Friday 11 May 2018

ਅਹਿਮਦ ਸਲੀਮ ਦੇ ਨਾਂ


ਐ ਕਲਮ ਦੇ ਕਿਰਤੀਆ ਵੇ, ਐ ਮੇਰੇ ਅਹਿਮਦ ਸਲੀਮ
ਚੁੰਮ ਕੇ ਸੀਖਾਂ, ਮੇਰੇ ਸੱਜਰੇ ਬਣੇ ਰਿਸ਼ਤੇ ਦੇ ਵੀਰ
ਮੈਂ ਵੀ ਹਾਂ ਜੇਲ੍ਹਾਂ ਦਾ ਸ਼ਾਇਰ, ਮੇਰਾ ਵੀ ਨੇ ਇਸ਼ਕ ਲੋਕ
ਤੈਂਨੂੰ ਪੱਛਦੇ ਨੇ ਪਿੰਡੀ ਦੇ, ਤੇ ਮੈਂਨੂੰ ਦਿੱਲੀ ਦੇ ਤੀਰ

ਤਾਹੀਓਂ ਫੜ ਹੋਵਣ 'ਤੇ ਤੇਰੇ, ਚੀਕ ਨਹੀਂ ਉੱਠਿਆ ਸਾਂ ਮੈਂ
ਮੈਂ ਤਾਂ ਖੁਸ਼ ਹੋਇਆ ਸਾਂ ਕਿ ਹੋ ਗਈ ਤੇਰੀ ਕਵਿਤਾ ਜਵਾਨ
ਨਾਲੇ ਮੇਰੇ ਘਰ 'ਚ ਵੀ ਸਨ, ਸੜ ਰਹੇ ਢਾਕੇ ਅਨੇਕ
ਏਥੇ ਵੀ ਬੁੱਕਦਾ ਪਿਆ ਸੀ, ਭੇਸ ਬਦਲੀ ਯਾਹੀਆ ਖ਼ਾਨ

ਮੈਂ ਬੜਾ ਹੈਰਾਨ ਸਾਂ, ਕੁਰਲਾਉਂਦਿਆਂ ਦੰਭੀਆਂ ਨੂੰ ਵੇਖ
ਜੋ ਤੇਰੇ ਸੀਖਾਂ 'ਚ ਹੋਵਣ 'ਤੇ ਸੀ ਧਾਹਾਂ ਮਾਰਦੇ
ਸੜਦੇ ਘਰ ਵਲ ਪਿੱਠ ਕਰਕੇ, ਰੇਤ ਸੁੱਟਦੇ ਸੀ ਗਵਾਂਢ
ਮੈਂ ਦੁਖੀ ਸਾਂ ਥੁੱਕ ਰਹੇ ਨੇ, ਮੂੰਹ 'ਤੇ ਮੇਰੇ ਯਾਰ ਦੇ

ਮੈਂ ਨਹੀਂ ਕਹਿੰਦਾ ਕਿ ਕਾਤਲ, ਕਿਤੇ ਵੀ ਹੋਵਣ ਖ਼ਿਮਾਂ
ਮੈਂ ਨਹੀਂ ਕਹਿੰਦਾ ਕਿਤੇ ਵੀ, ਲੁੱਟ ਹੋਣੀ ਹੈ ਸਹੀ
ਮੈਂ ਤਾਂ ਕਹਿੰਦਾ ਹਾਂ ਕਿ ਲੋਟੂ ਬਦਲਣੇ ਮੁਕਤੀ ਨਹੀਂ
ਹਿੰਦ ਪਾਕੀ ਬਾਣੀਆਂ ਦੀ, ਹੈ ਇਕੋ ਜੇਹੀ ਵਹੀ

ਮੈਂ ਤਾਂ ਕਹਿੰਦਾ ਹਾਂ ਆਜ਼ਾਦੀ ਦਾਣਿਆਂ ਦੀ ਮੁੱਠ ਨਹੀਂ
ਦਾਨ ਜਿਹੜੀ ਹੋ ਸਕੇ, ਪੈਸੇ ਨੂੰ ਜਿਹੜੀ ਆ ਸਕੇ
ਇਹ ਤਾਂ ਉਹ ਫ਼ਸਲ ਜਿਸ ਨੂੰ ਲਹੂ ਨਾਂ' ਸਿੰਜਦੇ ਨੇ ਲੋਕ
ਇਹ ਨਹੀਂ ਕੋਈ ਪ੍ਰੇਮ-ਪੱਤਰ, ਜੋ ਕਬੂਤਰ ਲਿਆ ਸਕੇ

ਪੁੱਤ ਖਾਣੀ ਡੈਣ ਜਿਸ ਨੇ ਘਰ 'ਚ ਕੋਈ ਛੱਡਿਆ ਨਹੀਂ
ਨਰਮ ਸੀਨੇ ਖਾਣ ਦਾ ਜਿਸ ਨੂੰ ਪਿਆ ਹੋਵੇ ਸਵਾਦ
ਜ਼ਿੰਦਗੀ ਦੀ ਪਿਉਂਦ ਉਹ ਹੋਰਾਂ ਦੇ ਲਾ ਸਕਦੀ ਨਹੀਂ
ਉਹ ਖਿੜਾ ਸਕਦੀ ਨਹੀਂ , ਹਮਸਾਇਆਂ ਦੇ ਵਿਹੜੇ 'ਚ ਬਾਗ

ਆ ਦਿਖਾਵਾਂ ਤੈਨੂੰ ਮੈਂ ਬੰਗਾਲ ਦੇ ਰਿਸਦੇ ਜ਼ਖਮ
ਆ ਤੈਨੂੰ ਦਿਖਲਾ ਦਿਆਂ, ਆਂਧਰਾ ਦੇ ਦਿਲ 'ਚ ਛੇਕ
ਜੇ ਤੂੰ ਲੋੜੇਂ ਇਸ ਆਜ਼ਾਦੀ ਵੰਡਦੀ ਦੇਵੀ ਦੇ ਦੀਦ
ਆ ਮੇਰੇ ਪੰਜਾਬ ਦੇ ਸੜਦੇ ਹੋਏ ਮੋਗੇ ਨੂੰ ਦੇਖ

ਤੇਰੇ ਫੜ ਹੋਵਣ 'ਤੇ ਜੋ, ਪਾਉਂਦੇ ਸੀ ਹਮਦਰਦੀ ਦੇ ਵੈਣ
ਬਹੁਤ ਪਾਉਂਦੇ ਸੀ ਜੋ ਯਾਹੀਆ ਖ਼ਾਨ ਦੇ ਜ਼ੁਲਮਾਂ ਦੀ ਡੰਡ
ਪੁਤਲੇ ਜੋ ਜਮਹੂਰੀਅਤ ਦੇ ਉਨ੍ਹਾਂ ਦੀਆਂ ਜੇਲ੍ਹਾਂ ਅੰਦਰ
ਆ ਤੈਨੂੰ ਸੁੰਘਾ ਦਿਆਂ ਸੜਦੇ ਹੋਏ ਜੋਬਨ ਦੀ ਗੰਧ

ਨਾ ਅਸੀਂ ਜਿੱਤੀ ਏ ਜੰਗ, ਤੇ ਨਾ ਹਰੇ ਪਾਕੀ ਕਿਤੇ
ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਕੇ ਨੱਚੇ
ਅਜੇ ਤਾਂ ਬੱਸ ਢਿੱਡ ਹੀ ਢਿੱਡ ਹਾਂ ਆਦਮੀ ਪੂਰੇ ਨਹੀਂ
ਅਜੇ ਨਾਂ ਦੁਸ਼ਮਣ ਹਾਂ ਆਪਾਂ, ਨਾ ਕਿਸੇ ਦੇ ਹਾਂ ਸੱਕੇ

ਅਜੇ ਤਾਂ ਜੰਗੀਆਂ ਦੀ ਟੋਲੀ, ਚੁਹਲ ਕਰਦੀ ਹੈ ਪਈ
ਸਾੜ ਕੇ ਢਾਕੇ ਨੂੰ ਪਰਚੇ ਅੱਗ ਦੇ ਫੁੱਲਾਂ ਦੇ ਨਾਲ
ਇਸ ਨੂੰ ਕਵਿਤਾ ਜਾਗਦੀ ਹੈ, ਛੰਭ ਦੇ ਖੰਡਰਾਂ ਅੰਦਰ
ਇਸ਼ਕ ਆਉਂਦਾ ਹੈ ਧਵਾਂਖੀ ਧਰਤ ਦੇ ਬੁਲ੍ਹਾਂ ਦੇ ਨਾਲ

ਨਾ ਤਾਂ ਉਹ ਮਰਦਿ-ਮੁਜਾਹਦ, ਨਾ ਨੇ ਕੈਦੀ ਜੰਗ ਦੇ
ਨਾ ਉਨ੍ਹਾਂ ਲੁੱਟੀਆਂ ਨੇ ਇੱਜ਼ਤਾਂ, ਨਾ ਉਨ੍ਹਾਂ ਸੁੱਟੇ ਨੇ ਸੰਦ
ਨਾ ਉਨ੍ਹਾਂ ਕੋਲ ਪੈਰ ਹਨ, ਨਾ ਸੀਸ ਧੌਣਾਂ ਦੇ ਉੱਤੇ
ਕੀ ਉਨ੍ਹਾਂ ਨੇ ਹਾਰਨਾ ਤੇ ਕੀ ਉਨ੍ਹਾਂ ਜਿੱਤਣੀ ਏ ਜੰਗ

ਉਨ੍ਹਾਂ ਦੀ ਖ਼ਾਤਰ ਤੂੰ ਕਿਉਂ ਨਹੀਂ ਬੋਲਦਾ ਅਹਿਮਦ ਸਲੀਮ
ਜਿਸਮ ਜਿਹੜੇ ਜਾਬਰਾਂ ਦੇ ਹੁਕਮ ਵਿਚ ਜੂੜੇ ਹੋਏ
ਤੜਫਦੇ ਹੋਏ ਤੁਰ ਗਏ ਜੋ ਆਪਣੇ ਟੱਬਰਾਂ ਤੋਂ ਦੂਰ
ਤੜਫਦੇ ਹਨ ਅਜੇ ਵੀ ਉਹ ਹਿੰਦ ਵਿਚ ਨੂੜੇ ਪਏ

ਹਰ ਦੂਏ ਤੀਏ ਜਦੋਂ ਫੁੰਕਾਰਦਾ ਹੈ ਰੇਡੀਓ
ਭੱਜਦੇ ਹੋਏ ਢਿੱਡ ਕੁੱਝ ਟਕਰਾਏ ਸੰਗੀਨਾਂ ਦੇ ਨਾਲ
ਕਿਉਂ ਤੇਰੀ ਤਰਸਾਂ ਭਰੀ, ਕਾਨੀ ਕਦੇ ਰੋਈ ਨਹੀਂ
ਕਿਉਂ ਤੇਰੇ ਕੂਲੇ ਖਿਆਲਾਂ ਵਿਚ ਨਹੀਂ ਆਉਂਦਾ ਭੁਚਾਲ

ਤੇਰੀ ਹਮਦਰਦੀ ਭਰੀ ਉਹ ਆਤਮਾ ਕਿੱਥੇ ਗਈ
ਜਾਂ ਹੈ ਤੈਨੂੰ ਖੌਫ, ਨਾ ਟੁੱਟੇ ਤੇਰਾ ਭਾਰਤ 'ਚ ਮਾਣ
ਜੋ ਤੈਨੂੰ ਗਰਦਾਨਦੇ ਪਏ ਸੀ ਪੈਗ਼ੰਬਰ ਸੱਚ ਦਾ
ਹੁਣ ਕਿਤੇ ਨਾ ਆਖ ਦੇਵਣ, ਇਕ ਨਾ-ਸ਼ੁਕਰਾ ਮੁਸਲਮਾਨ

ਮੈਂ ਨਹੀਂ ਕਹਿੰਦਾ ਮੁਹਬੱਤ ਵਿੱਚ ਪਿਘਲ ਜਾਇਆ ਨਾ ਕਰ
ਮੈਂ ਨਹੀਂ ਕਹਿੰਦਾ ਕਿ ਆਢਾ ਜ਼ੁਲਮ ਨਾਲ ਲਾਇਆ ਨਾ ਕਰ
ਮੈਂ ਤਾਂ ਕਹਿੰਦਾ ਹਾਂ ਕਿ ਜ਼ੁਲਮ ਦੀ ਜੜ੍ਹਾਂ ਤੋਂ ਪਹਿਚਾਨ ਕਰ
ਸ਼ੂਕਦੇ ਪੱਤਿਆਂ ਦੇ ਉੱਤੇ ਥੁੱਕ ਕੇ ਮੁੜ ਜਾਇਆ ਨਾ ਕਰ

ਆ ਅਸੀਂ ਢਿੱਡਾਂ ਨੂੰ ਕਹੀਏ, ਸਿਰਾਂ ਦੀ ਖ਼ਾਤਰ ਲੜੋ
ਬਣ ਕੇ ਪੂਰੇ ਜਿਸਮ ਆਪਣੀ ਕਿਸਮ ਦੀ ਖ਼ਾਤਰ ਲੜੋ
ਫਿਰ ਬਣਾ ਕੇ ਜੰਗੀ ਕੈਦੀ, ਪੂਰੀ ਦੇਵਾਂਗੇ ਸਜ਼ਾ
ਅਜੇ ਤਾਂ ਯਾਰੋ ਬੱਸ ਅਪਣੇ ਜਿਸਮ ਦੀ ਖ਼ਾਤਰ ਲੜੋ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...