Friday 11 May 2018

ਹੱਥ


ਮੈਂ ਆਪਣੇ ਜਿਸਮ ਨੂੰ
ਹੱਥਾਂ 'ਚ ਸਾਂਭ ਸਕਦਾ ਹਾਂ
ਮੇਰੇ ਹੱਥ ਜਦ ਮਹਿਬੂਬ ਦਾ ਹੱਥ ਮੰਗਦੇ ਹਨ
ਫੜਨ ਨੂੰ ਤਾਂ ਮੈਂ ਚੰਨ ਵੀ ਹੱਥਾਂ 'ਚ ਫੜਨਾ ਲੋਚਦਾ ਹਾਂ।

ਮੇਰੇ ਹੱਥਾਂ ਨੂੰ ਪਰ
ਸੀਖਾਂ ਦੀ ਛੁਹ ਬੇ-ਸ਼ਿਕਵਾ ਮੁਬਾਰਕ ਹੈ
ਨਾਲੇ ਕੋਠੜੀ ਦੇ ਇਸ ਹਨੇਰੇ ਵਿਚ ਮੇਰੇ ਹੱਥ, ਹੱਥ ਨਹੀ ਹੁੰਦੇ-
ਸਿਰਫ ਚਪੇੜ ਹੁੰਦੇ ਹਨ…

ਹੱਥ ਮਿਲਾਉਣ 'ਤੇ ਪਾਬੰਦੀ ਸਿਸਕਦੀ ਰਹਿ ਜਾਂਦੀ ਹੈ
ਜਦ ਅਚਨਚੇਤ ਕੋਈ ਸਾਥੀ ਸਾਮ੍ਹਣੇ ਆਉਂਦਾ ਹੈ
ਹੱਥ ਖੁਦ-ਬ-ਖੁਦ
ਮੁੱਕਾ ਬਣ ਕੇ ਲਹਿਰਾਉਣ ਲਗਦੇ ਹਨ…

ਦਿਨ ਹੱਥ ਖਿੱਚਦਾ ਹੈ
ਤਾਂ ਰਾਤ ਹੱਥ ਵਧਾਉਂਦੀ ਹੈ
ਕੋਈ ਹੱਥ ਖੋਹ ਨਹੀਂ ਸਕਦਾ ਇਨ੍ਹਾਂ ਹੱਥਾਂ ਦਾ ਸਿਲਸਿਲਾ
ਤੇ ਕਦੀ ਬੂਹੇ ਦੇ ਪੰਜਾਂ ਦੇ ਪੰਜ ਸਰੀਏ
ਬਣ ਜਾਂਦੇ ਹਨ ਕੋਈ ਬੜੇ ਪਿਆਰੇ ਹੱਥ-
ਇਕ ਹੱਥ ਮੇਰੇ ਪਿੰਡ ਦੇ ਬਜ਼ੁਰਗ ਤੁਲਸੀ ਦਾ
ਜਿਸ ਦੀਆਂ ਉਂਗਲਾਂ
ਵਰ੍ਹਿਆਂ ਨੂੰ ਗੁੰਨ੍ਹ ਗੁੰਨ੍ਹ ਕੇ ਸੀ ਏਨੀਆਂ ਹੰਭੀਆਂ
ਕਿ ਮੈਂਨੂੰ ਪੜ੍ਹਾਉਂਦਿਆਂ
ਉਰਦੂ ਦੇ ਮੁੱਢਲੇ ਸਬਕ
ਬਣ ਜਾਂਦਾ ਸੀ ਉਸ ਤੋਂ ਅਲਫ਼ ਦਾ 'ਤ'…

ਇਕ ਹੱਥ ਜਗੀਰੀ ਦਰਜ਼ੀ ਦਾ
ਜੋ ਜਦੋਂ ਵੀ ਮੈਂਨੂੰ ਜਾਂਘਿਆ ਸਿਉਂ ਕੇ ਦਿੰਦਾ
ਤਾਂ ਲੈਂਦਾ ਸੀ ਮਿਹਨਤ
ਮੇਰੇ ਕੰਨ ਮਰੋੜਨ ਦੀ
ਤੇ ਇਹ ਜਾਣਦਿਆਂ ਹੋਇਆਂ ਵੀ ਕਿ ਮੈਂ ਉਲਟ ਕਰਨੋ
ਬਾਜ਼ ਨਹੀਂ ਆਉਣਾ
ਨਸੀਹਤ ਕਰਦਾ ਸੀ-
ਪਸ਼ੂਆਂ ਨਾਲ ਛੱਪੜ 'ਚ ਨਾ ਵੜਿਆ ਕਰ
ਜੰਗ ਪੁਲੰਗਾ ਖੇਡਣੋਂ ਹਟਣੈਂ ਕਿ ਨਹੀਂ ?

ਇਕ ਹੱਥ ਪਿਆਰੇ ਨਾਈ ਦਾ
ਜੋ ਕਟਦੇ ਹੋਏ ਮੇਰੇ ਵਾਲ
ਡਰਦਾ ਰਹਿੰਦਾ ਸੀ ਮੇਰੇ ਸਿੱਖ ਘਰਦਿਆਂ ਤੋਂ…

ਇਕ ਮਰੋ ਦਾਈ ਦਾ
ਜਿਸ ਦੇ ਹੱਥ ਸੀ ਕੋਈ 'ਤਵਾ'
ਜੋ ਸਦਾ ਰਾਗ ਗਾਉਂਦਾ ਸੀ
"ਜੀਅ ਜਾਗ ਵੇ ਪੁੱਤ !"
ਦਾ ਰਾਗ ਗਾਉਂਦਾ ਸੀ
ਤੇ ਇਕ ਹੱਥ ਦਰਸ਼ੂ ਦਿਹਾੜੀਏ ਦਾ
ਜਿਸ ਨੇ ਪੀ ਲਈ ਅੱਧੀ ਸਦੀ
ਰੱਖ ਕੇ ਹੁੱਕੇ ਦੀ ਚਿਲਮ ਵਿਚ…
ਮੈਥੋਂ ਕੋਈ ਖੋਹ ਨਹੀਂ ਸਕਦਾ
ਇਨ੍ਹਾਂ ਹੱਥਾਂ ਦਾ ਸਿਲਸਿਲਾ
ਹੱਥ ਜੇਬਾਂ 'ਚ ਹੋਣ ਜਾਂ ਬਾਹਰ
ਹੱਥ-ਕੜੀ 'ਚ ਹੋਣ ਜਾਂ ਬੰਦੂਕ ਦੇ ਕੁੰਦੇ 'ਤੇ
ਹੱਥ ਹੱਥ ਹੁੰਦੇ ਹਨ
ਤੇ ਹੱਥਾਂ ਦਾ ਇਕ ਧਰਮ ਹੁੰਦਾ ਹੈ

ਹੱਥ ਜੇ ਹੋਣ ਤਾਂ
ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਮ੍ਹਣੇ ਚੁੱਕਣ ਨੂੰ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ
ਹੱਥ ਜੇ ਹੋਣ ਤਾਂ
ਹੀਰ ਦੇ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ

ਜੋ ਹੱਥਾਂ ਦਾ ਧਰਮ ਭੰਗ ਕਰਦੇ ਹਨ
ਜੋ ਹੱਥਾਂ ਦੇ ਸੁਹਜ ਦਾ ਅਪਮਾਨ ਕਰਦੇ ਹਨ
ਉਹ ਪਿੰਗਲੇ ਹੁੰਦੇ ਹਨ
ਹੱਥ ਤਾਂ ਹੁੰਦੇ ਹਨ ਸਹਾਰਾ ਦੇਣ ਲਈ
ਹੱਥ ਤਾਂ ਹੁੰਦੇ ਹਨ ਹੁੰਗਾਰਾ ਦੇਣ ਲਈ।

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...