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆਂ ਭਰੀ ਪਤਲੂਣ ਦਾ ਹਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ 'ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ-ਸ਼ਬਦ ਆਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗ਼ਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜ੍ਹਿਆ ਲਿਖਿਆ ਗੀਤ ਸੁਣੋ
ਤੁਸੀਂ ਗ਼ਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ

ਲੰਕਾ ਦੇ ਇਨਕਲਾਬੀਆਂ ਨੂੰ


ਮੇਰੇ ਲੰਕਾ ਦੇ ਹਮਰਾਹੀ, ਜੁਝਾਰੂ ਵੀਰ ਸੰਗਰਾਮੀ
ਮੈਂ ਅਦਨਾ ਭਾਰਤੀ ਤੇਰੀ ਕਚਹਿਰੀ ਵਿਚ ਹਾਜ਼ਰ ਹਾਂ
ਤੇਰਾ ਵੀ ਰੋਸ ਸੱਚਾ ਹੈ, ਮੇਰੀ ਵੀ ਅਰਜ਼ ਸੱਚੀ ਹੈ
ਨਾ ਮੈਥੋਂ ਓਪਰਾ ਏਂ ਤੂੰ, ਨਾ ਤੈਥੋਂ ਮੈਂ ਹੀ ਨਾਬਰ ਹਾਂ

ਤੇਰੇ ਫ਼ੀਤੇ ਉਡਾਵਣ ਨੂੰ, ਤੇਰੇ ਸੁਪਨੇ ਬਖੇਰਨ ਨੂੰ
ਜੋ ਮੇਰੇ ਦੇਸ਼ ਵਿੱਚੋਂ ਤੇਰੇ ਲਈ ਸੌਗਾਤ ਆਈ ਹੈ
ਇਹ ਗੱਲ ਅਜੂਬਾ ਨਹੀਂ ਹੈ ਤੇਰੇ ਲਈ ਨਾ ਮੇਰੇ ਲਈ
ਪੁਰਾਣੀ ਗੱਲ ਹੈ ਯਾਰਾ, ਚੋਰ ਨੇ ਚੋਰ ਦੀ ਯਾਰੀ ਨਿਭਾਈ ਹੈ

ਤੇਰੇ ਵੀ ਦਿਲ 'ਚੋਂ ਅੱਗ ਭੜਕੀ, ਮੇਰਾ ਵੀ ਲਹੂ ਉਬਲਿਆ ਹੈ
ਜੇ ਤੂੰ ਹਥਿਆਰ ਚੁੱਕੇ ਨੇ, ਤਾਂ ਮੈਂ ਕਦ ਸਬਰ ਕੀਤਾ ਹੈ
ਮੇਰੇ ਲੋਕਾਂ ਦੇ ਵੀਰੇ, ਆਪਾਂ ਇਕੋ ਦਰਦ ਜੀਂਦੇ ਹਾਂ
ਮੇਰਾ ਲਹੂ ਰਾਮ ਨੇ ਪੀਤਾ, ਤੇਰਾ ਰਾਵਣ ਨੇ ਪੀਤਾ ਹੈ

ਲਹੂ ਪਿਲਾਵਣ ਵਾਲੇ ਜਦ ਕਦੀ ਹੁਸ਼ਿਆਰ ਹੁੰਦੇ ਨੇ
ਇਨ੍ਹਾਂ ਨੂੰ ਲਹੂ ਪਿਲਾਈ ਜਾਣ ਦਾ ਠਰਕ ਨਹੀਂ ਰਹਿੰਦਾ
ਇਸ ਬਾਨਰ ਕੌਮ ਨੂੰ ਸੱਚ ਦੀ ਜਦੋਂ ਪਹਿਚਾਨ ਹੁੰਦੀ ਹੈ
ਓਦੋਂ ਫਿਰ ਰਾਮ ਤੇ ਰਾਵਣ 'ਚ ਕੋਈ ਫਰਕ ਨਹੀਂ ਰਹਿੰਦਾ

ਇਹ ਇੰਦਰਾ ਜਿਸ ਨੇ ਤੈਨੂੰ ਮੌਤ ਦਾ ਪੈਗਾਮ ਘੱਲਿਆ ਹੈ
ਸਵਿਟਜ਼ਰਲੈਂਡ ਵਿਚ ਜਨਮੀ ਲੰਡਨ ਦੀ ਬੇਟੀ ਹੈ
ਇਹਦੀ ਸਾੜ੍ਹੀ 'ਚ ਡਾਲਰ ਹੈ, ਇਹਦੀ ਅੰਗੀ 'ਚ ਰੂਬਲ ਹੈ
ਇਹਨੂੰ ਮੇਰੇ ਦੇਸ਼ ਦੀ ਕਹਿਣਾ ਮੇਰੀ ਧਰਤੀ ਦੀ ਹੇਠੀ ਹੈ

ਤੂੰ ਸੱਚ ਮੰਨੀ ਮੇਰੇ ਦੇਸ਼ ਦੀ ਹਰ ਕੁੜੀ ਇੰਦਰਾ ਨਹੀਂ
ਮੇਰੀ ਧਰਤੀ 'ਚ ਉੱਗਦਾ ਹੈ, ਅਜੀਤਾ ਭੈਣ ਦਾ ਜੇਰਾ
ਤੂੰ ਅੱਜ ਵੀ ਦੇਖ ਸਕਦਾ ਏਂ, ਜ਼ੁਲਮ ਦੀ ਮਾਰ ਦੇ ਥੱਪੜ
ਜੇ ਲੰਕਾ ਦੇ ਬਹਾਦਰ ਵੇਖੇਂ, ਕੇਵਲ ਕੌਰ ਦਾ ਚਿਹਰਾ

ਮੈਂ ਖ਼ੁਦ ਸੀਖਾਂ 'ਚ ਬੰਦ ਹਾਂ, ਤੇਰੇ ਲਈ ਕੁਝ ਭੇਜ ਨਹੀਂ ਸਕਦਾ
ਤੂੰ ਭਰ ਦੇਵੀਂ ਆਜ਼ਾਦੀ-ਹੀਰ ਦੀ ਖ਼ੁਦ ਮਾਂਗ ਸੰਧੂਰੀ
ਜਦ ਇਹ ਲੋਹੇ ਦੇ ਹਰਕਾਰੇ, ਤੇਰੇ 'ਤੇ ਬੰਬ ਸੁੱਟਣਗੇ
ਤੂੰ ਝੂਜੇਂਗਾ, ਮੇਰੇ ਸਾਥੀ ਵੀ ਭਾਜੀ ਦੇਣਗੇ ਪੂਰੀ

ਆ ਲੰਕਾ ਦੇ ਬਹਾਦਰ ਆਪਾਂ ਇਕ ਇਕਰਾਰ ਕਰ ਲਈਏ
ਧਰਮ-ਯੁੱਧ ਵਿਚ ਝੂਜਣ ਦਾ, ਦੁਸਹਿਰਾ ਨਿੱਤ ਮਨਾਵਣ ਦਾ
ਜ਼ੁਲਮ ਹੱਕਾਂ ਦੀ ਸੀਤਾ 'ਤੇ ਕਿਸੇ ਦਾ ਹੋਣ ਨਹੀਂ ਦੇਣਾ
ਕਿ ਦਸ ਹੋਵਣ ਜਾਂ ਸੌ ਹੋਵਣ, ਲਾਹੀਏ ਸੀਸ ਰਾਵਣ ਦਾ

ਹਾਂ ਉਦੋਂ


ਜੁੱਗਾਂ ਤੋਂ ਇਕ ਵੇਲਣਾ ਚਲਦਾ ਹੈ
ਪੀੜੀ ਜਾ ਰਿਹਾ ਰੁੱਤਾਂ ਦੀ ਮਹਿਕ
ਤੁਹਾਡੀ ਸੁਹਜ-ਸ਼ਾਸਤਰ ਕੌਣ ਪੜ੍ਹੇ
ਕੁਰਲਾਹਟਾਂ, ਚੀਸਾਂ ਦੀ ਏਸ ਦਲਦਲ ਵਿਚ
ਉਹ ਕਿਸ ਹੱਦ ਤਕ ਢੂੰਡਣਗੇ
ਸਲੋਨੇ ਤਾਲ ਸ਼ਬਦਾਂ 'ਚੋਂ
ਲਹੂ ਆਪਣੇ ਦੇ ਵਿਚ ਹੀ ਨਿਚੁੜਦਾ ਹੋਵੇ
ਜਿਨ੍ਹਾਂ ਦੀ ਹੋਂਦ ਦਾ ਪੱਲਾ…

ਉਖੇੜਨ ਵਾਸਤੇ ਇਹ ਅਮਲ ਕਤਲਾਂ ਦਾ
ਵਕਤ ਦੇ ਵੇਲਣੇ 'ਚ ਦਿੱਤੀ ਹੈ ਜਿਨ੍ਹਾਂ ਨੇ ਬਾਂਹ
ਉਹ ਤੁਹਾਡੀ ਕਲਾ-ਬਿਰਤੀ ਨੂੰ ਹੀ ਬੱਸ
ਪਰਚਾਉਣ ਨਹੀਂ ਆਏ
ਨਾ ਹੀ ਉਨ੍ਹਾਂ ਦੇ ਲਹੂ ਦੀ ਸੜਾਂਦ 'ਚੋਂ
ਤੁਸਾਂ ਨੂੰ ਕੋਈ ਸੁਹਜ ਲੱਭਣਾ ਹੈ…

ਤੁਸੀਂ ਚਾਹੁੰਦੇ ਹੋ
ਅਸੀਂ ਮਹਿਕਦਾਰ ਸ਼ੈਲੀ 'ਚ ਲਿਖੀਏ
ਫੁਲਾਂ ਦੇ ਗੀਤ
ਸੁੱਕੇ ਸਲਵਾ੍ਹੜ 'ਚੋਂ ਲੱਭਦੇ ਹੋ
ਬਹਾਰ ਦੀ ਰੂਹ-
ਕਿੰਨੀ ਗਲਤ ਥਾਂ ਤੇ ਆ ਗਏ ਹੋ ਤੁਸੀਂ
ਇਹ ਸਲਵਾ੍ਹੜ ਤਾਂ ਅੱਜ ਜਾਂ ਭਲਕ ਸੜ ਜਾਣਾ ਹੈ
ਨਾਲ ਹੀ ਭਸਮ ਹੋ ਜਾਣੀ
ਉਜਾੜ ਦੀ ਮਾਰੂ-ਦਹਿਸ਼ਤ
ਤੇ ਧਰਤੀ ਦੀ ਬਾਂਝ-ਪਰਤ…

ਫੇਰ ਏਥੇ ਹੋਣੀ ਵਾਂਗ ਉੱਗਣਗੇ ਮਹਿਕਾਂ ਦੇ ਬਾਗ਼
ਹਾਂ, ਉਨ੍ਹਾਂ ਤੋਂ ਮੰਗ ਲੈਣੀ
ਰੂਪ ਦੀ ਮਿਠਾਸ
ਤੁਸਾਂ ਉਸ ਰੁੱਤ ਨੂੰ ਪਾ ਲੈਣਾ ਕੋਈ ਵੀ ਸਵਾਲ
ਜੇ ਤਦ ਤੱਕ ਤੁਹਾਡੀ ਜੀਭ
ਪੱਥਰਾ ਨਾ ਗਈ ਹੋਵੇ…

ਸੰਵਿਧਾਨ


ਇਹ ਪੁਸਤਕ ਮਰ ਚੁੱਕੀ ਹੈ
ਇਹਨੂੰ ਨਾ ਪੜ੍ਹੋ
ਇਸ ਦੇ ਲਫਜ਼ਾਂ ਵਿਚ ਮੌਤ ਦੀ ਠੰਡ ਹੈ
ਤੇ ਇਕ ਇਕ ਸਫਾ
ਜ਼ਿੰਦਗੀ ਦੇ ਆਖਰੀ ਪਲ ਵਰਗਾ ਭਿਆਨਕ
ਇਹ ਪੁਸਤਕ ਜਦ ਬਣੀ ਸੀ
ਤਾਂ ਮੈਂ ਇਕ ਪਸ਼ੂ ਸਾਂ
ਸੁੱਤਾ ਪਿਆ ਪਸ਼ੂ……..
ਤੇ ਜਦ ਮੈਂ ਜਾਗਿਆ
ਤਾਂ ਮੇਰੇ ਇਨਸਾਨ ਬਣਨ ਤੀਕ
ਇਹ ਪੁਸਤਕ ਮਰ ਚੁੱਕੀ ਸੀ
ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ
ਤਾਂ ਪਸ਼ੂ ਬਣ ਜਾਓਗੇ
ਸੁੱਤੇ ਹੋਏ ਪਸ਼ੂ

ਮੈਂਨੂੰ ਚਾਹੀਦੇ ਹਨ ਕੁਝ ਬੋਲ

ਮੈਂਨੂੰ ਚਾਹੀਦੇ ਹਨ ਕੁਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ……

ਖੋਹ ਲਵੋ ਮੈਥੋਂ ਇਹ ਭੀੜ ਦੀ ਟੈਂ ਟੈਂ
ਸਾੜ ਦੇਵੋ ਮੈਂਨੂੰ ਮੇਰੀਆਂ ਨਜ਼ਮਾਂ ਦੀ ਧੂਣੀ 'ਤੇ
ਮੇਰੀ ਖੋਪੜੀ 'ਤੇ ਬੇਸ਼ਕ ਟਣਕਾਵੋ ਹਕੂਮਤ ਦਾ ਸਿਆਹ-ਡੰਡਾ
ਪਰ ਮੈਂਨੂੰ ਦੇ ਦਿਓ ਕੁਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ…

ਮੈਂਨੰ ਨਹੀਂ ਚਾਹੀਦੇ ਅਮੀਨ ਸੱਯਾਨੀ ਦੇ ਡਾਇਲਾਗ
ਸਾਂਭੋ ਆਨੰਦ ਬਖਸ਼ੀ, ਤੁਸੀਂ ਜਾਣੋ ਲਕਸ਼ਮੀ ਕਾਂਤ
ਮੈਂ ਕੀ ਕਰਨਾ ਹੈ ਇੰਦਰਾ ਦਾ ਭਾਸ਼ਨ
ਮੈਂਨੂੰ ਚਾਹੀਦੇ ਹਨ ਕੁਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ…

ਮੇਰੇ ਮੂੰਹ 'ਚ ਤੁੰਨ ਦਿਓ ਯਮਲੇ ਜੱਟ ਦੀ ਤੂੰਬੀ
ਮੇਰੇ ਮੱਥੇ 'ਤੇ ਝਰੀਟ ਦੇਵੋ ਟੈਗੋਰ ਦੀ ਨੈਸ਼ਨਲ ਇੰਥਮ
ਮੇਰੀ ਹਿੱਕ 'ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ

ਮੈਂ ਕਾਹਨੂੰ ਪੜ੍ਹਨਾ ਹੈ ਜ਼ਫ਼ਰਨਾਮਾ
ਜੇ ਮੈਂਨੂੰ ਮਿਲ ਜਾਣ ਕੁਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ…
ਮੇਰੀ ਪਿੱਠ 'ਤੇ ਲੱਦ ਦਿਓ ਬਾਜਪਾਈ ਦਾ ਬੋਝਲ ਪਿੰਡਾ
ਮੇਰੇ ਗਲ 'ਚ ਪਾ ਦਿਓ ਹੇਮੰਤ ਬਾਸੂ ਦੀ ਲਾਸ਼
ਮੇਰੇ ਢੂਹੇ 'ਚ ਦੇ ਦਿਓ ਲਾਲਾ ਜਗਤ ਨਰਾਇਣ ਦਾ ਸਿਰ
ਚਲੋ ਮੈਂ ਮਾਓ ਦਾ ਨਾਂ ਵੀ ਨਹੀਂ ਲੈਂਦਾ
ਪਰ ਮੈਂਨੂੰ ਦੇ ਦਿਓ ਤਾਂ ਸਹੀ ਕੁੱਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ…

ਮੈਂਨੂੰ ਪੈੱਨ ਵਿਚ ਸਿਆਹੀ ਨਾ ਭਰਨ ਦੇਵੋ
ਮੈਂ ਆਪਣੀ 'ਲੋਹ ਕਥਾ' ਵੀ ਸਾੜ ਦਿੰਦਾ ਹਾਂ
ਮੈਂ 'ਚੰਦਨ' ਨਾਲ ਵੀ ਕਾਟੀ ਕਰ ਲੈਂਦਾ ਹਾਂ
ਜੇ ਮੈਂਨੂੰ ਦੇ ਦਿਓ ਕੁੱਝ ਬੋਲ
ਜਿਨ੍ਹਾਂ ਦਾ ਇਕ ਗੀਤ ਬਣ ਸਕੇ…

ਇਹ ਗੀਤ ਮੈਂ ਉਨ੍ਹਾਂ ਗੁੰਗਿਆਂ ਨੂੰ ਦੇਣਾ ਹੈ
ਜਿਨ੍ਹਾਂ ਨੂੰ ਗੀਤਾਂ ਦੀ ਕਦਰ ਹੈ
ਪਰ ਜਿਨ੍ਹਾਂ ਨੂੰ ਤੁਹਾਡੇ ਭਾਣੇ ਗਾਉਣਾ ਨਹੀਂ ਪੁੱਗਦਾ
ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ, ਕੋਈ ਗੀਤ
ਮੈਂਨੂੰ ਬਕਣ ਦੇਵੋ ਮੈਂ ਕੀ ਬਕਦਾ ਹਾਂ


ਅਸੀਂ ਲੜਾਂਗੇ ਸਾਥੀ


ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੇ,ਉਦਾਂਸ਼ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਦੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ

ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਤੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ…
ਅਸੀਂ ਲੜਾਂਗੇ ਜਦ ਤੱਕ
ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ…

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ

ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…

ਹੱਥ


ਮੈਂ ਆਪਣੇ ਜਿਸਮ ਨੂੰ
ਹੱਥਾਂ 'ਚ ਸਾਂਭ ਸਕਦਾ ਹਾਂ
ਮੇਰੇ ਹੱਥ ਜਦ ਮਹਿਬੂਬ ਦਾ ਹੱਥ ਮੰਗਦੇ ਹਨ
ਫੜਨ ਨੂੰ ਤਾਂ ਮੈਂ ਚੰਨ ਵੀ ਹੱਥਾਂ 'ਚ ਫੜਨਾ ਲੋਚਦਾ ਹਾਂ।

ਮੇਰੇ ਹੱਥਾਂ ਨੂੰ ਪਰ
ਸੀਖਾਂ ਦੀ ਛੁਹ ਬੇ-ਸ਼ਿਕਵਾ ਮੁਬਾਰਕ ਹੈ
ਨਾਲੇ ਕੋਠੜੀ ਦੇ ਇਸ ਹਨੇਰੇ ਵਿਚ ਮੇਰੇ ਹੱਥ, ਹੱਥ ਨਹੀ ਹੁੰਦੇ-
ਸਿਰਫ ਚਪੇੜ ਹੁੰਦੇ ਹਨ…

ਹੱਥ ਮਿਲਾਉਣ 'ਤੇ ਪਾਬੰਦੀ ਸਿਸਕਦੀ ਰਹਿ ਜਾਂਦੀ ਹੈ
ਜਦ ਅਚਨਚੇਤ ਕੋਈ ਸਾਥੀ ਸਾਮ੍ਹਣੇ ਆਉਂਦਾ ਹੈ
ਹੱਥ ਖੁਦ-ਬ-ਖੁਦ
ਮੁੱਕਾ ਬਣ ਕੇ ਲਹਿਰਾਉਣ ਲਗਦੇ ਹਨ…

ਦਿਨ ਹੱਥ ਖਿੱਚਦਾ ਹੈ
ਤਾਂ ਰਾਤ ਹੱਥ ਵਧਾਉਂਦੀ ਹੈ
ਕੋਈ ਹੱਥ ਖੋਹ ਨਹੀਂ ਸਕਦਾ ਇਨ੍ਹਾਂ ਹੱਥਾਂ ਦਾ ਸਿਲਸਿਲਾ
ਤੇ ਕਦੀ ਬੂਹੇ ਦੇ ਪੰਜਾਂ ਦੇ ਪੰਜ ਸਰੀਏ
ਬਣ ਜਾਂਦੇ ਹਨ ਕੋਈ ਬੜੇ ਪਿਆਰੇ ਹੱਥ-
ਇਕ ਹੱਥ ਮੇਰੇ ਪਿੰਡ ਦੇ ਬਜ਼ੁਰਗ ਤੁਲਸੀ ਦਾ
ਜਿਸ ਦੀਆਂ ਉਂਗਲਾਂ
ਵਰ੍ਹਿਆਂ ਨੂੰ ਗੁੰਨ੍ਹ ਗੁੰਨ੍ਹ ਕੇ ਸੀ ਏਨੀਆਂ ਹੰਭੀਆਂ
ਕਿ ਮੈਂਨੂੰ ਪੜ੍ਹਾਉਂਦਿਆਂ
ਉਰਦੂ ਦੇ ਮੁੱਢਲੇ ਸਬਕ
ਬਣ ਜਾਂਦਾ ਸੀ ਉਸ ਤੋਂ ਅਲਫ਼ ਦਾ 'ਤ'…

ਇਕ ਹੱਥ ਜਗੀਰੀ ਦਰਜ਼ੀ ਦਾ
ਜੋ ਜਦੋਂ ਵੀ ਮੈਂਨੂੰ ਜਾਂਘਿਆ ਸਿਉਂ ਕੇ ਦਿੰਦਾ
ਤਾਂ ਲੈਂਦਾ ਸੀ ਮਿਹਨਤ
ਮੇਰੇ ਕੰਨ ਮਰੋੜਨ ਦੀ
ਤੇ ਇਹ ਜਾਣਦਿਆਂ ਹੋਇਆਂ ਵੀ ਕਿ ਮੈਂ ਉਲਟ ਕਰਨੋ
ਬਾਜ਼ ਨਹੀਂ ਆਉਣਾ
ਨਸੀਹਤ ਕਰਦਾ ਸੀ-
ਪਸ਼ੂਆਂ ਨਾਲ ਛੱਪੜ 'ਚ ਨਾ ਵੜਿਆ ਕਰ
ਜੰਗ ਪੁਲੰਗਾ ਖੇਡਣੋਂ ਹਟਣੈਂ ਕਿ ਨਹੀਂ ?

ਇਕ ਹੱਥ ਪਿਆਰੇ ਨਾਈ ਦਾ
ਜੋ ਕਟਦੇ ਹੋਏ ਮੇਰੇ ਵਾਲ
ਡਰਦਾ ਰਹਿੰਦਾ ਸੀ ਮੇਰੇ ਸਿੱਖ ਘਰਦਿਆਂ ਤੋਂ…

ਇਕ ਮਰੋ ਦਾਈ ਦਾ
ਜਿਸ ਦੇ ਹੱਥ ਸੀ ਕੋਈ 'ਤਵਾ'
ਜੋ ਸਦਾ ਰਾਗ ਗਾਉਂਦਾ ਸੀ
"ਜੀਅ ਜਾਗ ਵੇ ਪੁੱਤ !"
ਦਾ ਰਾਗ ਗਾਉਂਦਾ ਸੀ
ਤੇ ਇਕ ਹੱਥ ਦਰਸ਼ੂ ਦਿਹਾੜੀਏ ਦਾ
ਜਿਸ ਨੇ ਪੀ ਲਈ ਅੱਧੀ ਸਦੀ
ਰੱਖ ਕੇ ਹੁੱਕੇ ਦੀ ਚਿਲਮ ਵਿਚ…
ਮੈਥੋਂ ਕੋਈ ਖੋਹ ਨਹੀਂ ਸਕਦਾ
ਇਨ੍ਹਾਂ ਹੱਥਾਂ ਦਾ ਸਿਲਸਿਲਾ
ਹੱਥ ਜੇਬਾਂ 'ਚ ਹੋਣ ਜਾਂ ਬਾਹਰ
ਹੱਥ-ਕੜੀ 'ਚ ਹੋਣ ਜਾਂ ਬੰਦੂਕ ਦੇ ਕੁੰਦੇ 'ਤੇ
ਹੱਥ ਹੱਥ ਹੁੰਦੇ ਹਨ
ਤੇ ਹੱਥਾਂ ਦਾ ਇਕ ਧਰਮ ਹੁੰਦਾ ਹੈ

ਹੱਥ ਜੇ ਹੋਣ ਤਾਂ
ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਮ੍ਹਣੇ ਚੁੱਕਣ ਨੂੰ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ
ਹੱਥ ਜੇ ਹੋਣ ਤਾਂ
ਹੀਰ ਦੇ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ

ਜੋ ਹੱਥਾਂ ਦਾ ਧਰਮ ਭੰਗ ਕਰਦੇ ਹਨ
ਜੋ ਹੱਥਾਂ ਦੇ ਸੁਹਜ ਦਾ ਅਪਮਾਨ ਕਰਦੇ ਹਨ
ਉਹ ਪਿੰਗਲੇ ਹੁੰਦੇ ਹਨ
ਹੱਥ ਤਾਂ ਹੁੰਦੇ ਹਨ ਸਹਾਰਾ ਦੇਣ ਲਈ
ਹੱਥ ਤਾਂ ਹੁੰਦੇ ਹਨ ਹੁੰਗਾਰਾ ਦੇਣ ਲਈ।

ਅਸਵੀਕਾਰ


ਇਹ ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ
ਜਿਦ੍ਹੇ 'ਚ ਬਸਰ ਕੀਤੇ ਪਲਾਂ ਨੂੰ
ਮੈਂ ਉਮਰ ਕਹਿ ਦੇਵਾਂ-
ਇਥੇ ਸਿਰਫ ਕਮਰੇ ਦੀਆਂ ਕੰਧਾਂ 'ਤੇ
ਲਿਖਿਆ ਜਾ ਰਿਹੈ, ਸਮੰਤ ਦਾ ਵੇਰਵਾ…

ਜਦ ਮੈਂ ਇਸ ਕਮਰੇ 'ਚ ਡੱਕਿਆ ਗਿਆ
ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ
ਬਾਹਰ ਸਫ਼ਰ ਨੂੰ ਫੜਾ ਆਇਆ ਸਾਂ
ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ…

ਬੇੜੀ ਤੇ ਲੱਗੇ ਜੰਗਾਲ ਵਾਂਗ
ਮੇਰੇ ਜਿਸਮ ਨੂੰ ਜੰਗਾਲ ਵੀ ਸਕਦੇ ਹੋ
ਐਪਰ ਕੀ ਕਰੋਗੇ ਸਫ਼ਰ ਦਾ
ਜੋ ਇਕ ਅਮਾਨਤ ਫੜੀ ਬੈਠਾ ਹੈ
ਪੌਣਾਂ ਦਾ ਕੀ ਕਰੋਗੇ
ਜਿਨ੍ਹਾਂ ਕਿਤੇ ਹਿਸਾਬ ਦੇਣਾ ਹੈ
ਤੇ ਉਸ ਕਮਰੇ ਦੇ ਮਲਬੇ 'ਤੇ ਬਣਨਾ ਹੈ

ਸਫ਼ਰ


ਪੁਰਾਣੇ ਕੈਲੰਡਰ 'ਚ ਸੁੱਟ ਦਿੱਤਾ ਹੈ
ਮੈਂ ਚਾਹਤ ਦੀਆਂ ਸਧੀਆਂ ਹੋਈਆਂ ਉਂਗਲਾਂ ਦਾ ਜਾਲ
ਬੀਤੇ ਦੇ ਸਾਗਰ 'ਚੋਂ ਕੱਢ ਲਿਆਵਾਂਗਾ
ਕੋਈ ਠਹਿਰਿਆ ਹੋਇਆ ਸਮਾਂ
ਤੇ ਉਸ ਨੂੰ ਆਪਣੀ ਅੱਜ ਦੇ ਹਜ਼ੂਰ ਪੇਸ਼ ਕਰਕੇ
ਫਿਟਕਾਰ ਦੇਵਾਂਗਾ

ਜਿਨ੍ਹੀ ਪਲੀਂ ਮਹਿਬੂਬ ਦਾ ਹੁਸਨ
ਮੈਂ ਪੈਲੀਆ 'ਤੇ ਧੂੜ ਦਿੱਤਾ ਸੀ
ਉਨ੍ਹਾਂ ਦੇ ਮਾਣ 'ਤੇ
ਹੁਣ ਪੈਲੀਆਂ ਤੋਂ ਸਿਦਕ ਦਾ ਵਰ ਮੰਗਾਂਗਾ
ਤੇ ਸ਼ਹਾਦਤ ਦੀ ਸਦਾ-ਸੁਹਾਗਣ ਸੜਕ ਨੂੰ
ਆਪਣੇ ਕੁਆਰੇ-ਕਦਮਾਂ ਦਾ ਤਾਲ ਦੇਵਾਂਗਾ
ਮੇਰੀਆਂ ਆਹਾਂ 'ਚ ਹੈ ਸਿੱਲ੍ਹੀ ਹਵਾ ਦੀ ਗੰਧ
ਮੇਰੇ ਮੱਥੇ 'ਤੇ ਹੈ ਪੱਤਝੜ ਦਾ ਉਦਾਸ ਰੰਗ
ਤੇ ਮੇਰੀਆਂ ਬਾਹਾਂ 'ਚ ਹੈ ਸਮੇਂ ਦਾ ਸੱਚ
ਮੈਂ ਆਪਣੇ ਦਿਲ 'ਚ ਭਰਨਾ ਚਾਹੁੰਦਾ ਹਾਂ
ਬਹਾਰਾਂ ਦੇ ਉਮਡਦੇ ਅਣ-ਗਿਣਤ ਗੀਤ…

ਮੈਂਨੂੰ ਪਤਾ ਹੈ
ਕੋਈ ਸੂਰਮਗਤੀ ਨਹੀਂ ਹੁੰਦੇ ਇਹ ਪਿਤਰੀ-ਫ਼ਰਜ਼
ਇਹ ਕੋਈ ਇਹਸਾਨ ਨਹੀਂ ਕਿਸੇ ਤੇ
ਕਿ ਮੈਂ ਕਿਹੜੀ ਰੁੱਤੇ ਗ਼ਾਲਿਬ ਦੇ ਸ਼ੇਅਰ
ਫ਼ਰਸ਼ ਤੇ ਮਸਲ ਆਇਆ ਹਾਂ

ਮੇਰਾ ਵੀ ਜੀਅ ਹੈ-
ਰੁੱਸਿਆਂ ਨੂੰ ਮਨਾਣ ਦਾ
ਮਿੱਤਰ ਪਿਆਰੇ ਨੂੰ ਦਿਲ ਸੁਨਾਣ ਦਾ
ਮੋਚੀਆਣੇ ਛਪੜ 'ਤੇ ਬੈਠ ਵੰਝਲੀ ਵਜਾਣ ਦਾ
ਤੇ ਮਾਸੂਮ ਗੀਤਾਂ ਨੂੰ ਵਕਤ ਬੇ-ਵਕਤ ਸਲਾਮ ਆਖਣ ਦਾ
ਮੈਂ ਆਪਣੇ ਜੀਅ ਨੂੰ
ਖਾਰੇ ਖੂਹ ਦੇ ਪਿੱਪਲ ਤੇ ਟੰਗ ਆਇਆ ਹਾਂ
ਤੇ ਮੇਰੀ ਅੰਦਰਲੀ ਜੇਬ 'ਚ ਚੁੱਭਦੀ ਹੈ
ਬਸੰਤ ਦੀ ਕਸਮ।

ਇਹ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ
ਜਾਂ ਸਫ਼ਰ-ਧੂੜ ਦੇ ਕਿੰਨੇ ਰੰਗ ਹੁੰਦੇ ਹਨ
ਜਾਂ ਕੋਈ ਹੋਰ ਪ੍ਰਸ਼ਨ
ਤੁਸੀਂ ਕਿਸੇ ਅਫ਼ਲਾਤੂਨ ਤੋਂ ਪੁੱਛ ਆਇਓ
ਮੈਂ ਇਕ ਅ-ਸੱਭਿਅ ਰਾਹੀ
ਕੇਵਲ ਇਹ ਕਹਿ ਸਕਦਾ ਹਾਂ
ਕਿ ਵਿਦਾਈ ਦਾ ਕੋਈ ਸ਼ਬਦ ਨਹੀਂ ਹੁੰਦਾ
ਜਿਹੜਾ ਸਫ਼ਰ ਹੁੰਦਾ ਹੈ ਉਹ ਦਰਦ ਨਹੀਂ ਹੁੰਦਾ
ਮੌਤ ਕੋਈ ਮੁਕਾਮ ਨਹੀਂ ਹੁੰਦਾ
ਤੇ ਮੰਜ਼ਲ ਦਾ ਕੋਈ ਅਰਥ ਨਹੀਂ ਹੁੰਦਾ

ਦਾਨ


ਤੁਸਾਂ ਮੈਂਨੂੰ ਦਿੱਤਾ ਹੈ ਇਕ ਕਮਰਾ
ਸਥਿਰ ਤੇ ਬੰਦ
ਮਿਣਨਾ ਤੇ ਮੈਂ ਹੈ
ਕਿ ਇਸ ਵਿਚ ਕਿੰਨੇ ਕਦਮਾਂ ਨਾਲ ਮੀਲ ਬਣਦਾ ਹੈ
ਕਿ ਕਿੰਨੇ ਮੀਲ ਚੱਲਕੇ ਕੰਧ, ਕੰਧ ਨਹੀਂ ਰਹਿੰਦੀ
ਤੇ ਸਫ਼ਰ ਦੇ ਅਰਥ ਸ਼ੁਰੂ ਹੰਦੇ ਹਨ…

ਤੁਸਾਂ ਮੈਂਨੂੰ ਕੁਝ ਹੱਕ ਬਖਸ਼ੇ ਹਨ-
ਘਰ ਤੋਂ ਜਲਾਵਤਨੀ ਦਾ
ਰੋਟੀ ਲਈ ਮਿੱਟੀ ਹੋਣ ਦਾ
ਮਹਿਬੂਬ ਦੇ ਗ਼ਮਾਂ 'ਚ ਦੀਦੇ ਖੋਹਣ ਦਾ
ਤੇ ਗੁੰਮਣ ਦਾ ਮੌਤ ਦੀ ਭਿਅੰਕਰ ਧੁੰਦ ਵਿਚ
ਪਰ ਇਕ ਹੱਕ ਹੋਰ ਹੁੰਦਾ ਹੈ
ਜੋ ਬਖ਼ਸ਼ਿਆ ਨਹੀਂ, ਸਿਰਫ ਖੋਹਿਆ ਜਾਂਦਾ ਹੈ……

ਤੁਹਾਡੇ ਕੋਲ ਇਕਰਾਰਾਂ ਦਾ ਸਮੁੰਦਰ
ਮੇਰੇ ਡੁੱਬਣ ਲਈ
ਜਿਸ ਵਿਚ ਤਰਦੀਆਂ ਹਨ
ਸੁਨਿਹਰੀ ਸੁਫ਼ਨਿਆਂ ਦੀਆਂ ਮਛਲੀਆਂ
ਪਰ ਪ੍ਰਾਪਤੀ ਦਾ ਕੰਨਾ ਓਝਲ ਹੋਣ ਤੱਕ
ਮੈਂ ਫੜ ਲਿਆ ਹੈ ਬੇਵਫਾਈ ਦਾ ਚੱਪੂ
ਤੇ ਹੁਣ ਤੁਹਾਡੇ ਕੋਲ ਬਚਿਆ ਹੈ
ਮੈਂਨੂੰ ਦੇਣ ਲਈ ਇਕ ਇਨਾਮ-
ਮੌਤ
ਤੇ ਉਹ ਵੀ ਵੱਡਿਓ ਦਾਤਿਓ !
ਤੁਹਾਡਾ ਆਪ ਰੱਖਣ ਨੂੰ ਜੀਅ ਕਰਦਾ ਹੈ

ਮੇਰੇ ਕੋਲ


ਮੇਰੇ ਕੋਲ ਬੜਾ ਕੁਝ ਹੈ
ਸ਼ਾਮ ਹੈ-ਸ਼ਰ੍ਹਾਟਿਆਂ 'ਚ ਭਿੱਜੀ ਹੋਈ
ਜ਼ਿੰਦਗੀ ਹੈ-ਨੂਰ 'ਚ ਭੱਖਦੀ ਹੋਈ
ਅਤੇ ਮੈਂ ਹਾਂ-'ਅਸੀਂ' ਦੇ ਝੁਰਮਟ ਵਿਚ ਘਿਰਿਆ ਹੋਇਆ
ਮੈਥੋਂ ਹੋਰ ਕੀ ਖੋਹਵੋਗੇ
ਸ਼ਾਮ ਨੂੰ ਕਿਸੇ ਦੂਰ ਵਾਲੀ ਕੋਠੜੀ 'ਚ ਡੱਕ ਲਓਗੇ ?
ਜ਼ਿੰਦਗੀ 'ਚੋਂ ਜ਼ਿੰਦਗੀ ਨੂੰ ਕੁਚਲ ਦਿਓਗੇ ?
'ਅਸੀਂ' ਵਿਚੋਂ 'ਮੈਂ' ਨੂੰ ਨਿਤਾਰ ਲਓਗੇ ?
ਜਿਸ ਨੂੰ ਤੁਸੀਂ ਮੇਰਾ 'ਕੁਝ' ਨਹੀਂ ਕਹਿੰਦੇ ਹੋ
ਉਸ ਵਿਚ ਤੁਹਾਡੀ ਮੌਤ ਦਾ ਸਾਮਾਨ ਹੈ
ਮੇਰੇ ਕੋਲ ਬੜਾ ਕੁਝ ਹੈ
ਮੇਰੀ ਉਸ 'ਕੁਝ ਨਹੀਂ' ਵਿਚ ਬੜਾ ਕੁਝ ਹੈ।

ਜਨਮ ਦਿਨ


ਵਰ੍ਹਿਆਂ ਦੇ ਮੋਢੇ ਉਤੇ ਹੱਥ ਰੱਖ ਕੇ
ਤੁਰਦੀ ਰਹੀ ਜੰਮਣ ਦੀ ਲਾਲਸਾ
ਉੱਨੀ ਕਦਮ ਚਲ ਕੇ ਵੀ ਮੈਂਨੂੰ
ਜਨਮਣ ਦਾ ਸਾਮਾਨ ਨਾ ਮਿਲਆ,
ਸਿਫਰ ਅੱਖਰਾਂ ਦਾ ਭਾਰ
ਨਾਵਾਂ ਦਾ ਸਫਰ ਕੀਤਾ-

ਇਕ ਨਾਂ ਮੇਰੀ ਮਾਂ ਦਾ ਸੀ ਇਕ ਪਿਤਾ ਦਾ
ਕੁਝ ਨਾਂ ਯਾਰਾਂ ਦੇ ਸਨ
ਕੁਝ ਸ਼ਹਿਰਾਂ ਦੇ, 'ਤੇ ਕੁਝ ਸੜਕਾਂ ਦੇ
ਇਹ ਸਾਰੇ ਨਾਂ 'ਰ' ਤੋਂ ਸ਼ੁਰੂ ਹੁੰਦੇ ਹਨ
ਜਿਨ੍ਹਾਂ ਤੋਂ ਇਕ ਸ਼ਬਦ 'ਰਵਾਇਤ' ਬਣਦਾ ਸੀ
ਪਰ ਕੋਈ ਵੀ ਨਾਂ ਜੀਵਨ ਨਹੀਂ ਸੀ
ਜੋ 'ਜ' ਤੋਂ ਸ਼ੁਰੂ ਹੋਣਾ ਸੀ

ਪਰ ਜਦ ਨਾ-ਜਨਮਣ ਦਾ ਇਹਸਾਸ
ਦਰਦ ਬਣ ਗਿਆ
ਤਾਂ ਵੀਹਵਾਂ ਕਦਮ ਸਾਹਵੇਂ ਸੀ-
ਤੇ ਮੈਂ 'ਜ' ਦੇ ਖਿੰਡਰੇ ਸ਼ਬਦ-ਅੰਗਾਂ 'ਚ' ਸੰਗੀਤ ਭਰਨਾ ਸੀ-
ਹਵਾ ਵਿਚ ਐਟਮੀ-ਧੂੜ ਸੀ
ਤੇ ਆਕਾਸ਼ 'ਚ ਅੱਖਾਂ ਉੱਗ ਆਈਆਂ ਸਨ
ਸ਼ਬਦਾਂ ਦੇ 'ਪੁਨ' ਤੇ 'ਪਾਪ' ਦਾ
ਮੇਰੀ ਕੌਮ ਕਰਦੀ ਪਈ ਸੀ ਸਫ਼ਰ
ਮੈਂ ਬੰਨ੍ਹ ਲਏ ਸਾਰੇ ਨਾਂ
ਆਪਣੀ ਪਿੱਠ 'ਤੇ
ਅਤੇ ਤੈਰਿਆ ਮਸ਼ਕ ਵਾਂਗ
ਆਪਣੇ ਲਹੂ ਦੇ ਸਾਗਰ ਵਿਚ…

ਜਿੱਥੇ ਮੇਰਾ ਵੀਹਵਾਂ ਕਦਮ ਮੁੱਕਦਾ ਸੀ
ਉਥੇ 'ਜੇਲ੍ਹ' ਸੀ-
ਤੇ ਇੰਜ 'ਇੱਕੀਵੇਂ' ਵਰ੍ਹੇ ਦੀ ਸਰਦਲ
ਮੈਂ 'ਜ' ਦੇ ਭਾਰ ਨਾਲ ਟੱਪਿਆ ਹਾਂ
ਜਿਸ ਤੋਂ ਇਕ ਸ਼ਬਦ 'ਜਨਮ' ਬਣਦਾ ਹੈ
ਤੇ ਇਕ 'ਜੀਵਨ'
ਤੇ ਵੀਹਾਂ ਦੇ ਵੀਹ ਵਰ੍ਹੇ
ਇਸ ਨਵ-ਜਨਮੇ ਮਨੁੱਖ ਨੂੰ
ਗੋਦੀ 'ਚ ਪਾ ਕੇ ਲੋਰੀ ਗਾਉਂਦੇ ਹਨ
ਤੇ ਨਾਲ ਘੁਲ ਜਾਂਦਾ ਹੈ
ਕੈਦੀ-ਸਾਥੀਆਂ ਦਾ ਬੇੜੀਆਂ ਛਣਕਾ ਕੇ ਗਾਇਆ
'ਜਨਮ ਦਿਨ ਮੁਬਾਰਕ' ਦਾ ਗੀਤ…

ਆਸਮਾਨ ਦਾ ਟੁਕੜਾ


ਮੇਰੀ ਤਾਂ ਜਾਨ ਹੈ ਆਸਮਾਨ ਦਾ ਉਹ ਟੁਕੜਾ
ਜੋ ਰੌਸ਼ਨਦਾਨ ਵਿਚੋਂ ਪਲਮ ਆਉਂਦਾ ਹੈ
ਸਖ਼ਤ ਕੰਧਾਂ ਤੇ ਸੀਖ਼ਾਂ ਦਾ ਵੀ ਲਿਹਾਜ਼ ਨਹੀਂ ਕਰਦਾ
ਉਹ ਤਾਂ ਚਾਹੁੰਦੇ ਹਨ
ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ
ਤਾਂ ਫਿਰ ਕੰਿਹਦੇ ਕਿਉਂ ਨਹੀਂ ਏਸ ਨੂੰ
ਕਿ ਥਾਏਂ ਹੀ ਜੰਮ ਜਾਵੇ, ਨਵੇਲੇ ਰੰਗ ਨਾ ਬਦਲੇ-
ਦੇਖੋ ਇਹ ਟੁਕੜਾ ਹਰ ਘੜੀ ਰੰਗਤ ਬਦਲਦਾ ਹੈ
ਇਹਦੇ ਹਰ ਰੰਗ ਦੇ ਲੜ ਲੱਗਿਆ ਹੈ ਹੁਸਨ ਰੁੱਤਾਂ ਦਾ
ਜ਼ਰਾ ਪੁੱਛ ਦੇਖੋ ਇਸ ਟੁਕੜੇ ਨੂੰ ਮੌਸਮ ਨਾਲ ਨਾ ਬੱਝੇ
ਵਗਾਹ ਮਾਰੇ ਇਹ ਆਪਣੇ ਜਿਸਮ ਤੋਂ
ਰੁਤਾਂ ਦੇ ਪਰਛਾਵੇਂ
ਇਹ ਟੁਕੜਾ ਤਾਂ ਆਪਣੇ ਮੋਢਿਆਂ 'ਤੇ
ਪੂਰਾ ਆਸਮਾਨ ਹੀ ਚੁੱਕੀ ਫ਼ਿਰਦਾ ਹੈ…

ਇੰਜ ਹੀ ਸਹੀ


ਅਸੀਂ ਬਕਰੇ ਬੁਲਾਉਂਦੇ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ
ਚਲੋ ਇੰਜ ਹੀ ਸਹੀ
ਉਹ ਤਾਂ ਬਸ ਸ਼ੁਗਲ ਫ਼ਰਮਾਉਂਦੇ ਰਹੇ
ਵੈਣ ਸੁਣਦੇ ਆਏ
ਦਾਦ ਦਿੰਦੇ ਰਹੇ…

ਜ਼ਿੰਦਗੀ ਜੇ ਕਵਿਤਾ ਜਹੀ ਹੁੰਦੀ
ਅਸੀਂ ਖ਼ਾਮੋਸ਼ ਹੀ ਰਹਿੰਦੇ
ਸੁਫ਼ਨੇ ਜੇ ਪੱਥਰ ਦੇ ਹੁੰਦੇ
ਗੀਟਿਆਂ ਸੰਗ ਹੀ ਪਰਚ ਛੱਡਦੇ
ਪਾਣੀ ਨਾਲ ਜੇ ਢਿੱਡ ਭਰ ਸਕਦਾ
ਤਾਂ ਪੀ ਕੇ ਸੌਂ ਰਹਿੰਦੇ
ਚਾਂਦਨੀ ਜੇ ਓੜ੍ਹੀ ਜਾ ਸਕਦੀ
ਸਿਊਂ ਕੇ ਪਾ ਲੈਂਦੇ…

ਏਥੇ ਪਰ ਕੁੱਝ ਨਹੀਂ ਦਿਸਦਾ
ਅਮਨ ਦੀਆਂ ਘੁੱਗੀਆਂ ਵਰਗਾ
ਗੀਤਾਂ ਦੇ ਦਰਖ਼ਤ ਨਹੀਂ ਲੱਭਦੇ
ਜਿਨ੍ਹਾਂ ਸੰਗ ਪੀਂਘ ਪਾ ਲਈਏ…

ਅਸੀਂ ਤਾਂ ਖੋਹਣੀ ਹੈ
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਹੈ ਜ਼ੋਰ
ਖੂਨ-ਲਿਬੜੇ ਹੱਥਾਂ ਦਾ
ਉਨ੍ਹਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਂਣੇ…

ਬਾਰਡਰ


(ਮੋਗਾ ਗੋਲੀ-ਕਾਂਡ ਨੂੰ ਸਮਰਪਤ)

ਭਰ ਜਾਣਗੇ ਹੁਣ ਧੂੜ ਨਾਲ ਕਸਬਿਆਂ ਦੇ ਸਿਰ
ਫਿਰਨਗੇ ਟਰੱਕ ਬੀ. ਐੱਸ. ਐਫ. ਦੇ
ਪਲੀਆਂ ਹੋਈਆਂ ਜੂੰਆਂ ਦੇ ਵਾਂਗ…..
ਐਤਕੀਂ ਨਹੀਂ ਆਵੇਗੀ ਸਤਵਰਗ ਦੇ ਫੁੱਲਾਂ 'ਤੇ ਖਿੜਨ ਰੁੱਤ
ਮਿੱਧਿਆ ਗਿਆ ਘਾਹ ਤੜਫੇਗਾ
ਕਾਲਜ ਦਿਆਂ ਵਿਹੜਿਆਂ ਵਿਚ
ਰਾਤ-ਦਿਨ ਪੌਣਾਂ ਭਰਿਸ਼ਟ ਕਰੇਗੀ
ਥਾਣੇ 'ਚ ਲੱਗੀ ਵਾਇਰਲੈੱਸ….
ਦਰਅਸਲ
ਏਥੇ ਹਰ ਥਾਂ 'ਤੇ ਇਕ ਬਾਡਰ ਹੈ
ਜਿਥੇ ਸਾਡੇ ਹੱਕ ਖਤਮ ਹੁੰਦੇ ਹਨ
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ
ਤੇ ਅਸੀਂ ਹਰ ਤਰਾਂ ਆਜ਼ਾਦ ਹਾਂ ਇਸ ਪਾਰ ਗਾਹਲਾਂ
ਕੱਢਣ ਲਈ
ਮੁੱਕੇ ਲਹਿਰਾਉਣ ਲਈ
ਚੋਣਾਂ ਲੜਨ ਲਈ
ਸਤਵਰਗਾਂ ਦੀ ਮੁਸਕਾਨ ਚੁੰਮਣ 'ਤੇ
ਕੋਈ ਬੰਦਸ਼ ਨਹੀਂ ਇਸ ਪਾਰ
ਤੇ ਇਸ ਤੋਂ ਅੱਗੇ ਹੈ ਕਸਬਿਆਂ
'ਚ ਉਡਦੀ ਹੋਈ ਧੂੜ, ਪਲੀਆਂ ਹੋਈਆਂ ਜੂੰਆਂ ਦੇ ਵਾਂਗ
ਰੀਂਘਦੇ ਟਰੱਕ ਬੀ. ਐੱਸ. ਐਫ. ਦੇ

ਮੈਂ ਪੁੱਛਦਾ ਹਾਂ


ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਸੂਰਜ ਨੂੰ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ 'ਚ ਰੁੱਝੇ ਜਿਸਮ ਦੀ ਗ਼ਲਤੀ ਹੀ ਹੋਵੇ ?

ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ
ਜ਼ਰਾ ਸੋਚੋ-
ਕਿ ਸਾਡੇ 'ਚੋਂ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਕਿਸੇ ਸ਼ੈਅ ਨਾਲ !

ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ-
ਤੇ ਮੰਡੀ ਵਿਚਲੇ ਤਖ਼ਤਪੋਸ਼ 'ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉਤੇ,
ਇਕੋ ਸਮੇਂ ਹੁੰਦੀ ਹੈ ?

ਆਖ਼ਿਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ 'ਤੇ ਜੰਮ ਗਈ ਹੈ
ਇਕ ਚੀਖਦੀ ਖ਼ਾਮੋਸ਼ੀ ?

ਕੌਣ ਖਾ ਜਾਂਦਾ ਹੈ ਤਲ ਕੇ
ਟੋਕੇ 'ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲੇ ਡੌਲਿਆਂ ਦੀਆਂ ਮੱਛੀਆਂ ?

ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਰਸਾਨ
ਇਕ ਮਾਮੂਲੀ ਪੁਲਸੀਏ ਅੱਗੇ ?
ਕਿਉਂ ਕਿਸੇ ਦਰੜੇ ਜਾਂਦੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?
ਮੈਂ ਪੁੱਛਦਾ ਹਾਂ ਆਸਮਾਨ 'ਚ ਉੜਦੇ ਹੋਏ ਸੂਰਜ ਨੂੰ

ਉਡਦਿਆਂ ਬਾਜ਼ਾਂ ਮਗਰ


ਉੱਡ ਗਏ ਨੇ ਬਾਜ਼ ਚੁੰਝਾਂ 'ਚ ਲੈ ਕੇ
ਸਾਡੀ ਚੈਨ ਦਾ ਇਕ ਪਲ ਬਿਤਾ ਸਕਣ ਦੀ ਖ਼ਾਹਸ਼
ਦੋਸਤੋ ਹੁਣ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

ਏਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ
ਲਾਲ-ਪਗੜੀਆਂ ਵਾਲੇ ਆਲੋਚਕ
ਤੇ ਸ਼ੁਰੂ ਕਰ ਦੇਣ
ਕਵਿਤਾ ਦੀ ਦਾਦ ਦੇਣੀ
ਏਸ ਤੋਂ ਪਹਿਲਾਂ
ਕਿ ਪਸਰ ਜਾਏ ਥਾਣੇ ਦੀ ਨਿੱਤ ਫੈਲਦੀ ਇਮਾਰਤ
ਤੁਹਾਡੇ ਪਿੰਡ, ਤੁਹਾਡੇ ਟੱਬਰ ਤੀਕ
ਤੇ ਨੱਥੀ ਹੋ ਜਾਏ
ਸਵੈਮਾਨ ਦਾ ਕੰਬਦਾ ਹੋਇਆ ਵਰਕਾ
ਉਸ ਕਿਰਚ-ਮੂੰਹੇਂ ਮੁਨਸ਼ੀ ਦੇ ਰੋਜ਼ਨਾਮਚੇ ਵਿਚ ਦੋਸਤੋ
ਹੁਣ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

ਇਹ ਤਾਂ ਸਾਰੀ ਉਮਰ ਨਹੀਂ ਲੱਥਣਾ
ਭੈਣਾਂ ਦੇ ਵਿਆਹਾਂ ਤੇ ਚੁੱਕਿਆ ਕਰਜ਼ਾ,
ਪੈਲੀਆਂ ਵਿਚ ਛਿੜਕੇ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀਂ ਬਣਨਾ,
ਕਿ ਚਿਤਰ ਲਵਾਂਗੇ , ਇਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਉਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ, ਹੁਣ ਚਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

ਜੇ ਤੁਸੀਂ ਮਾਣੀ ਹੋਵੇ
ਗੰਡ 'ਚ ਜਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ 'ਚ ਚਮਕਣਾ
ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲ੍ਹਾਂ ਸੱਟ ਰਹੀ ਹੈ
ਸਾਡਿਆਂ ਖੂਹਾਂ ਦੀ ਹਰਿਆਵਲ ਤੇ।
ਜਿਨ੍ਹਾਂ ਨੇ ਤੱਕੀਆਂ ਹਨ
ਕੋਠਿਆਂ 'ਤੇ ਸੁੱਕਦੀਆਂ ਸੁਨਹਿਰੀ ਛੱਲੀਆਂ
ਤੇ ਨਹੀਂ ਤੱਕੇ
ਮੰਡੀ 'ਚ ਸੁਕਦੇ ਭਾਅ
ਉਹ ਕਦੇ ਨਹੀਂ ਸਮਝ ਸਕਣ ਲੱਗੇ
ਕਿ ਕਿਵੇਂ ਦੁਸ਼ਮਣੀ ਹੈ
ਦਿੱਲੀ ਦੀ ਉਸ ਹੁਕਮਰਾਨ ਔਰਤ ਦੀ
ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ।
ਸੁਰੰਗ ਵਰਗੀ ਜ਼ਿੰਦਗੀ 'ਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ
ਆਪਣੀ ਆਵਾਜ਼ ਮੁੜ ਆਪਣੇ ਹੀ ਪਾਸ
ਤੇ ਅੱਖਾਂ 'ਚ ਰੜਕਦੇ ਰਹਿੰਦੇ
ਬੁੱਢੇ ਬਲਦ ਦੇ ਉੱਚੜੇ ਹੋਏ ਕੰਨ੍ਹ ਵਰਗੇ ਸੁਫ਼ਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹੁਸੀਨ ਵਰ੍ਹਿਆਂ ਤੇ
ਤਾਂ ਕਰਨ ਨੂੰ ਬਸ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

ਕਾਮਰੇਡ ਨਾਲ ਗੱਲਬਾਤ


ਇਕ
ਐ ਸੀਤ ਦੇਗਚੀ, ਤੈਨੂੰ ਤੇ
ਤੇਰੇ ਵਿਚ ਉਬਲ ਰਹੇ ਵਕਤਾਂ ਨੂੰ ਸਲਾਮ !
ਐ ਰਿੜ੍ਹਦੇ ਪਰਿੰਦੇ, ਤੈਨੂੰ ਤੇ,
ਤੇਰੇ ਵਿਚ ਜਾਮ ਹੋਏ ਅੰਬਰ ਨੂੰ ਸਲਾਮ !
ਹੇ ਜੋਗੀ ਮਚਦਿਆਂ ਵਣਾਂ ਦੇ
ਤੇਰੇ ਸਿਲ੍ਹਾਬੇ ਹੋਏ ਜਤ ਸਤ ਨੂੰ
ਤੇ ਤੇਰੇ ਰਾਖ ਹੋ ਗਏ ਰੱਬ-ਦੋਹਾਂ ਨੂੰ ਨਮਸਕਾਰ !

ਨਮਸਕਾਰ, ਮੇਲੇ ਦੇ ਵਿਚ ਵਿੱਟਰੇ ਖੜ੍ਹੇ ਜਵਾਕ ਨੂੰ
ਜਿਸਦੀ ਹੈ ਜ਼ਿਦ ਮਸਾਲੇ ਦੇ ਰਾਂਘਲੇ ਘੋੜੇ ਲਈ
ਤੇ ਗੈਂਡੇ ਦੀ ਬੇਸੁਰੀ ਸ਼ਹਿਨਾਈ ਲਈ।
ਸਲਾਮ-ਲ਼ੂਈਆਂ ਮੁੱਛਾਂ ਤੇ ਆਦਤਨ ਫਿਰ ਰਹੇ
ਜਾਨਦਾਰ ਹੱਥ ਨੂੰ।
ਪਿਆਰੇ ਕਾਮਰੇਡ, ਮੇਰੀ ਬੰਦਨਾ ਹੈ
ਆਪਣੇ ਦੋਹਾਂ ਦੇ ਜਿਸਮ ‘ਚ
ਪਲ ਪਲ ਵਾਪਰ ਰਹੇ ਸ਼ਮਸ਼ਾਨ ਨੂੰ।

ਕਾਮਰੇਡ, ਇਹ ਬੁਰਜੁਆਜ਼ੀ-ਜਾਣਦੈਂ ?
ਸ਼ਰਾਬ ਵਾਂਗ ਪੁਰਾਣੀ ਹੋ ਗਈ ਹੈ
ਤੇ ਅਸੀਂ ਮਾਸ ਦੇ ਟੁਕੜੇ ਵਾਂਗ।
ਕਾਮਰੇਡ, ਮੱਧ ਵਰਗ ਅੱਜ ਵੀ ਭਗੌੜਾ ਹੈ-
ਸ਼ੰਘਰਸ਼ ਤੋਂ ਨਹੀਂ, ਇਹ ਪਾਗਲ ਖਾਨਿਓਂ ਭੱਜ ਨਿਕਲਿਆ
ਮੁਜਰਮ ਹੈ ਅਤੇ ਸਿਧਾਂਤ
ਕਦੇ ਤਾਂ ਘਰਦਿਆਂ, ਕਦੇ ਪੁਲਸ ਵਾਂਗ
ਇਹਦਾ ਪਿੱਛਾ ਕਰਦੇ ਪਏ ਹਨ।
ਕਾਮਰੇਡ ਖਿਮਾ ਕਰਨਾ, ਉਸਨੂੰ ਗਾਹਲ ਦੇਣੀ ਠੀਕ ਨਹੀਂ
ਜੋ ਕੇਵਲ ਖ਼ੁਦ ਦੀ ਪਿੱਛੇ ਰਹਿ ਗਈ ਗੂੰਜ ਹੈ
ਇਹ ਬਹੁਤ ਖੂੰ-ਖਾਰ ਇਤਫਾਕ ਹੈ ਸਾਥੀ
ਕਿ ਮਹਾਨ ਏਂਗਲਜ਼ ਦੀ ਮਾਲਕੀ-ਟੱਬਰ ਤੇ ਰਿਆਸਤ
ਆਪਾਂ ਕੱਠਿਆਂ ਪੜ੍ਹੀ ਸੀ।
ਤੂੰ ਉਸ ਦਿਨ ਕਿਰਦੀ ਜਾਂਦੀ ਮਾਲਕੀ ਤੇ ਥੁੱਕਿਆ
ਟੱਬਰ ਨੂੰ ਵਿਦਾ ਆਖ ਕੇ
ਰਿਆਸਤ ਨੂੰ ਸਿੱਜਣ ਚਲਾ ਗਿਆ।
ਅਤੇ ਮੈਂ ਘਰ ਦਿਆਂ ਖਣਾਂ 'ਚੋਂ ਕਿਰਦੇ ਘੁਣ ਦਾ
ਰਾਜ ਸੱਤਾ ਵਾਂਗ ਮੁਕਾਬਲਾ ਕਰਦਿਆਂ
ਸ਼ਬਦ ਟੱਬਰ 'ਚੋਂ ਅਰਥਾਂ ਨੂੰ ਨਿਕਲ ਜਾਣ ਤੋਂ ਵਲਦਾ ਰਿਹਾ।

ਇਹ ਬਹੁਤ ਖੂੰ-ਖਾਰ ਇਤਫਾਕ ਹੈ ਸਾਥੀ
ਕਿ ਮਹਾਨ ਏਂਗਲਜ਼ ਨੂੰ ਪੜ੍ਹਦਿਆਂ
ਜਦ ਇਤਫਾਕ ਦੀ ਮਹੱਤਤਾ ਦਾ ਜ਼ਿਕਰ ਆਇਆ
ਉਦੋਂ ਤੂੰ ਭਾਸ਼ਾ ਅਤੇ ਦਿਮਾਗ ਮੌਲਣ ਵਿਚ
ਸੰਦ ਦਾ ਯੋਗਦਾਨ ਸੋਚਦੇ ਹੋਏ
ਗੁੰਮ ਸੁੰਮ ਤੁਰ ਗਿਆ ਸੈਂ
ਕਮਰਿਓਂ ਬਾਹਰ, ਜਿੱਥੇ ਰਾਤ ਤੇ ਸਵੇਰ
ਧਰਤ ਦੇ ਉਲਟ ਸਿਰਿਆਂ ਤੇ ਖਲੋ ਕੇ
ਲੜ ਰਹੇ ਸਨ, ਕੱਚੀ ਉਮਰ ਦੇ ਆਸ਼ਕਾਂ ਵਾਂਗ
ਇਕ ਹੋਣ ਦੇ ਲੋਭ ਵਿਚ !
ਉਂਝ ਤਾਂ ਹਰ ਚੀਜ਼ ਸਿਧਾਂਤਕ ਤੌਰ ਤੇ ਸਹੀ ਸੀ
ਸਹੀ ਸੀ, ਤੇਰਾ ਕੱਲਿਆਂ ਛੱਡ ਜਾਣਾ ਮੈਨੂੰ
ਇਤਫਾਕ ਬਾਰੇ ਪੜ੍ਹਨ ਲਈ
ਤੇਰਾ ਸੰਘਰਸ਼ ਵਿਚ ਕੁੱਦਣਾ
ਤੇ ਮੇਰਾ ਪਿੱਠ ਦੇ ਜਾਣਾ
ਤੂੰ ਨਹੀਂ ਸਮਝ ਸਕਦਾ ਕਾਮਰੇਡ
ਸੱਭ ਕੁੱਝ ਸਹੀ ਸੀ

ਦੋ
ਆਪਣੇ ਨਿੱਕੀ ਉਮਰੇ ਡੱਕੇ ਗੱਡ ਕੇ
ਸਿਰਜੇ ਹੋਏ ਜੰਗਲ
ਜਾਗਦਿਆਂ ਸੁਫਨਿਆਂ ਵਿਚ ਫੈਲ ਫੈਲ ਸੰਘਣੇ ਹੋ ਗਏ
ਤੇ ਉਨ੍ਹਾਂ ਜੰਗਲਾਂ ਚੋਂ ਕਦੀ ਕਦੀ
ਤੇਰੇ ਫ਼ਾਇਰਾਂ ਦੀ ਆਵਾਜ਼
ਏਥੇ ਪਹੁੰਚਦੀ ਰਹੀ ਹੈ।
ਮੈਂ ਉਸ ਨੂੰ ਮਾਂ ਦੇ ਗੂੰਗੇ ਹਉਕਿਆਂ ‘ਚ
ਭਰ ਕੇ ਸੁਣਦਾ ਰਿਹਾ ਹਾਂ
ਪਰ ਉਹ ਚੰਦਰੀ ਫ਼ਾਇਰਾਂ ਦੀ ਆਵਾਜ਼
ਕਦੀ ਵੀ ਮੇਚ ਨਹੀਂ ਆਈ
ਆਪਣੀ ਗੁੱਡੋ ਦੇ ਕਮਲਿਆਂ ਗੀਤਾਂ ਨੂੰ।

ਕਾਮਰੇਡ, ਇਹ ਗੁੱਡੋ ਬੜੀ ਕ੍ਰਾਂਤੀ ਵਿਰੋਧੀ ਨਿਕਲੀ ਹੈ
ਨਿਰੀ ਵਰਗ ਦੁਸ਼ਮਣ।
ਇਹ ਮੇਰੀਆਂ ਇਲਮਦਾਰ ਕਿਤਾਬਾਂ ਹੇਠ
ਗੀਟ੍ਹੇ ਲੁਕਾ ਦਿੰਦੀ ਹੈ,
ਲੱਖ ਸਮਝਾਣ ਤੇ ਵੀ ਸਮਾਜ ਦੇ ਭਵਿੱਖ ਤੋਂ
ਇਹ ਥਾਲ ਖੇਡਣ ਲਈ ਬਹੁਤਾ ਫਿਕਰ ਰੱਖਦੀ ਹੈ
ਉਹਦਾ ਲੈਨਿਨ ਨੂੰ ਗੰਜਾ ਫੜਨ ਵਾਲਾ ਕਹਿਣਾ
ਤੇ ਮਾਓ ਦਾ ਸ਼ਰਮੇ ਥਾਣੇਦਾਰ ਜਹੇ
ਲਾਹਨਤੀ ਨਾਲ ਭਰਮ ਖਾਣਾ
ਭਲਾ ਤੂੰ ਆਪ ਸੋਚ
ਕਿੰਨਾ ਅਸਹਿ ਹੈ !

ਤੇਰੇ ਮਗਰੋਂ ਮੈਂ ਗਿਆ ਤਾਂ ਕਿਤੇ ਨਹੀਂ
ਤੂੰ ਆਪਣੀ ਦੂਰ ਅੰਦੇਸ਼ੀ ਨਾਲ
ਜਿਸਨੂੰ ਬੇਸਹਾਰਾ ਛੱਡ ਗਿਆ ਸੈਂ ਟੁੱਟਦੇ ਸਾਹਾਂ 'ਚ
ਮੈਂ ਓਸ ਬਦਨਸੀਬ ਘਰ ਦੇ
ਅਘਰ ਹੋਣ ਦੇ ਸਫਰ ਵਿਚ ਸ਼ਾਮਲ ਰਿਹਾ ਹਾਂ।
ਤੇਰੇ ਮਗਰੋਂ ਮੈਂ ਕਾਮਰੇਡ
ਘਰ ਦੇ ਟੁਟਣ ਨੂੰ
ਘਰਾਂ ਦਾ ਫੈਲਣਾ ਸਮਝਣ ਦੀ ਮਸ਼ਕ ਕਰਦਾ
ਮੀਹਾਂ ਵਾਂਗ ਬਰਸਿਆ ਹਾਂ
ਸੁੰਗੜਦੀਆਂ ਜਾ ਰਹੀਆਂ ਛੱਤਾਂ ਦੇ ਉੱਤੇ
ਫੈਲਦੇ ਜਾ ਰਹੇ ਵਿਹੜਿਆਂ ਵਿਚ।
ਮੈਂ ਜੀਵਨ ਵਿਚ ਦੌੜਦਾ ਫਿਰਿਆ ਹਾਂ
ਉਸ ਜਣੇ ਦੇ ਤਰਸੇਵੇਂ ਨਾਲ
ਜਿਸ ਨੂੰ ਪਤਾ ਹੋਵੇ
ਆਪਣੇ ਅਗਲੇ ਪਲ ਹੀ ਅੰਨ੍ਹੇ ਹੋ ਜਾਣ ਦਾ।
ਕਾਮਰੇਡ, ਇਉਂ ਦੌੜਦੇ ਸ਼ਖ਼ਸ ਨੂੰ
ਦੌੜਾਕ ਜਾਂ ਭਗੌੜਾ ਆਖਣ 'ਚ ਜ਼ਰਾ ਸੁਵਿਧਾ ਤਾਂ ਹੈ
ਆਉਣਾ ਜਾਂ ਜਾਣਾ ਹਰੇਕ ਦੌੜ ਦਾ ਪਰ
ਮੈਨੀਫੈਸਟੋ ਉੱਕਾ ਨਹੀਂ ਹੁੰਦਾ

ਤਿੰਨ
ਕਾਮਰੇਡ, ਤੇਰੇ ਲਈ ਸਟੇਟ ਸਿਰਫ ਇਕ ਖੁਰਲੀ ਹੈ
ਪੰਜ ਰੋਮਨ ਇੱਟਾਂ ਦੀ
ਜਿੱਥੇ ਤੈਨੂੰ ਚਾਰ ਸਿੰਗਾ ਸਾਹਨ ਪਲਦਾ ਦਿਸ ਰਿਹਾ ਹੈ।
ਮੇਰੇ ਵੱਲ ਦੇਖ, ਸਿਧਾਤਾਂ ਦੀ ਆਵਾਰਾ ਦਸਤਾਵੇਜ਼ ਨੂੰ
ਮੇਰੇ ਲਈ ਹੁਣ ਅਦਾਲਤ ਸ਼ਬਦ ਜਾਂ ਪ੍ਰੀਭਾਸ਼ਾ ਨਹੀਂ ਰਹੀ
ਬਾਂਸ ਦੇ ਸੂਏ ਵਾਂਗ ਮੇਰੇ ਵਿਚ ਦੀ ਉੱਗ ਆਉਂਦਾ ਹੈ
ਹਰ ਪੇਸ਼ੀ ਦਾ ਦਿਨ-
ਸ਼ਾਇਦ ਮੈਂ ਆਪਣੇ ਇਨਸਾਨ ਹੋਣ ਦਾ
ਅਜੇ ਵੀ ਵਿਸ਼ਵਾਸ਼ੀ ਹੁੰਦਾ
ਜੇ ਕਿਤੇ ਬਾਹਰਲੇ ਪੁਲਾੜ ਦੇ ਸ਼ੰਦੇਸ਼ ਜਹੀ ਅਜੀਬ
ਇਕ ਆਵਾਜ਼ ਦੇ ਵਿਚਲੇ ਹਨੇਰੇ ਦੀ
ਮੈਂ ਸਾਂ ਸਾਂ ਨਾ ਸੁਣੀ ਹੁੰਦੀ
"ਪਾ. . .ਸ਼.ਬਨਾਮ. . . .. ਸਟੇ. . . .ਅ. . . .ਟ"
ਕਾਮਰੇਡ ਕੀ ਸੱਚ ਮੰਨ ਸਕਦੈਂ
ਕਿ ਉਸ ਆਵਾਜ਼ ਨੂੰ ਸੁਣਨ ਤੋਂ ਬਾਦ
ਨਾ ਕੋਈ ਪਾਸ਼ ਰਹਿ ਸਕਦਾ ਹੈ, ਨਾ ਸਟੇਟ।
ਕਾਸ਼, ਮੈਂ ਮਾਣੀ ਨਾ ਹੁੰਦੀ-ਸਿਰੇ ਦੀ ਖੌਫ਼ਨਾਕ ਨਿਰਲੇਪਤਾ
ਜੋ ਫਾਈਲਾਂ ਚੁਣਦੇ ਨਾਇਬ ਕੋਰਟ ਦੇ
ਮੂੰਹ ਤੇ ਟਪਕਦੀ ਸੀ
ਕਾਸ਼, ਮੈਨੂੰ ਉਸ ਤਰ੍ਹਾਂ ਦੀ ਨੀਂਦ ਦਾ ਅੰਦਾਜ਼ਾ ਨਾ ਹੁੰਦਾ
ਜਿਦ੍ਹੇ ਵਿਚ ਲੰਚ ਤੋਂ ਪਹਿਲਾਂ ਤੇ ਮਗਰੋਂ
ਜੱਜ ਤਰਦੇ ਨੇ।

ਜਿਨ੍ਹਾਂ ਨੇ ਵੇਖਿਆ ਹੋਇਆ ਦੁਆਬੇ ਵਿਚ
ਫ਼ਸਾਦਾਂ ਬਾਦ ਬਚਿਆ-ਤਲਵਣ ਨਾਂ ਦਾ ਪਿੰਡ
ਉਹ ਮੇਰਾ ਦਿਲ ਸਮਝ ਸਕਦੇ ਨੇ
ਜਿੱਥੇ ਮੈਂ ਕਦੀ ਇਕ ਚੰਡੀਗੜ੍ਹ ਉਸਾਰਨਾ ਚਾਹਿਆ ਸੀ।

ਪਿਆਰੇ ਕਾਮਰੇਡ, ਹੁਣ ਬੇਅਰਥ ਹਨ ਮੇਰੇ ਲਈ
ਤੇਰੇ ਖੁਫੀਆ ਰਾਤਾਂ ਦੇ ਸਕੂਲ।
ਮੈਂ ਧਰਤੀ ਦੀ ਤਪਦੀ ਲੋਹ ਹੇਠ
ਤੱਕਿਆ ਹੈ ਬਲਦਾ ਇੱਕੇ ਟੱਕ ਮੈਕਿਆਵਲੀ ਦਾ ਸਿਵਾ
ਮੈਂ ਸਟੇਟ ਨੂੰ ਤੱਕਿਆ ਹੈ ਲੋਕਾਂ ਆਸਰੇ ਲੜਦਿਆਂ
ਕਦੇ ਲੋਕਾਂ ਨਾਲ, ਕਦੇ ਲੋਕਾਂ ਲਈ ।
ਮੈਂ ਵੇਖੇ ਨੇ ਅਰਸਤੂ ਤੇ ਸਟਾਲਿਨ
ਸਦੀਆਂ ਲੰਮੇ ਯੁੱਧ ਲੜਦੇ
ਕੇਵਲ ਇਹ ਪ੍ਰੀਭਾਸ਼ਤ ਕਰਨ ਲਈ
ਕਿ ਆਦਮੀ ਕਿਸ ਕਿਸਮ ਦਾ ਪਸ਼ੂ ਹੈ।

ਪਸ਼ੂ ਨੂੰ ਭੁੱਲ ਕੇ ਦੇਖੇਂ ਜੇ ਕਾਮਰੇਡ
ਬੜੀਆਂ ਗੱਲਾਂ ਨੂੰ ਆਪ ਅਸਮਾਨ ਹਾਲਾਂ ਨਹੀਂ ਜਾਣਦਾ
ਜਿਨ੍ਹਾਂ ਤੋਂ ਵਾਕਿਫ ਹੈ ਸਿਰਫ ਆਦਮੀ ਦਾ ਲਹੂ।
ਆਦਮੀ ਦੇ ਲਹੂ ਵਿਚ ਬੰਦੂਕ ਦਾ ਪਰਛਾਵਾਂ ਡੁੱਬ ਜਾਂਦਾ ਹੈ
ਸੰਝ ਦੇ ਘੁਸਮੁਸੇ 'ਚ ਜੀਕਣ
ਹੰਭੇ ਜੱਟ ਦੇ ਸ਼ਰਾਬੀ ਗੌਣ ਡੁੱਬ ਜਾਂਦੈ
ਤੇ ਇਹ ਜੋ ਬਹਿਸ ਖਾਤਰ ਬਹਿਸਦੇ ਪਏ ਨੇ ਐਵੇਂ
ਧਰਤੀਆਂ, ਤਾਰੇ, ਸਮੁੰਦਰ
ਊਰਜਾ ਲਹਿਰਾਂ ਤੇ ਚੰਨ-ਇਨ੍ਹਾਂ ਦੇ ਮੁਫਤ ਦੇ ਰੌਲੇ 'ਚ ਘਿਰਿਆ
ਆਦਮੀ ਦਾ ਸੂਰਮਾ ਲਹੂ
ਸਿਰੇ ਦਾ ਸਹਿਣਸ਼ੀਲ ਸਰੋਤਾ ਹੈ
ਕਾਮਰੇਡ, ਸਟਾਲਿਨ ਤੇਰਾ ਬਹੁਤ ਬੜਬੋਲਾ ਸੀ
ਨਹੀਂ ਸੀ ਜਾਣਦਾ ਕਿ ਆਦਮੀ ਦੇ ਲਹੂ ਵਿਚ
ਸਹੀ ਇਤਿਹਾਸ ਦਾ ਸਹੀ ਬਦਲ ਵੀ ਹੁੰਦਾ ਹੈ।
ਜਿਸ ਨੂੰ ਉਹ ਸਹੀ ਇਤਿਹਾਸ ਕਹਿੰਦਾ ਸੀ
ਸਿਰਫ ਇਤਫ਼ਾਕ ਦੇ ਘੁੰਮਦੇ ਹੋਏ ਪੱਖੇ ਦਾ
ਮੂਹਰੇ ਆ ਗਿਆ, ਖੰਭਾਂ ਚੋਂ ਇਕ ਖੰਭ ਸੀ।
ਕਿਸੇ ਵੀ ਅੱਜ ਦੀ ਗਿੱਚੀ ਤੇ ਹੱਥ ਧਰ ਕੇ
ਵਕਤ ਨੂੰ ਫੜਨ ਦਾ ਐਲਾਨ
ਤੈਨੂੰ ਕਿੰਜ ਲਗਦੈ ਕਾਮਰੇਡ ?
ਤੇ ਸ਼ਬਦ ਸਟੇਟ ਵਿਚ ਦੋਹਾਂ ਚੋਂ ਤੈਨੂੰ
ਕਿਹੜੀ ਟ ਪਸੰਦ ਹੈ ਕਾਮਰੇਡ ?
ਅਫਲਾਤੂਨ ਦਾ ਗਣ ਰਾਜ
ਅਰਸਤੂ ਦਾ ਰਾਜ-ਧਰਮ
ਤੇ ਟ੍ਰਾਸਟਕੀ ਦੀ ਪੁੜਪੁੜੀ 'ਚ ਖੁੱਭੀ ਕਾਮਿਨਟ੍ਰਨ ਦੀ ਕੁਹਾੜੀ
ਕਾਮਰੇਡ, ਤੈਨੂੰ ਤਿੰਨਾਂ ਦੀ ਕੋਈ ਸਕੀਰੀ ਦਿਸਦੀ ?
ਮਨੁੱਖ ਦਾ ਗਰਮ ਲਹੂ ਠੰਡੇ ਫਰਸ਼ ਤੇ ਫੈਲਣ ਨਾਲ. . . ?
ਤੇ ਨਸਲ ਵਿਚ ਸੁਧਾਰ ਦਾ ਬਹਾਨਾ
ਤੈਨੂਂ ਕਿਸ ਤਰ੍ਹਾਂ ਲਗਦਾ ਹੈ ਕਾਮਰੇਡ ?

ਇਸ ਚਾਰ ਸਿੰਗੇ ਸਾਹਨ ਨੇ ਤਾਂ ਸਦਾ ਹੀ
ਹਰਿਆਵਲ'ਚੱਟੀ ਹੈ ਮਨੁੱਖ ਦੀ ਆਤਮਾ ਚੋਂ
ਮਨੁੱਖ ਦੀ ਆਤਮਾ ਨੂੰ ਸਾਰਿਆਂ ਜੁੱਗਾਂ ‘ਚ
ਇਸ ਪ੍ਰੇਤ ਦੀ ਆਉਂਦੀ ਰਹੀ ਹੈ ਪੌਣ।
ਮੈਂ ਇਸ ਪ੍ਰੇਤ ਰੂਹ ਦਾ ਸ਼ਿਲਾ ਕੱਟਦੇ ਤਪੀ ਦੇਖੇ ਹਨ।
ਜਿਨ੍ਹਾਂ ਨੂੰ ਹੌਲੀ ਹੌਲੀ ਤਪ ਕਰਨ ਦਾ ਈ ਭੁਸ ਹੋ ਜਾਂਦੈ
ਅਤੇ ਵੱਸ ਕਰਨ ਦੀ ਮਨਸ਼ਾ
ਵਿਸਰ ਜਾਂਦੀ ਹੈ ਪਿਛਲੇ ਜਨਮ ਵਾਂਗ।
ਮੈਂ ਨਹੀਂ ਸਮਝਦਾ ਸਾਥੀ ਹੁਣ ਕਦੀ
ਧਾਰੇਗੀ ਅਗਲਾ ਜਨਮ ਵੀ
ਇਹ ਪ੍ਰੇਤ ਹੋਣ ਦੀ ਆਦੀ ਹੋ ਗਈ ਆਤਮਾ।
ਮੈਂ ਨਹੀਂ ਸਮਝਦਾ ਸਾਥੀ
ਤੇਰੇ ਲਈ ਵੀ ਸ਼ਿਲਾ ਹੀ ਕੱਟਣਾ
ਕਦੋਂ ਤੱਕ ਵਕਤ ਕਟੀ ਨਹੀਂ ਬਣਦਾ

ਕਾਮਰੇਡ ਕੀ ਬਣੇਗਾ ਉਸ ਦਿਨ
ਜੇ ਕਦੀ ਰਾਜ ਸੱਤਾ ਖੋਹਣ ਦੀ ਹਸਰਤ ਨੂੰ
ਇੰਝ ਤੱਕਣਾ ਪਿਆ,
ਜਿਵੇਂ ਕੋਈ ਬਿਰਧ ਜੋੜੀ ਹਾਰ ਗਏ ਅੰਗਾਂ 'ਚੋਂ
ਲੋਚੇ ਚੰਦ੍ਰਮਾਂ ਫੜਨਾ
ਜੋ ਮੁਕਲਾਵੇ ਦੇ ਪਹਿਲੇ ਤੜਕੇ ਅੰਦਰ ਅਸਤ ਹੋਇਆ ਸੀ

ਚਾਰ
ਤੈਨੂੰ ਪਤਾ ਨਹੀਂ ਹੈ ਕਾਮਰੇਡ
ਤੂੰ ਸ਼ਬਦਾਂ ਨੂੰ ਕੀ ਕਰ ਦਿੱਤਾ ਹੈ
ਉਨ੍ਹਾਂ ਵਿਚ ਲਿਪਟੀਆਂ ਸੰਵੇਦਨਾਵਾਂ ਨੇ
ਤੇਰਾ ਦੱਸ ਕੀ ਲਿਆ ਸੀ
ਕਿਉਂ ਉਨ੍ਹਾਂ ਨੂੰ ਅਫਸਰਸ਼ਾਹ ਦਲਾਲਾਂ ਦੀ
ਤਕਦੀਰ ਬਖਸ਼ੀ ਤੂੰ
ਕਾਮਰੇਡ ਕਿਉਂ ਜਮਾਤੀ ਘਿਰਨਾ ਦੇ ਗੱਫੇ
ਉਨ੍ਹਾਂ ਦਾ ਦਾਜ ਹੋ ਨਿਬੜੇ ?

ਸਿਰਫ ਤੂੰ ਆਪਣੀ ਸਹੂਲੀਅਤ ਲਈ
ਸ਼ਬਦਾਂ ਨੂੰ ਛਾਂਗਣਾ ਸਿੱਖ ਲਿਆ ਹੈ
ਜਿਵੇਂ ਬੰਨਾ ਕਢਾਉਣ ਲਈ ਕੋਈ ਪਟਵਾਰੀ ਨੂੰ ਮਿਲਦੈ।
ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਕਦੀ ਨਹੀਂ ਤੱਕਿਆ
ਜਿਵੇਂ ਆਂਡਿਆਂ ਵਿਚ ਮਚਲ ਰਹੇ ਚੂਚੇ ਹੋਣ,
ਜਿਵੇਂ ਮੀਂਹਾਂ 'ਚ ਚੋਂਦੀ ਸਾਂਵਲੀ ਦੁਪਹਿਰ ਅੰਦਰ
ਧੁੱਪ ਘੁਲੀ ਹੋਵੇ।
ਮੈਂ ਸ਼ਬਦਾਂ ਨੂੰ ਝੱਲਿਆ ਹੈ, ਉਨ੍ਹਾਂ ਦੀਆਂ ਤਿਖੀਆਂ ਨੋਕਾਂ ਸਣੇ
ਕਿਸੇ ਵੀ ਮੌਸਮ ਦੀ ਕਰੋਪੀ ਤੋਂ ਭੱਜਦਿਆਂ ਨੂੰ
ਮੈਂ ਆਪਣੇ ਲਹੂ ਦੇ ਵਿਚ ਸ਼ਰਨ ਦਿੱਤੀ ਹੈ।
ਗੁਰੂ ਗੋਬਿੰਦ ਸਿੰਘ ਨਹੀਂ-
ਇਨ੍ਹਾਂ ਨੂੰ ਕਵਿਤਾ ਦੀ ਸੰਜੋਅ ਪਹਿਨਾ ਕੇ ਤੋਰਨ ਬਾਦ
ਬੜਾ ਬੜਾ ਚਿਰ ਰੋਇਆ ਹਾਂ।

ਸ਼ਬਦ ਜਦ ਕੁੱਟੇ ਹੋਏ ਤੇਰੀ ਤਕਰੀਰ ਦੇ
ਮਤਿਆਂ ਦੀ ਧੁੱਪ 'ਚ ਸੜਦੇ ਹਨ
ਮੇਰੀ ਕਵਿਤਾ ਦੀ ਛਾਂ
ਉਨ੍ਹਾਂ ਦੀ ਮੌਤ ਸੰਗ ਲੜਦੀ ਹੋਈ
ਆਪਣੇ ਜੁੱਸੇ ਦੀ ਨਜ਼ਾਕਤ ਖੋ ਬਹਿੰਦੀ ਹੈ।

ਮੈਂ ਜਿਸ ਨਾਲ ਰਾਖਸ਼ੀ ਧਾੜਾਂ ਦੇ ਘੇਰੇ ਤੋੜ ਸਕਦਾ ਸਾਂ
ਤੂੰ ਉਸ ਦੀਆਂ ਕਾਨੀਆਂ ਭੰਨ ਕੇ
ਕਾਇਰ ਆਲੋਚਕਾਂ ਲਈ ਮੌਜ ਦੀ ਦਾਅਵਤ ਬਣਾ ਛੱਡਦਾ ਏਂ ਕਾਮਰੇਡ।
ਬਣੇ ਤਾਂ ਬਣੇ ਖੁਫੀਆ ਪੁਲਸ ਦੇ ਵਿਦਵਾਨਾਂ ਲਈ
ਕਾਮਰੇਡ ਤੇਰੇ ਲਈ ਕਿਉਂ ਬਣਦੀ ਹੈ
ਸ਼ੇਖੀ-ਕਵੀ ਦੀ ਹਾਰ

ਕਾਮਰੇਡ , ਤੂੰ ਹਾਰ ਗਿਆਂ ਨੂੰ ਨਫਰਤ ਕਰਨੀ ਸਿੱਖੀ ਹੈ
ਉਨ੍ਹਾਂ ਨੂੰ ਤੂੰ ਜਾਣਦਾ ਵੀ ਨਹੀਂ
ਜੋ ਕੇਵਲ ਜਿੱਤ ਨਹੀਂ ਸਕੇ

ਪੰਜ
ਅਖਬਾਰ ਤੈਨੂੰ ਕਦੀ ਕਦੀ ਮਿਲਦੀ ਹੈ, ਕਾਮਰੇਡ ?
ਤੂੰ ਇਨ੍ਹਾਂ ਟੁੱਕੜ ਬੋਚ ਖਬਰਾਂ ਦਾ ਉੱਕਾ ਸੱਚ ਨਾ ਮੰਨੀ
ਪਰੂੰ ਜੋ ਡੁੱਬ ਕੇ ਮਰੀ ਸੀ ਪਿੰਡ ਦੇ ਛੱਪੜ 'ਚ

ਉਹ ਮਾਂ ਨਹੀਂ ਸੀ
ਐਵੇਂ ਨੀਲੀ ਛੱਤ 'ਚੋਂ ਇੱਟ ਉਖੜ ਕੇ ਜਾ ਪਈ ਸੀ
ਮਾਂ ਤਾਂ ਪਹਿਲੇ ਛਾਪੇ 'ਤੇ ਹੀ
ਗੋਰਕੀ ਦੇ ਨਾਵਲ ਵਿਚ ਤਰਨ ਦੀ ਕੋਸ਼ਿਸ਼ ਕਰਦੀ ਹੋਈ
ਪੁਲਸ ਦੀ ਪਹੁੰਚ ਤੋਂ ਭੱਜ ਨਿਕਲੀ ਸੀ।
ਉਹ ਹੁਣ ਵੀ ਤਾਂ ਕਦੇ ਨਾਵਲ ਦੇ ਕਿਨਾਰਿਆਂ ਨੂੰ
ਘੂਰਦੀ ਹੈ
ਤੇ ਕਦੀ ਆਪਣੀ ਅਸੀਸ ਵਾਂਗ ਹੀ ਖੁਰਨ ਲੱਗਦੀ ਹੈ।

ਤੇ ਪਿੱਛੇ ਜਿਸ ਸ਼ਾਇਰ ਦੇ
ਸੁਰੱਖਿਅਤ ਪਾਰਟੀ ਵਿਚ ਰਲਣ ਦੀ ਖਬਰ ਸੀ
ਉਹ ਮੈਂ ਨਹੀਂ ਸਾਂ ਬਾਹਰਲੀ ਕੰਧ ਨਾਲ ਦੀ ਡੇਕ ਸੀ
ਜਿਸ ਤੋਂ ਬੁਰੀਆਂ ਰੂਹਾਂ ਪੁਲਸੀਆਂ ਦੀ ਵਰਦੀ ਪਾ ਕੇ
ਉੱਤਰਨਾ ਤੇ ਚੜ੍ਹਨਾ ਸਿੱਖ ਗਈਆਂ ਸਨ।
ਮੈਂ ਤਾਂ ਉਸ ਖਬਰ ਦੇ ਛਪਣ ਤੋਂ ਬੜਾ ਹੀ ਪਹਿਲਾਂ
ਜਦ ਸ਼ਬਦਾਂ 'ਚ ਰਾਤ ਉਤਰ ਰਹੀ ਸੀ
ਤੇ ਨ੍ਹੇਰੇ ਦੇ ਸੱਪ ਨਾਵਾਂ ਨੂੰ ਕੁੰਡਲ ਮਾਰ ਰਹੇ ਸਨ
ਮੈਂ ਸ਼ਬਦ ਪਾਰਟੀ ਦੀ ਬਚੀ ਖੁਚੀ ਸੰਵੇਦਨਾ ਚੁਰਾ ਕੇ
ਤਿਲਕ ਗਿਆ ਸਾਂ ਚੋਰੀ ਜਹੇ
ਮਨੁੱਖ ਦੀ ਕਾਵਾਂ ਰੌਲੀ ਵਿਚ।
ਜਦੋਂ ਮੇਰੇ ਹੀ ਕਦਮ ਸੁਣ ਰਹੇ ਸਨ ਮੈਨੂੰ
ਪ੍ਰੇਮ ਕਵਿਤਾਵਾਂ ਵਾਂਗ
ਮੈਂ ਓਸ ਡੁੱਬ ਰਹੀ ਸੰਵੇਦਨਾ ਨੂੰ ਚੌਕਸੀ ਨਾਲ
ਕਾਵਾਂ ਦੇ ਆਂਡਿਆਂ ਵਿਚ ਰੱਖ ਆਇਆ ਸਾਂ
ਉਂਜ ਮੈਂ ਸਾਧੂ ਸਿੰਘ ਤੇ ਜ਼ੀਰਵੀ ਕੋਲ
ਕਈ ਵਾਰ ਖਬਰਾਂ ਦਾ ਗਿਲਾ ਕੀਤੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਬਰਾਂ ਦਾ ਅਧਰੰਗ
ਉਨ੍ਹਾਂ ਨੂੰ ਆਪਣੇ ਪੈਰੀਂ ਤੁਰਨ ਨਹੀਂ ਦਿੰਦਾ
ਤੇਰੇ ਤੱਕ ਪਹੁੰਚਣ ਲਈ
ਉਹ ਸਾਡੀ ਮੌਤ ਦੀ ਬਸਾਖੀ ਮੰਗਦੀਆਂ ਹਨ।
ਇਨ੍ਹਾਂ ਦਾ ਸੱਚ ਮੰਨਦੇ ਤਾਂ
ਅਸੀਂ ਤੈਨੂੰ ਕਈ ਵਾਰ ਰੋ ਹਟੇ ਹੁੰਦੇ,
ਮੈਂ ਹਰ ਵਾਰ ਝਪਟ ਹੀ ਖਬਰ ਪੜ੍ਹਕੇ
ਮਾਂ ਨੂੰ ਕਹਿੰਦਾ ਹਾਂ
ਉਹ ਤੂੰ ਨਹੀਂ, ਕੋਈ ਹੋਰ ਤੇਰੇ ਨਾਂ ਦਾ ਯੋਧਾ ਸੀ
ਮਾਂ ਨੂੰ ਵਿਆਕਰਨ ਦੀ ਬਰੀਕੀ ਦਾ ਪਤਾ ਨਹੀਂ ਨਾ
ਬੁਢਾਪੇ ਦੀ ਸਰਦ ਮਾਸੂਮੀਅਤ ਵਿਚ ਠਰਦੀ ਹੋਈ
ਉਹ ਖਾਸ ਨਾਮ ਨੂੰ ਆਮ, ਤੇ ਆਮ ਨੂੰ ਕੱਠ ਵਾਚਕ
ਸਮਝ ਲੈਂਦੀ ਹੈ।
ਉਹਦੇ ਭਾਣੇ ਜਦੋਂ ਵੀ ਨਾਂ ਤੇ ਗੋਲੀ'ਚੱਲਦੀ ਹੈ
ਕੋਈ ਜਾਤੀ ਜਾਂ ਕਿਸੇ ਭਾਵ ਦਾ ਕਤਲ ਹੁੰਦੈ।
ਕਾਮਰੇਡ, ਮਾਂ ਓਸੇ ਤਰ੍ਹਾਂ ਝੱਲੀ ਜਹੀ ਹੈ
ਆਪਾਂ ਦੋਵੇਂ ਤੇ ਖਬਰਾਂ ਉਸ ਨੂੰ ਬਦਲ ਨਹੀਂ ਸਕੇ
ਤੂੰ ਹੁਣ ਵੀ ਜਦ ਘਰ ਆਵੇਂ
ਉਹ ਤੈਨੂੰ ਪੱਛੜ ਕੇ ਆਉਣ ਲਈ
ਘਰ ਦੀ ਕਿਸੇ ਵੀ ਸ਼ੈਅ ਨਾਲ
ਜਾਂ ਪੂਰੇ ਘਰ ਨਾਲ ਕੁੱਟੇਗੀ ਤੇ ਮਗਰੋਂ
ਤੇਰੇ ਮੂੰਹ ਵਿਚ ਸੁੱਕਾ ਹੋਇਆ ਦੁੱਧ ਤੁੰਨ ਦੇਵੇਗੀ

ਛੇ
ਘਰ ਅਤੇ ਖ਼ਬਰਾਂ ਦੇ ਬਾਵਜੂਦ
ਮੈਂ ਹਾਜ਼ਰ ਹਾਂ ਕਾਮਰੇਡ
ਜਿਵੇਂ ਕੋਈ ਆਲਾ ਝਾਕਦਾ ਹੈ, ਢੱਠੇ ਖੂਹ ਦੇ ਮਲਬੇ 'ਚੋਂ
ਸੜੇ ਹੋਏ ਪ੍ਰੇਮ ਪੱਤਰ ਵਿਚ ਜਿਵੇਂ ਕੋਈ ਹਰਫ ਬਚ ਜਾਂਦੈ
ਜਿਵੇਂ ਪਰਦੇਸ ਖੱਟਣ ਗਏ ਦੀ
ਬੰਦ ਬਕਸੇ ਦੇ ਵਿਚ ਮੁੜਦੀ ਹੈ ਲਾਸ਼
ਜਿਵੇਂ ਚਿਰ ਦੇ ਗਵਾਚੇ ਪੁੱਤ ਦੀ ਸੰਦੂਕ 'ਚੋਂ ਤੜਾਗੀ ਲੱਭੇ
ਗਰਭ ਦੇ ਗਿਰਨ ਤੇ ਜਿਉਂ
ਕਿਸੇ ਦੇ ਮਨ 'ਚ ਕੰਵਾਰ ਪਰਤ ਆਵੇ
ਜਾਂ ਗੀਤ ਨਾ ਮੂੰਹ ਤੇ ਆਏ-ਗੀਤ ਦਾ ਜਿਉਂ
ਭਾਵ ਤਰ ਆਵੇ।

ਮੈਂ ਕੁਝ ਏਸੇ ਤਰ੍ਹਾਂ ਬਚ ਆਇਆ
ਮਾਇਆਧਾਰੀਆਂ ਦੀ ਪੁਲਸ ਤੋਂ
ਆਪਣੇ ਮੱਧ ਵਰਗੀ ਮੀਸਣੇ ਦੰਭ ਨਾਲ
ਕਿੱਥੇ ਹੈ ਲਾਲ ਪਿਸਤੌਲ ਤੇਰਾ ਕਾਮਰੇਡ
ਇਹਨੂੰ ਮੇਰੀ ਬੁਰਜੂਆ ਉਦਾਸੀ ਤੇ ਅਜ਼ਮਾ

ਕਵੀ ਹਾਂ ਨਾ ?
ਮੇਰੇ ਸੀਨੇ 'ਚ ਹਰ ਇਕ ਦਿਸ਼ਾ ਪੱਛਮ ਹੈ
ਜਿਦ੍ਹੇ ਵਿਚ ਡੁੱਬ ਜਾਂਦੇ ਨੇ ਬੜਬੋਲੇ ਸੂਰਜ
ਇਉਂ ਹੀ ਕਦੀ ਕਦੀ ਜਦ ਬਹੁਤਾ ਬੋਲੇ
ਪਤਾ ਨਹੀਂ ਲਗਦਾ ਕਦੋਂ ਬੇਵਕਤ ਛਿਪ ਜਾਂਦੈ
ਜਮਾਤੀ ਨਫਰਤ ਦਾ ਸੂਰਜ
ਤੇ ਮੇਰਾ ਵਕਤ ਦੀ ਬੁੱਢੀ ਹੋਈ ਮੁਸਕਾਣ ਨੂੰ
ਭੀਚਣ ਤੇ ਚਿੱਤ ਕਰਦੈ
ਚਾਹੁਣ ਲਗਦਾ ਹਾਂ ਪਲ ਦੀ ਪਲ
ਅਚਾਨਕ ਆਏ ਕਿਤੋਂ ਉਹ ਨਿਊਟਨ ਦਾ ਦਰਵੇਸ਼ ਡਾਇਮੰਡ
ਫਿਰ ਸੁੱਟੇ ਇਕ ਵਾਰ ਬਲਦੀ ਮੋਮਬੱਤੀ
ਮੇਰੇ ਜ਼ਿਹਨ ਦੀ ਖੁਲ੍ਹੀ ਦਰਾਜ਼ ਵਿਚ
ਏਸ ਤੋਂ ਪਹਿਲਾਂ ਕਿ ਮੇਰੇ ਜ਼ਿਹਨ ਵਿਚ ਮੌਜੂਦ
ਕੁੱਲ ਅਧੂਰੀਆਂ ਇਤਲਾਹਾਂ
ਕਿਸੇ ਸਿਧਾਂਤ 'ਚ ਵਟਣ, ਉਨ੍ਹਾਂ ਨੂੰ ਸਾੜ ਦਏ।
ਉਨ੍ਹਾਂ ਦੇ ਨਾ ਸੜਨ ਵਿਚ ਬਹੁਤ ਖਤਰਾ ਹੈ।

ਕਵੀ ਹਾਂ ਨਾਂ ?
ਬਿਨਾਂ ਕਾਰਨ ਤੋਂ ਘਿਰ ਆਉਂਦਾ ਹੈ ਦਿਲ
ਉਂਜ ਭਲਾ ਕੀ ਹੈ
ਗੁੰਗੇ ਪੱਥਰਾਂ ਵਿਚ ਜਜ਼ਬ ਹੋ ਰਹੀ ਸ਼ਾਮ
ਗਧੇ ਦੇ ਸਾਜ਼ ਵਿਚ ਹਿਲਦੀਆਂ ਇੱਟਾਂ ਦਾ ਰਗੜ ਸੰਗੀਤ-
ਕਿਰਨ ਤੋਂ ਖੁੰਝ ਗਏ ਪੱਤਝੜੀ ਪੱਤਿਆਂ ਤੇ
ਟਿਕੀ ਹੋਈ ਭੂਸਲੀ ਧੁੱਪ
ਜਾਂ ਭਲਾ ਕੀ ਹੈ ?
ਕੁੱਛੜ ਧਰਤੀ ਦੇ ਇਹ ਗੋਭਲਾ ਸੰਸਾਰ
ਚਿੱਤ ਭਲਵਾਨ ਦੀਆਂ ਅੱਖਾਂ 'ਚ ਘੁੰਮਦੇ ਪਿੜ ਵਰਗਾ
ਜੋ ਖਾਹਮੁਖਾਹ ਸਿੰਮ ਆਉਂਦੈ
ਮੇਰੀਆਂ ਮਾਰੂਥਲੀ ਨਿਗਾਹਾਂ ਵਿਚ
ਸੋਚੀਏ ਤਾਂ ਕੀ ਹੈ ਕਾਮਰੇਡ !
ਉਂਜ ਭਲਾ ਕੀ ਹੈ ਕਾਮਰੇਡ !

ਸਾਡੇ ਸਮਿਆਂ ਵਿਚ


ਇਹ ਸਭ ਕੁੱਝ ਸਾਡੇ ਹੀ ਸਮਿਆਂ 'ਚ ਹੋਣਾ ਸੀ
ਕਿ ਸਮੇ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ
ਤੇ ਕੱਚੀਆਂ ਕੰਧਾਂ ਉਤੇ ਲਮਕਦੇ ਕਲੰਡਰਾਂ ਨੇ
ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ

ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ
ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ
ਸਾਡੇ ਈ ਵੇਲਿਆਂ ਦਾ ਗੀਤ ਬਣਨਾ ਸੀ

ਗਰੀਬ ਦੀ ਧੀ ਵਾਂਗ ਵਧ ਰਿਹਾ
ਇਸ ਦੇਸ਼ ਦੇ ਸਨਮਾਨ ਦਾ ਬੂਟਾ
ਸਾਡੇ ਰੋਜ਼ ਘਟਦੇ ਕੱਦਾਂ ਦਿਆਂ ਮੌਰਾਂ 'ਤੇ ਹੀ ਉੱਗਣਾ ਸੀ
ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ
ਸਾਡੀ ਰੂਹ 'ਚ ਪਸਰੇ ਰੇਗਿਸਤਾਨ ਚੋਂ ਹੀ ਉਡਣੀ ਸੀ

ਮੇਰੇ ਤੁਹਾਡੇ ਦਿਲਾਂ ਦੀ ਹੀ ਸੜਕ ਦੇ ਮੱਥੇ ਤੇ ਜੰਮਣਾ ਸੀ
ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ
ਦੁਸਹਿਰੇ ਦੇ ਮੈਦਾਨ ਅੰਦਰ
ਖੁੱਸੀ ਹੋਈ ਸੀਤਾ ਨਹੀਂ, ਬੱਸ ਤੇਲ ਦੀ ਕੇਨੀ ਮੰਗਦੇ ਹੋਏ
ਰਾਵਣ ਸਾਡੇ ਹੀ ਬੁੜ੍ਹਿਆਂ ਨੇ ਬਣਨਾ ਸੀ
ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿਚ ਹੋਣੀ ਸੀ
ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣਕੇ
ਖੁਦ ਹਿਟਲਰ ਦਾ ਡਰਨਾ
ਸਾਡੇ ਹੀ ਮੱਥਿਆਂ 'ਚ ਗੱਡਣਾ ਸੀ

ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ
ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ
ਬਣ ਜਾਣਾ ਸੀ ਸਿੰਘਾਸਣ ਦੇ ਪੌਡੇ-
ਮਾਰਕਸ ਦਾ ਸ਼ੇਰ ਵਰਗਾ ਸਿਰ
ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ
ਅਸੀਂ ਹੀ ਤੱਕਣਾ ਸੀ
ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ

ਬੜੀ ਵਾਰੀ, ਹੀ ਪੱਕੇ ਪੁਲਾਂ ਤੇ
ਲੜਾਈਆਂ ਹੋਈਆਂ
ਜਬਰ ਦੀਆਂ ਛਵੀਆਂ ਦੇ ਐਪਰ
ਘੁੰਡ ਨਾਂ ਮੁੜ ਸਕੇ
ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ
ਜੋ ਹਰ ਘੜੀ ਘਸੀ ਜਾ ਰਹੀ ਹੇ
ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ
ਨਾ ਔਖੇ ਵੇਲਿਆਂ ਵਿਚ ਰਕਮ ਬਣਨਾ ਹੈ

ਮੇਰੇ ਯਾਰੋ ਸਾਡੇ ਵਕਤ ਦਾ ਇਤਿਹਾਸ
ਬੱਸ ਏਨਾ ਨਾ ਰਹਿ ਜਾਵੇ
ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ
ਜੀਣਾ ਸਮਝ ਬੈਠੇ ਸਾਂ
ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ
ਹੱਡਾਂ ਦੇ ਖੁਰਨ ਨਾਲ ਮਿਣੇ ਗਏ

ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ
ਕਿ ਉਨ੍ਹਾਂ ਨਫ਼ਰਤ ਨਿਤਾਰ ਲਈ
ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ
ਕਿ ਉਨ੍ਹਾਂ ਵਿੰਨ੍ਹ ਸੁਟਿਆ ਪਿਲਪਲੀ ਮੁਹੱਬਤ ਦਾ ਤੰਦੂਆ
ਉਹ ਤਰ ਕੇ ਜਾ ਖੜੇ ਹੋਏ
ਹੁਸਨ ਦੀਆਂ ਸਰਦਲਾਂ ਉਤੇ
ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ
ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ।

ਸੋਗ ਸਮਾਰੋਹ ਵਿਚ


ਦਾਹੜੀ 'ਚ ਸੁੱਕ ਗਏ ਹੰਝੂ ਦੇ ਮਾਤਮ ਵਿਚ
ਆਓ ਦੋ ਘੜੀ ਲਈ ਮੌਨ ਖੜ ਜਾਈਏ
ਤੇ ਜ਼ਰਾ ਸੋਚੀਏ
ਇਸ ਬੁੱਢੇ ਨੇ ਜ਼ਿੰਦਗੀ ਨੂੰ
ਗੁੜ ਦੀ ਰੋੜੀ ਵਰਗੀ ਕਲਪਿਆ ਹੋਊ
ਪਰ ਉਮਰ ਭਰ ਨਜ਼ਰਾਂ ਵਿਚੋਂ
ਗੰਢੇ ਦੇ ਬਿੰਬ ਨੂੰ ਤੋੜ ਨਹੀਂ ਸਕਿਆ

ਸੋਚੀਏ'ਚਮਕੀਲੇ ਦਿਨ ਦੀ ਮੁਸਕਣੀ ਬਾਰੇ
ਜੋ ਰੋਜ਼ ਇਸ ਦਾ ਵੀਟਿਆ ਲਹੂ ਲੈ ਕੇ
ਪੋਲੇ ਜਿਹੇ ਉਤਰ ਜਾਂਦਾ ਰਿਹਾ ਰਾਤ ਦੇ ਤਹਿਖਾਨੇ ਵਿਚ
ਆਉ ਉਸ ਇਤਹਾਸ ਬਾਰੇ ਸੋਚੀਏ
ਜਿਸ ਨੇ ਇਸ ਸਾਜ਼ਿਸ਼ ਨੂੰ ਸਮੇਂ ਦਾ ਨਾਮ ਦਿੱਤਾ

ਰਾਜਧਾਨੀ ਤੋਂ ਬਹੁਤ ਦੂਰ ਦਮ ਤੋੜ ਗਏ
ਕਮਜ਼ੋਰ ਹਉਕੇ ਦੀ ਯਾਦ ਵਿਚ
ਆਓ ਸਿਰ ਝੁਕਾਈਏ
ਤੇ ਪਲ ਦੀ ਪਲ ਵਿਸ਼ਵਾਸ ਕਰ ਲਈਏ
ਕਿ ਮਰਦੇ ਹਉਕੇ ਨੂੰ
ਸਾਡੇ ਕੌਮੀ ਝੰਡੇ ਨਾਲ
ਅੰਤਾਂ ਦਾ ਆਇਆ ਹੋਏਗਾ ਪਿਆਰ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...