Friday 11 May 2018

ਉਡਦਿਆਂ ਬਾਜ਼ਾਂ ਮਗਰ


ਉੱਡ ਗਏ ਨੇ ਬਾਜ਼ ਚੁੰਝਾਂ 'ਚ ਲੈ ਕੇ
ਸਾਡੀ ਚੈਨ ਦਾ ਇਕ ਪਲ ਬਿਤਾ ਸਕਣ ਦੀ ਖ਼ਾਹਸ਼
ਦੋਸਤੋ ਹੁਣ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

ਏਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ
ਲਾਲ-ਪਗੜੀਆਂ ਵਾਲੇ ਆਲੋਚਕ
ਤੇ ਸ਼ੁਰੂ ਕਰ ਦੇਣ
ਕਵਿਤਾ ਦੀ ਦਾਦ ਦੇਣੀ
ਏਸ ਤੋਂ ਪਹਿਲਾਂ
ਕਿ ਪਸਰ ਜਾਏ ਥਾਣੇ ਦੀ ਨਿੱਤ ਫੈਲਦੀ ਇਮਾਰਤ
ਤੁਹਾਡੇ ਪਿੰਡ, ਤੁਹਾਡੇ ਟੱਬਰ ਤੀਕ
ਤੇ ਨੱਥੀ ਹੋ ਜਾਏ
ਸਵੈਮਾਨ ਦਾ ਕੰਬਦਾ ਹੋਇਆ ਵਰਕਾ
ਉਸ ਕਿਰਚ-ਮੂੰਹੇਂ ਮੁਨਸ਼ੀ ਦੇ ਰੋਜ਼ਨਾਮਚੇ ਵਿਚ ਦੋਸਤੋ
ਹੁਣ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

ਇਹ ਤਾਂ ਸਾਰੀ ਉਮਰ ਨਹੀਂ ਲੱਥਣਾ
ਭੈਣਾਂ ਦੇ ਵਿਆਹਾਂ ਤੇ ਚੁੱਕਿਆ ਕਰਜ਼ਾ,
ਪੈਲੀਆਂ ਵਿਚ ਛਿੜਕੇ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀਂ ਬਣਨਾ,
ਕਿ ਚਿਤਰ ਲਵਾਂਗੇ , ਇਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਉਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ, ਹੁਣ ਚਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

ਜੇ ਤੁਸੀਂ ਮਾਣੀ ਹੋਵੇ
ਗੰਡ 'ਚ ਜਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ 'ਚ ਚਮਕਣਾ
ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲ੍ਹਾਂ ਸੱਟ ਰਹੀ ਹੈ
ਸਾਡਿਆਂ ਖੂਹਾਂ ਦੀ ਹਰਿਆਵਲ ਤੇ।
ਜਿਨ੍ਹਾਂ ਨੇ ਤੱਕੀਆਂ ਹਨ
ਕੋਠਿਆਂ 'ਤੇ ਸੁੱਕਦੀਆਂ ਸੁਨਹਿਰੀ ਛੱਲੀਆਂ
ਤੇ ਨਹੀਂ ਤੱਕੇ
ਮੰਡੀ 'ਚ ਸੁਕਦੇ ਭਾਅ
ਉਹ ਕਦੇ ਨਹੀਂ ਸਮਝ ਸਕਣ ਲੱਗੇ
ਕਿ ਕਿਵੇਂ ਦੁਸ਼ਮਣੀ ਹੈ
ਦਿੱਲੀ ਦੀ ਉਸ ਹੁਕਮਰਾਨ ਔਰਤ ਦੀ
ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ।
ਸੁਰੰਗ ਵਰਗੀ ਜ਼ਿੰਦਗੀ 'ਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ
ਆਪਣੀ ਆਵਾਜ਼ ਮੁੜ ਆਪਣੇ ਹੀ ਪਾਸ
ਤੇ ਅੱਖਾਂ 'ਚ ਰੜਕਦੇ ਰਹਿੰਦੇ
ਬੁੱਢੇ ਬਲਦ ਦੇ ਉੱਚੜੇ ਹੋਏ ਕੰਨ੍ਹ ਵਰਗੇ ਸੁਫ਼ਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹੁਸੀਨ ਵਰ੍ਹਿਆਂ ਤੇ
ਤਾਂ ਕਰਨ ਨੂੰ ਬਸ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ…

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...