Saturday 12 May 2018

ਪੁਲਸ ਦੇ ਸਿਪਾਹੀ ਨੂੰ


ਮੈਂ ਪਿੱਛੇ ਛੱਡ ਆਇਆ ਹਾਂ
ਸਮੁੰਦਰ ਰੋਂਦੀਆਂ ਭੈਣਾਂ
ਕਿਸੇ ਅਣਜਾਣੇ ਭੈਅ ਅੰਦਰ
ਜਰਕਦੀ ਬਾਪ ਦੀ ਦਾਹੜੀ
ਤੇ ਸੁੱਖਣਾ ਸੁੱਖਦੀ,
ਖਾਂਦੀ ਗ਼ਸ਼ਾਂ ਮਾਸੂਮ ਮਮਤਾ ਨੂੰ
ਮੇਰੇ ਖੁਰਲੀ ਤੇ ਬੱਧੇ ਹੋਏ
ਡੰਗਰਾਂ ਬੇਜ਼ਬਾਨਾਂ ਨੂੰ
ਕਿਸੇ ਛਾਵੇਂ ਨਹੀਂ ਬੰਨ੍ਹਣਾ
ਕਿਸੇ ਪਾਣੀ ਨਹੀਂ ਡਾਹੁਣਾ,
ਤੇ ਮੇਰੇ ਘਰ ਕਈ ਡੰਗ
ਸੋਗ ਵਿਚ ਚੁੱਲ੍ਹਾ ਨਹੀਂ ਬਲਣਾ।
ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਡਾ ਖ਼ਤਰਨਾਕ ਦੀਹਦਾਂ ?
ਭਰਾਵਾ ਸੱਚ ਦੱਸ, ਤੈਨੂੰ
ਮੇਰੀ ਉੱਧੜੀ ਹੋਈ ਚਮੜੀ
ਤੇ ਮੇਰੇ ਮੂੰਹ 'ਚੋਂ ਵਗਦੇ ਲਹੂ 'ਚ
ਕੁਝ ਆਪਣਾ ਨਹੀਂ ਦਿਸਦਾ ?

ਤੂੰ ਲੱਖ ਦੁਸ਼ਮਣ ਕਤਾਰਾਂ ਵਿਚ
ਹੁੱਬ ਕੇ ਮਾਰ ਲੈ ਸ਼ੇਖੀ
ਤੇਰੇ ਨੀਂਦਰ ਪਿਆਸੇ ਨੈਣ
ਤੇ ਪਥਰਾ ਗਿਆ ਮੱਥਾ,
ਤੇਰੀ ਪਾਟੀ ਹੋਈ ਨਿੱਕਰ
ਤੇ ਉਸ ਦੀ ਜੇਬ ਵਿਚ ਰਚ ਗਈ
ਜ਼ਹਿਰੀਲੀ ਬੋਅ ਤਮਾਕੂ ਦੀ
ਨੇ ਤੇਰੀ ਖਾ ਰਹੇ ਚੁਗਲੀ।
ਨਹੀਂ ਸਾਂਝੀ ਤਾਂ ਬੱਸ ਆਪਣੀ
ਇਹ ਵਰਦੀ ਹੀ ਨਹੀਂ ਸਾਂਝੀ
ਪਰ ਅੱਜ ਵੀ ਕੋੜਮੇ ਤੇਰੇ ਦੇ ਦੁੱਖ
ਮੇਰੇ ਨਾਲ ਸਾਂਝੇ ਨੇ
ਤੇਰਾ ਵੀ ਬਾਪ ਜਦ ਸੁੱਟਦਾ ਹੈ
ਪੱਠਿਆਂ ਦੀ ਭਰੀ ਸਿਰ ਤੋਂ
ਤਾਂ ਉਸ ਦੀਆਂ ਸੂਤੀਆਂ ਨਾੜਾਂ
ਵੀ ਮਨਸ਼ਾ ਕਰਦੀਆਂ ਇਹੋ
ਕਿ ਹੁਣ ਕਿਹੜੀ ਘੜੀ, ਬੱਸ
ਬੁਰੇ ਦਾ ਸਿਰ ਫੇਹ ਦਿੱਤਾ ਜਾਵੇ।
ਤੇਰੇ ਬੱਚਿਆਂ ਨੂੰ ਜਦ ਵੀਰਾ
ਸਕੂਲੀਂ ਖਰਚ ਨਹੀਂ ਜੁੜਦਾ
ਤਾਂ ਸੀਨਾ ਪਾਟ ਜਾਂਦਾ ਹੈ
ਤੇਰੀ ਵੀ ਅਰਧ-ਅੰਗੀ ਦਾ।

ਤੇਰੀ ਪੀਤੀ ਹੋਈ ਰਿਸ਼ਵਤ
ਜਦੋਂ ਤੇਰਾ ਗਾਲਦੀ ਅੰਦਰ
ਤਾਂ ਤੂੰ ਵੀ ਲੋਚਦਾ ਏਂ
ਭੰਨਣੀ ਸ਼ਾਹਰਗ ਹਕੂਮਤ ਦੀ-
ਜੋ ਕੁਝ ਵਰ੍ਹਿਆਂ 'ਚ ਹੀ ਖਾ ਗਈ
ਤੇਰਾ ਚੰਦਨ ਜਿਹਾ ਪਿੰਡਾ
ਤੇਰੀ ਰਿਸ਼ੀਆਂ ਜਿਹੀ ਬਿਰਤੀ
ਅਤੇ ਬਰਸਾਤੀ ਵਾਅ ਵਰਗਾ
ਲੁਭਾਉਣਾ ਸੁੱਖ ਟੱਬਰ ਦਾ

ਤੂੰ ਲੱਖ ਵਰਦੀ ਦਾ ਓਹਲਾ ਕਰਕੇ
ਮੈਥੋਂ ਦੂਰ ਖੜਿਆ ਰਹੁ
ਤੇਰੇ ਪਰ ਅੰਦਰਲੀ ਦੁਨੀਆਂ
ਹੈ ਮੈਨੂੰ ਪਾ ਰਹੀ ਕੰਗਲ੍ਹੀ।
ਅਸੀਂ ਜੋ ਸਾਂਭ ਦੇ ਘਾਟੇ
ਆਵਾਰਾ ਰੋਗੀ ਬਚਪਨ ਨੂੰ
ਰਹੇ ਆਟੇ ਜਿਉਂ ਗੁੰਨ੍ਹਦੇ,
ਕਿਸੇ ਲਈ ਬਣੇ ਨਾ ਖ਼ਤਰਾ।
ਤੇ ਉਹ ਜਦੋਂ ਸਾਡੇ ਸੁੱਖ ਬਦਲੇ
ਰਹੇ ਵਿਕਦੇ, ਰਹੇ ਰੁਲਦੇ,
ਕਿਸੇ ਲਈ ਬਣੇ ਨਾ ਚਿੰਤਾ।
ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿਚ
ਅਜ ਬਣ ਗਿਆ ਸੋਟੀ
ਤੂੰ ਢਿੱਡ ਤੇ ਹੱਥ ਰਖ ਕੇ ਦੱਸ
ਕਿ ਸਾਡੀ ਜ਼ਾਤ ਨੂੰ ਹੁਣ
ਕਿਸੇ ਤੋਂ ਕੀ ਹੋਰ ਖ਼ਤਰਾ ਹੈ ?
ਅਸੀਂ ਹੁਣ ਸਿਰਫ ਖ਼ਤਰਾ ਹਾਂ ਉਨ੍ਹਾਂ ਲਈ
ਜਿਨ੍ਹਾਂ ਨੂੰ ਦੁਨੀਆਂ ਤੇ ਬੱਸ ਖ਼ਤਰਾ ਹੀ ਖ਼ਤਰਾ ਹੈ

ਤੂੰ ਆਪਣੇ ਮੂੰਹ ਦੀਆਂ ਗਾਲ੍ਹਾਂ ਨੂੰ
ਆਪਣੇ ਕੀਮਤੀ ਗੁੱਸੇ ਲਈ
ਸੰਭਾਲ ਕੇ ਰੱਖ-
ਮੈਂ ਕੋਈ ਚਿੱਟ ਕੱਪੜੀਆ
ਕੁਰਸੀ ਦਾ ਪੁੱਤ ਨਹੀਂ
ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੇ
ਧੂੜ 'ਚ ਲਿਬੜੇ ਹਜ਼ਾਰਾਂ ਚਿਹਰਿਆਂ 'ਚੋਂ ਇਕ ਹਾਂ,
ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ 'ਤੋਂ
ਮੇਰੇ ਦੇਸ਼ ਦਾ ਕੋਈ ਵੀ ਦਰਿਆ, ਬਹੁਤ ਛੋਟਾ ਹੈ।
ਕਿਸੇ ਵੀ ਧਰਮ ਦਾ ਕੋਈ ਗ੍ਰੰਥ
ਮੇਰੇ ਜ਼ਖ਼ਮੀ ਬੁੱਲ੍ਹਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ।
ਤੂੰ ਜਿਸ ਝੰਡੇ ਨੂੰ ਅੱਡੀਆਂ ਜੋੜ ਕੇ
ਦੇਨੈਂ ਸਲਾਮੀ
ਸਾਡਾ ਲੁੱਟੇ ਹੋਇਆਂ ਦੇ ਕਿਸੇ ਵੀ ਦਰਦ ਦਾ ਇਤਿਹਾਸ
ਉਸ ਦੇ ਤਿੰਨਾਂ ਰੰਗਾਂ ਤੋਂ ਬੜਾ ਗਾਹੜਾ ਹੈ
ਤੇ ਸਾਡੀ ਰੂਹ ਦਾ ਹਰ ਇਕ ਜ਼ਖ਼ਮ
ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ।
ਮੇਰੇ ਦੋਸਤ, ਮੈਂ ਕੋਹਿਆ ਪਿਆ ਵੀ
ਤੇਰੇ ਕਿੱਲਾਂ ਵਾਲੇ ਬੂਟ ਥੱਲੇ
ਮਾਂਊਂਟ ਐਵਰੈਸਟ ਤੋਂ ਬੜਾ ਉੱਚਾ ਹਾਂ।

ਮੇਰੇ ਬਾਰੇ ਗ਼ਲਤ ਦੱਸਿਆ ਹੈ
ਤੇਰੇ ਕਾਇਰ ਅਫ਼ਸਰ ਨੇ
ਕਿ ਮੈਂ ਇਸ ਰਾਜ ਦਾ
ਇਕ ਮਾਰਖ਼ੋਰਾ ਮਹਾਂ ਦੁਸ਼ਮਣ ਹਾਂ
ਨਹੀਂ, ਮੈਂ ਤਾਂ ਦੁਸ਼ਮਣੀ ਦੀ
ਅਜੇ ਪੂਣੀ ਵੀ ਨਹੀਂ ਛੋਹੀ
ਅਜੇ ਤਾਂ ਹਾਰ ਜਾਂਦਾ ਹਾਂ
ਮੈਂ ਘਰ ਦੀਆਂ ਔਕੜਾਂ ਅੱਗੇ
ਅਜੇ ਮੈਂ ਅਮਲ ਦੇ ਟੋਏ
ਕਲਮ ਨਾ' ਪੂਰ ਲੈਨਾ ਹਾਂ
ਅਜੇ ਮੈਂ ਸੀਰੀਆਂ ਜੱਟਾ ਵਿਚਾਲੇ
ਲਰਜ਼ਦੀ ਕੜੀ ਹਾਂ
ਅਜੇ ਮੇਰੀ ਸੱਜੀ ਬਾਂਹ ਤੂੰ ਵੀ
ਮੇਰੇ ਤੋਂ ਓਪਰਾ ਫਿਰਦਾਂ।
ਅਜੇ ਮੈਂ ਉਸਤਰੇ ਨਾਈਆਂ ਦੇ
ਖੰਜਰ 'ਚ ਬਦਲਨੇ ਹਨ
ਅਜੇ ਰਾਜਾਂ ਦੀ ਕਾਂਡੀ ਤੇ
ਮੈਂ ਲਿਖਣੀ ਵਾਰ ਚੰਡੀ ਦੀ
ਚਮਕਦੇ ਨਾਅਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ
ਹੈ ਭਿੱਜ ਕੇ ਜ਼ਹਿਰ ਵਿਚ ਫਿਰਨੀ
ਅਜੇ ਤਾਂ ਆਰ ਮੋਚੀ ਦੀ।

ਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ
ਲਹਿਰਨਾ ਹਾਲੇ
ਬੁੜਕਦਾ ਬੁੱਕਦਾ ਹੋਇਆ
ਧੁੰਮੇ ਤਰਖਾਣ ਦਾ ਤੇਸਾ।
ਅਜੇ ਤਾਂ ਲਾਗੀਆਂ ਨੇ ਲਾਗ ਲੈਣੈ
ਜੁਬਲੀਆਂ ਦੇ ਵਿੱਚ-ਜੋ
ਆਇਆਂ ਗਿਆਂ ਦੇ ਜੂਠੇ
ਰਹੇ ਨੇ ਮਾਂਜਦੇ ਭਾਂਡੇ
ਅਜੇ 'ਖੁਸ਼ੀਏ' ਚੂਹੜੇ ਨੇ ਬਾਲ ਕੇ
ਹੁੱਕੇ 'ਚ ਧਰਨੀ ਹੈ
ਕਿਸੇ ਕੁਰਸੀ ਤੇ ਬੈਠੀ ਗਿਰਝ ਦੇ
ਪੱਟ ਦੀ ਨਰਮ ਹੱਡੀ।

ਮੈਂ ਜਿਸ ਦਿਨ ਰੰਗ ਸੱਤੇ ਜੋੜ ਕੇ
ਇੰਦਰ-ਧਨੁਸ਼ ਬਣਿਆ
ਮੇਰਾ ਕੋਈ ਵਾਰ ਦੁਸ਼ਮਣ 'ਤੇ
ਕਦੇ ਖਾਲੀ ਨਹੀਂ ਜਾਣਾ।
ਉਦੋਂ ਫਿਰ ਝੰਡੀ ਵਾਲੀ ਕਾਰ ਦੇ
ਬਦਬੂ ਭਰੇ ਥੁੱਕ ਦੇ
ਛਿੱਟੇ ਮੇਰੀ ਜ਼ਿੰਦਗੀ ਦੇ ਚਾਅ ਭਰੇ
ਮੂੰਹ 'ਤੇ ਨਾ ਚਮਕਣਗੇ।
ਮੈਂ ਉਸ ਚਾਨਣ ਦੀ ਬੁਰਜੀ ਤੀਕ
'ਕੱਲਾ' ਪਹੁੰਚ ਨਹੀਂ ਸਕਦਾ,
ਤੇਰੀ ਵੀ ਲੋੜ ਹੈ
ਤੈਨੂੰ ਵੀ ਓਥੇ ਪਹੁੰਚਣਾ ਪੈਣਾ।

ਅਸੀਂ ਇੱਕ ਕਾਫ਼ਲਾ ਹਾਂ
ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ
ਤੇਰੀ ਪੀੜ੍ਹੀਆਂ ਦੀ ਖ਼ਾਦ
ਇਸ ਦੇ ਚਮਨ ਨੂੰ ਲੱਗੀ।

ਅਸੀਂ ਗੀਤਾਂ ਦੇ ਵਰਗੀ ਗੁਜ਼ਰ ਦੇ
ਬੇਤਾਬ ਆਸ਼ਕ ਹਾਂ
ਤੇ ਸਾਡੀ ਤੜਪ ਵਿੱਚ
ਤੇਰੀ ਉਦਾਸੀ ਦਾ ਵੀ ਨਗ਼ਮਾ ਹੈ।

ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਨਾਂ ਖ਼ਤਰਨਾਕ ਦੀਹਦਾਂ ?
ਮੈਂ ਪਿੱਛੇ ਛੱਡ ਆਇਆ ਹਾਂ…

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...