Saturday 12 May 2018

ਧਰਮ ਦੀਕਸ਼ਾ ਲਈ ਬਿਨੈ-ਪੱਤਰ


ਮੇਰਾ ਇੱਕੋ ਹੀ ਪੁੱਤ ਹੈ ਧਰਮ-ਗੁਰੂ
ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ।
ਤੇਰੇ ਇਸ ਤਰਾਂ ਗਰਜਣ ਤੋਂ ਬਾਦ
ਮਰਦ ਤਾਂ ਦੂਰ ਦੂਰ ਤਕ ਕਿਤੇ ਨਹੀਂ ਬਚੇ
ਹੁਣ ਸਿਰਫ਼ ਤੀਵੀਆਂ ਹਨ ਜਾਂ ਸ਼ਾਕਾਹਾਰੀ ਦੋਪਾਏ
ਜੋ ਉਨ੍ਹਾਂ ਲਈ ਅੰਨ ਕਮਾਉਦੇ ਹਨ।
ਸਰਬ ਕਲਾ ਸਮਰੱਥ ਏਂ ਤੂੰ ਧਰਮ-ਗੁਰੂ!
ਤੇਰੀ ਇਕ ਮਾੜੀ ਜਿਹੀ ਤਿਊੜੀ ਵੀ
ਚੰਗੇ ਭਲੇ ਪਰਿਵਾਰਾਂ ਨੂੰ ਇੱਜੜ ਬਣਾ ਦਿੰਦੀ
ਹਰ ਕੋਈ ਦੂਸਰੇ ਨੂੰ ਮਿੱਧ ਕੇ
ਆਪਣੀ ਧੌਣ ਤੀਜੇ ਵਿਚ ਘੁਸਾਉਂਦਾ ਹੈ
ਪਰ ਮੇਰੀ ਇਕੋ ਇਕ ਗਰਦਨ ਹੈ ਧਰਮ-ਗੁਰੂ !
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ।

ਮੈਂ ਤੇਰੇ ਦੱਸੇ ਹੋਏ ਹੀ ਇਸ਼ਟ ਪੂਜਾਂਗੀ
ਮੈਂ ਤੇਰੇ ਪਾਸ ਕੀਤੇ ਭਜਨ ਹੀ ਗਾਵਾਂਗੀ
ਮੈਂ ਹੋਰ ਸਾਰੇ ਧਰਮਾਂ ਨੂੰ ਨਿਗੂਣੇ ਕਿਹਾ ਕਰੂੰ
ਮੇਰੀ ਪਰ ਇਕੋ ਇਕ ਜ਼ੁਬਾਨ ਬਚੀ ਹੈ ਧਰਮ-ਗੁਰੂ !
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ।

ਮੈਂ ਪਹਿਲਾਂ ਬਹੁਤ ਝੱਲੀ ਰਹੀ ਹਾਂ ਹੁਣ ਤਕ
ਮੇਰੇ ਪਰਿਵਾਰ ਦਾ ਜੋ ਧਰਮ ਹੁੰਦਾ ਸੀ
ਮੇਰਾ ਉਸ ਤੇ ਵੀ ਕਦੀ ਧਿਆਨ ਨਹੀਂ ਗਿਆ
ਮੈਂ ਪਰਿਵਾਰ ਨੂੰ ਹੀ ਧਰਮ ਮੰਨਣ ਦਾ ਕੁਫ਼ਰ ਕਰਦੀ ਰਹੀ ਆਂ
ਮੈਂ ਕਮਲੀ ਸੁਣੇ ਸੁਣਾਏ, ਪਤੀ ਨੂੰ ਰੱਬ ਕਹਿੰਦੀ ਰਹੀ
ਮੇਰੇ ਭਾਣੇ ਤਾਂ ਘਰਦਿਆਂ ਜੀਆਂ ਦੀ ਮੁਸਕਾਨ ਤੇ ਘੂਰੀ ਹੀ
ਸੁਰਗ ਨਰਕ ਰਹੇ-
ਮੈਂ ਸ਼ਾਇਦ ਵਿੱਠ ਸਾਂ ਕਲਯੁੱਗ ਦੀ, ਧਰਮ-ਗੁਰੂ!

ਤੇਰੀ ਗਜਾਈ ਹੋਈ ਧਰਮ ਦੀ ਜੈਕਾਰ ਨਾਲ
ਮੇਰੇ 'ਚੋਂ ਐਨ ਉਡ ਗਈ ਹੈ ਕੁਫ਼ਰ ਦੀ ਧੁੰਦ
ਮੇਰਾ ਮਰਜਾਣੀ ਦਾ ਕੋਈ ਆਪਣਾ ਸੱਚ ਹੁਣ ਨਾ ਦਿਸੂ
ਮੈਂ ਤੇਰਾ ਸੱਚ ਹੀ ਇਕਲੌਤਾ ਸੱਚ ਜਚਾਇਆ ਕਰੂੰ ...
ਮੈਂ ਤੀਵੀਂ ਮਾਨੀ ਤੇਰੇ ਜਾਂਬਾਜ਼ ਸ਼ਿਸ਼ਾਂ ਦੇ ਮੂਹਰੇ ਹਾਂ ਵੀ ਕੀ
ਕਿਸੇ ਵੀ ਉਮਰੇ ਤੇਰੀ ਤੇਗ ਤੋਂ ਘੱਟ ਸੁੰਦਰ ਰਹੀ ਹਾਂ
ਕਿਸੇ ਵੀ ਰੌਂਅ 'ਚ ਤੇਰੇ ਤੇਜ ਤੋਂ ਫਿੱਕੀ ਰਹੀ ਹਾਂ
ਮੈਂ ਸੀ ਹੀ ਨਹੀਂ, ਬੱਸ ਤੂੰ ਹੀ ਤੂੰ ਏਂ ਧਰਮ-ਗੁਰੂ !

ਮੇਰਾ ਇਕੋ ਈ ਪੁੱਤ ਹੈ ਧਰਮ-ਗੁਰੂ !
ਉਂਜ ਭਲਾ ਸੱਤ ਵੀ ਹੁੰਦੇ
ਉਨ੍ਹਾਂ ਤੇਰਾ ਕੁਝ ਨਹੀਂ ਕਰ ਸਕਣਾ ਸੀ
ਤੇਰੇ ਬਾਰੂਦ ਵਿਚ ਰੱਬੀ ਮਹਿਕ ਹੈ
ਤੇਰਾ ਬਾਰੂਦ ਰਾਤਾਂ ਨੂੰ ਰੌਣਕਾਂ ਵੰਡਦਾ ਹੈ
ਤੇਰਾ ਬਾਰੂਦ ਰਾਹੋਂ ਭਟਕਿਆਂ ਨੂੰ ਸੇਧਦਾ ਹੈ
ਮੈਂ ਤੇਰੀ ਆਸਤਕ ਗੋਲੀ ਨੂੰ ਅਰਗ ਦਿਆ ਕਰਾਂਗੀ
ਮੇਰਾ ਇਕੋ ਈ ਪੁੱਤ ਹੈ ਧਰਮ-ਗੁਰੂ!
ਤੇ ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ ।

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...