Friday 11 May 2018

ਕਾਮਰੇਡ ਨਾਲ ਗੱਲਬਾਤ


ਇਕ
ਐ ਸੀਤ ਦੇਗਚੀ, ਤੈਨੂੰ ਤੇ
ਤੇਰੇ ਵਿਚ ਉਬਲ ਰਹੇ ਵਕਤਾਂ ਨੂੰ ਸਲਾਮ !
ਐ ਰਿੜ੍ਹਦੇ ਪਰਿੰਦੇ, ਤੈਨੂੰ ਤੇ,
ਤੇਰੇ ਵਿਚ ਜਾਮ ਹੋਏ ਅੰਬਰ ਨੂੰ ਸਲਾਮ !
ਹੇ ਜੋਗੀ ਮਚਦਿਆਂ ਵਣਾਂ ਦੇ
ਤੇਰੇ ਸਿਲ੍ਹਾਬੇ ਹੋਏ ਜਤ ਸਤ ਨੂੰ
ਤੇ ਤੇਰੇ ਰਾਖ ਹੋ ਗਏ ਰੱਬ-ਦੋਹਾਂ ਨੂੰ ਨਮਸਕਾਰ !

ਨਮਸਕਾਰ, ਮੇਲੇ ਦੇ ਵਿਚ ਵਿੱਟਰੇ ਖੜ੍ਹੇ ਜਵਾਕ ਨੂੰ
ਜਿਸਦੀ ਹੈ ਜ਼ਿਦ ਮਸਾਲੇ ਦੇ ਰਾਂਘਲੇ ਘੋੜੇ ਲਈ
ਤੇ ਗੈਂਡੇ ਦੀ ਬੇਸੁਰੀ ਸ਼ਹਿਨਾਈ ਲਈ।
ਸਲਾਮ-ਲ਼ੂਈਆਂ ਮੁੱਛਾਂ ਤੇ ਆਦਤਨ ਫਿਰ ਰਹੇ
ਜਾਨਦਾਰ ਹੱਥ ਨੂੰ।
ਪਿਆਰੇ ਕਾਮਰੇਡ, ਮੇਰੀ ਬੰਦਨਾ ਹੈ
ਆਪਣੇ ਦੋਹਾਂ ਦੇ ਜਿਸਮ ‘ਚ
ਪਲ ਪਲ ਵਾਪਰ ਰਹੇ ਸ਼ਮਸ਼ਾਨ ਨੂੰ।

ਕਾਮਰੇਡ, ਇਹ ਬੁਰਜੁਆਜ਼ੀ-ਜਾਣਦੈਂ ?
ਸ਼ਰਾਬ ਵਾਂਗ ਪੁਰਾਣੀ ਹੋ ਗਈ ਹੈ
ਤੇ ਅਸੀਂ ਮਾਸ ਦੇ ਟੁਕੜੇ ਵਾਂਗ।
ਕਾਮਰੇਡ, ਮੱਧ ਵਰਗ ਅੱਜ ਵੀ ਭਗੌੜਾ ਹੈ-
ਸ਼ੰਘਰਸ਼ ਤੋਂ ਨਹੀਂ, ਇਹ ਪਾਗਲ ਖਾਨਿਓਂ ਭੱਜ ਨਿਕਲਿਆ
ਮੁਜਰਮ ਹੈ ਅਤੇ ਸਿਧਾਂਤ
ਕਦੇ ਤਾਂ ਘਰਦਿਆਂ, ਕਦੇ ਪੁਲਸ ਵਾਂਗ
ਇਹਦਾ ਪਿੱਛਾ ਕਰਦੇ ਪਏ ਹਨ।
ਕਾਮਰੇਡ ਖਿਮਾ ਕਰਨਾ, ਉਸਨੂੰ ਗਾਹਲ ਦੇਣੀ ਠੀਕ ਨਹੀਂ
ਜੋ ਕੇਵਲ ਖ਼ੁਦ ਦੀ ਪਿੱਛੇ ਰਹਿ ਗਈ ਗੂੰਜ ਹੈ
ਇਹ ਬਹੁਤ ਖੂੰ-ਖਾਰ ਇਤਫਾਕ ਹੈ ਸਾਥੀ
ਕਿ ਮਹਾਨ ਏਂਗਲਜ਼ ਦੀ ਮਾਲਕੀ-ਟੱਬਰ ਤੇ ਰਿਆਸਤ
ਆਪਾਂ ਕੱਠਿਆਂ ਪੜ੍ਹੀ ਸੀ।
ਤੂੰ ਉਸ ਦਿਨ ਕਿਰਦੀ ਜਾਂਦੀ ਮਾਲਕੀ ਤੇ ਥੁੱਕਿਆ
ਟੱਬਰ ਨੂੰ ਵਿਦਾ ਆਖ ਕੇ
ਰਿਆਸਤ ਨੂੰ ਸਿੱਜਣ ਚਲਾ ਗਿਆ।
ਅਤੇ ਮੈਂ ਘਰ ਦਿਆਂ ਖਣਾਂ 'ਚੋਂ ਕਿਰਦੇ ਘੁਣ ਦਾ
ਰਾਜ ਸੱਤਾ ਵਾਂਗ ਮੁਕਾਬਲਾ ਕਰਦਿਆਂ
ਸ਼ਬਦ ਟੱਬਰ 'ਚੋਂ ਅਰਥਾਂ ਨੂੰ ਨਿਕਲ ਜਾਣ ਤੋਂ ਵਲਦਾ ਰਿਹਾ।

ਇਹ ਬਹੁਤ ਖੂੰ-ਖਾਰ ਇਤਫਾਕ ਹੈ ਸਾਥੀ
ਕਿ ਮਹਾਨ ਏਂਗਲਜ਼ ਨੂੰ ਪੜ੍ਹਦਿਆਂ
ਜਦ ਇਤਫਾਕ ਦੀ ਮਹੱਤਤਾ ਦਾ ਜ਼ਿਕਰ ਆਇਆ
ਉਦੋਂ ਤੂੰ ਭਾਸ਼ਾ ਅਤੇ ਦਿਮਾਗ ਮੌਲਣ ਵਿਚ
ਸੰਦ ਦਾ ਯੋਗਦਾਨ ਸੋਚਦੇ ਹੋਏ
ਗੁੰਮ ਸੁੰਮ ਤੁਰ ਗਿਆ ਸੈਂ
ਕਮਰਿਓਂ ਬਾਹਰ, ਜਿੱਥੇ ਰਾਤ ਤੇ ਸਵੇਰ
ਧਰਤ ਦੇ ਉਲਟ ਸਿਰਿਆਂ ਤੇ ਖਲੋ ਕੇ
ਲੜ ਰਹੇ ਸਨ, ਕੱਚੀ ਉਮਰ ਦੇ ਆਸ਼ਕਾਂ ਵਾਂਗ
ਇਕ ਹੋਣ ਦੇ ਲੋਭ ਵਿਚ !
ਉਂਝ ਤਾਂ ਹਰ ਚੀਜ਼ ਸਿਧਾਂਤਕ ਤੌਰ ਤੇ ਸਹੀ ਸੀ
ਸਹੀ ਸੀ, ਤੇਰਾ ਕੱਲਿਆਂ ਛੱਡ ਜਾਣਾ ਮੈਨੂੰ
ਇਤਫਾਕ ਬਾਰੇ ਪੜ੍ਹਨ ਲਈ
ਤੇਰਾ ਸੰਘਰਸ਼ ਵਿਚ ਕੁੱਦਣਾ
ਤੇ ਮੇਰਾ ਪਿੱਠ ਦੇ ਜਾਣਾ
ਤੂੰ ਨਹੀਂ ਸਮਝ ਸਕਦਾ ਕਾਮਰੇਡ
ਸੱਭ ਕੁੱਝ ਸਹੀ ਸੀ

ਦੋ
ਆਪਣੇ ਨਿੱਕੀ ਉਮਰੇ ਡੱਕੇ ਗੱਡ ਕੇ
ਸਿਰਜੇ ਹੋਏ ਜੰਗਲ
ਜਾਗਦਿਆਂ ਸੁਫਨਿਆਂ ਵਿਚ ਫੈਲ ਫੈਲ ਸੰਘਣੇ ਹੋ ਗਏ
ਤੇ ਉਨ੍ਹਾਂ ਜੰਗਲਾਂ ਚੋਂ ਕਦੀ ਕਦੀ
ਤੇਰੇ ਫ਼ਾਇਰਾਂ ਦੀ ਆਵਾਜ਼
ਏਥੇ ਪਹੁੰਚਦੀ ਰਹੀ ਹੈ।
ਮੈਂ ਉਸ ਨੂੰ ਮਾਂ ਦੇ ਗੂੰਗੇ ਹਉਕਿਆਂ ‘ਚ
ਭਰ ਕੇ ਸੁਣਦਾ ਰਿਹਾ ਹਾਂ
ਪਰ ਉਹ ਚੰਦਰੀ ਫ਼ਾਇਰਾਂ ਦੀ ਆਵਾਜ਼
ਕਦੀ ਵੀ ਮੇਚ ਨਹੀਂ ਆਈ
ਆਪਣੀ ਗੁੱਡੋ ਦੇ ਕਮਲਿਆਂ ਗੀਤਾਂ ਨੂੰ।

ਕਾਮਰੇਡ, ਇਹ ਗੁੱਡੋ ਬੜੀ ਕ੍ਰਾਂਤੀ ਵਿਰੋਧੀ ਨਿਕਲੀ ਹੈ
ਨਿਰੀ ਵਰਗ ਦੁਸ਼ਮਣ।
ਇਹ ਮੇਰੀਆਂ ਇਲਮਦਾਰ ਕਿਤਾਬਾਂ ਹੇਠ
ਗੀਟ੍ਹੇ ਲੁਕਾ ਦਿੰਦੀ ਹੈ,
ਲੱਖ ਸਮਝਾਣ ਤੇ ਵੀ ਸਮਾਜ ਦੇ ਭਵਿੱਖ ਤੋਂ
ਇਹ ਥਾਲ ਖੇਡਣ ਲਈ ਬਹੁਤਾ ਫਿਕਰ ਰੱਖਦੀ ਹੈ
ਉਹਦਾ ਲੈਨਿਨ ਨੂੰ ਗੰਜਾ ਫੜਨ ਵਾਲਾ ਕਹਿਣਾ
ਤੇ ਮਾਓ ਦਾ ਸ਼ਰਮੇ ਥਾਣੇਦਾਰ ਜਹੇ
ਲਾਹਨਤੀ ਨਾਲ ਭਰਮ ਖਾਣਾ
ਭਲਾ ਤੂੰ ਆਪ ਸੋਚ
ਕਿੰਨਾ ਅਸਹਿ ਹੈ !

ਤੇਰੇ ਮਗਰੋਂ ਮੈਂ ਗਿਆ ਤਾਂ ਕਿਤੇ ਨਹੀਂ
ਤੂੰ ਆਪਣੀ ਦੂਰ ਅੰਦੇਸ਼ੀ ਨਾਲ
ਜਿਸਨੂੰ ਬੇਸਹਾਰਾ ਛੱਡ ਗਿਆ ਸੈਂ ਟੁੱਟਦੇ ਸਾਹਾਂ 'ਚ
ਮੈਂ ਓਸ ਬਦਨਸੀਬ ਘਰ ਦੇ
ਅਘਰ ਹੋਣ ਦੇ ਸਫਰ ਵਿਚ ਸ਼ਾਮਲ ਰਿਹਾ ਹਾਂ।
ਤੇਰੇ ਮਗਰੋਂ ਮੈਂ ਕਾਮਰੇਡ
ਘਰ ਦੇ ਟੁਟਣ ਨੂੰ
ਘਰਾਂ ਦਾ ਫੈਲਣਾ ਸਮਝਣ ਦੀ ਮਸ਼ਕ ਕਰਦਾ
ਮੀਹਾਂ ਵਾਂਗ ਬਰਸਿਆ ਹਾਂ
ਸੁੰਗੜਦੀਆਂ ਜਾ ਰਹੀਆਂ ਛੱਤਾਂ ਦੇ ਉੱਤੇ
ਫੈਲਦੇ ਜਾ ਰਹੇ ਵਿਹੜਿਆਂ ਵਿਚ।
ਮੈਂ ਜੀਵਨ ਵਿਚ ਦੌੜਦਾ ਫਿਰਿਆ ਹਾਂ
ਉਸ ਜਣੇ ਦੇ ਤਰਸੇਵੇਂ ਨਾਲ
ਜਿਸ ਨੂੰ ਪਤਾ ਹੋਵੇ
ਆਪਣੇ ਅਗਲੇ ਪਲ ਹੀ ਅੰਨ੍ਹੇ ਹੋ ਜਾਣ ਦਾ।
ਕਾਮਰੇਡ, ਇਉਂ ਦੌੜਦੇ ਸ਼ਖ਼ਸ ਨੂੰ
ਦੌੜਾਕ ਜਾਂ ਭਗੌੜਾ ਆਖਣ 'ਚ ਜ਼ਰਾ ਸੁਵਿਧਾ ਤਾਂ ਹੈ
ਆਉਣਾ ਜਾਂ ਜਾਣਾ ਹਰੇਕ ਦੌੜ ਦਾ ਪਰ
ਮੈਨੀਫੈਸਟੋ ਉੱਕਾ ਨਹੀਂ ਹੁੰਦਾ

ਤਿੰਨ
ਕਾਮਰੇਡ, ਤੇਰੇ ਲਈ ਸਟੇਟ ਸਿਰਫ ਇਕ ਖੁਰਲੀ ਹੈ
ਪੰਜ ਰੋਮਨ ਇੱਟਾਂ ਦੀ
ਜਿੱਥੇ ਤੈਨੂੰ ਚਾਰ ਸਿੰਗਾ ਸਾਹਨ ਪਲਦਾ ਦਿਸ ਰਿਹਾ ਹੈ।
ਮੇਰੇ ਵੱਲ ਦੇਖ, ਸਿਧਾਤਾਂ ਦੀ ਆਵਾਰਾ ਦਸਤਾਵੇਜ਼ ਨੂੰ
ਮੇਰੇ ਲਈ ਹੁਣ ਅਦਾਲਤ ਸ਼ਬਦ ਜਾਂ ਪ੍ਰੀਭਾਸ਼ਾ ਨਹੀਂ ਰਹੀ
ਬਾਂਸ ਦੇ ਸੂਏ ਵਾਂਗ ਮੇਰੇ ਵਿਚ ਦੀ ਉੱਗ ਆਉਂਦਾ ਹੈ
ਹਰ ਪੇਸ਼ੀ ਦਾ ਦਿਨ-
ਸ਼ਾਇਦ ਮੈਂ ਆਪਣੇ ਇਨਸਾਨ ਹੋਣ ਦਾ
ਅਜੇ ਵੀ ਵਿਸ਼ਵਾਸ਼ੀ ਹੁੰਦਾ
ਜੇ ਕਿਤੇ ਬਾਹਰਲੇ ਪੁਲਾੜ ਦੇ ਸ਼ੰਦੇਸ਼ ਜਹੀ ਅਜੀਬ
ਇਕ ਆਵਾਜ਼ ਦੇ ਵਿਚਲੇ ਹਨੇਰੇ ਦੀ
ਮੈਂ ਸਾਂ ਸਾਂ ਨਾ ਸੁਣੀ ਹੁੰਦੀ
"ਪਾ. . .ਸ਼.ਬਨਾਮ. . . .. ਸਟੇ. . . .ਅ. . . .ਟ"
ਕਾਮਰੇਡ ਕੀ ਸੱਚ ਮੰਨ ਸਕਦੈਂ
ਕਿ ਉਸ ਆਵਾਜ਼ ਨੂੰ ਸੁਣਨ ਤੋਂ ਬਾਦ
ਨਾ ਕੋਈ ਪਾਸ਼ ਰਹਿ ਸਕਦਾ ਹੈ, ਨਾ ਸਟੇਟ।
ਕਾਸ਼, ਮੈਂ ਮਾਣੀ ਨਾ ਹੁੰਦੀ-ਸਿਰੇ ਦੀ ਖੌਫ਼ਨਾਕ ਨਿਰਲੇਪਤਾ
ਜੋ ਫਾਈਲਾਂ ਚੁਣਦੇ ਨਾਇਬ ਕੋਰਟ ਦੇ
ਮੂੰਹ ਤੇ ਟਪਕਦੀ ਸੀ
ਕਾਸ਼, ਮੈਨੂੰ ਉਸ ਤਰ੍ਹਾਂ ਦੀ ਨੀਂਦ ਦਾ ਅੰਦਾਜ਼ਾ ਨਾ ਹੁੰਦਾ
ਜਿਦ੍ਹੇ ਵਿਚ ਲੰਚ ਤੋਂ ਪਹਿਲਾਂ ਤੇ ਮਗਰੋਂ
ਜੱਜ ਤਰਦੇ ਨੇ।

ਜਿਨ੍ਹਾਂ ਨੇ ਵੇਖਿਆ ਹੋਇਆ ਦੁਆਬੇ ਵਿਚ
ਫ਼ਸਾਦਾਂ ਬਾਦ ਬਚਿਆ-ਤਲਵਣ ਨਾਂ ਦਾ ਪਿੰਡ
ਉਹ ਮੇਰਾ ਦਿਲ ਸਮਝ ਸਕਦੇ ਨੇ
ਜਿੱਥੇ ਮੈਂ ਕਦੀ ਇਕ ਚੰਡੀਗੜ੍ਹ ਉਸਾਰਨਾ ਚਾਹਿਆ ਸੀ।

ਪਿਆਰੇ ਕਾਮਰੇਡ, ਹੁਣ ਬੇਅਰਥ ਹਨ ਮੇਰੇ ਲਈ
ਤੇਰੇ ਖੁਫੀਆ ਰਾਤਾਂ ਦੇ ਸਕੂਲ।
ਮੈਂ ਧਰਤੀ ਦੀ ਤਪਦੀ ਲੋਹ ਹੇਠ
ਤੱਕਿਆ ਹੈ ਬਲਦਾ ਇੱਕੇ ਟੱਕ ਮੈਕਿਆਵਲੀ ਦਾ ਸਿਵਾ
ਮੈਂ ਸਟੇਟ ਨੂੰ ਤੱਕਿਆ ਹੈ ਲੋਕਾਂ ਆਸਰੇ ਲੜਦਿਆਂ
ਕਦੇ ਲੋਕਾਂ ਨਾਲ, ਕਦੇ ਲੋਕਾਂ ਲਈ ।
ਮੈਂ ਵੇਖੇ ਨੇ ਅਰਸਤੂ ਤੇ ਸਟਾਲਿਨ
ਸਦੀਆਂ ਲੰਮੇ ਯੁੱਧ ਲੜਦੇ
ਕੇਵਲ ਇਹ ਪ੍ਰੀਭਾਸ਼ਤ ਕਰਨ ਲਈ
ਕਿ ਆਦਮੀ ਕਿਸ ਕਿਸਮ ਦਾ ਪਸ਼ੂ ਹੈ।

ਪਸ਼ੂ ਨੂੰ ਭੁੱਲ ਕੇ ਦੇਖੇਂ ਜੇ ਕਾਮਰੇਡ
ਬੜੀਆਂ ਗੱਲਾਂ ਨੂੰ ਆਪ ਅਸਮਾਨ ਹਾਲਾਂ ਨਹੀਂ ਜਾਣਦਾ
ਜਿਨ੍ਹਾਂ ਤੋਂ ਵਾਕਿਫ ਹੈ ਸਿਰਫ ਆਦਮੀ ਦਾ ਲਹੂ।
ਆਦਮੀ ਦੇ ਲਹੂ ਵਿਚ ਬੰਦੂਕ ਦਾ ਪਰਛਾਵਾਂ ਡੁੱਬ ਜਾਂਦਾ ਹੈ
ਸੰਝ ਦੇ ਘੁਸਮੁਸੇ 'ਚ ਜੀਕਣ
ਹੰਭੇ ਜੱਟ ਦੇ ਸ਼ਰਾਬੀ ਗੌਣ ਡੁੱਬ ਜਾਂਦੈ
ਤੇ ਇਹ ਜੋ ਬਹਿਸ ਖਾਤਰ ਬਹਿਸਦੇ ਪਏ ਨੇ ਐਵੇਂ
ਧਰਤੀਆਂ, ਤਾਰੇ, ਸਮੁੰਦਰ
ਊਰਜਾ ਲਹਿਰਾਂ ਤੇ ਚੰਨ-ਇਨ੍ਹਾਂ ਦੇ ਮੁਫਤ ਦੇ ਰੌਲੇ 'ਚ ਘਿਰਿਆ
ਆਦਮੀ ਦਾ ਸੂਰਮਾ ਲਹੂ
ਸਿਰੇ ਦਾ ਸਹਿਣਸ਼ੀਲ ਸਰੋਤਾ ਹੈ
ਕਾਮਰੇਡ, ਸਟਾਲਿਨ ਤੇਰਾ ਬਹੁਤ ਬੜਬੋਲਾ ਸੀ
ਨਹੀਂ ਸੀ ਜਾਣਦਾ ਕਿ ਆਦਮੀ ਦੇ ਲਹੂ ਵਿਚ
ਸਹੀ ਇਤਿਹਾਸ ਦਾ ਸਹੀ ਬਦਲ ਵੀ ਹੁੰਦਾ ਹੈ।
ਜਿਸ ਨੂੰ ਉਹ ਸਹੀ ਇਤਿਹਾਸ ਕਹਿੰਦਾ ਸੀ
ਸਿਰਫ ਇਤਫ਼ਾਕ ਦੇ ਘੁੰਮਦੇ ਹੋਏ ਪੱਖੇ ਦਾ
ਮੂਹਰੇ ਆ ਗਿਆ, ਖੰਭਾਂ ਚੋਂ ਇਕ ਖੰਭ ਸੀ।
ਕਿਸੇ ਵੀ ਅੱਜ ਦੀ ਗਿੱਚੀ ਤੇ ਹੱਥ ਧਰ ਕੇ
ਵਕਤ ਨੂੰ ਫੜਨ ਦਾ ਐਲਾਨ
ਤੈਨੂੰ ਕਿੰਜ ਲਗਦੈ ਕਾਮਰੇਡ ?
ਤੇ ਸ਼ਬਦ ਸਟੇਟ ਵਿਚ ਦੋਹਾਂ ਚੋਂ ਤੈਨੂੰ
ਕਿਹੜੀ ਟ ਪਸੰਦ ਹੈ ਕਾਮਰੇਡ ?
ਅਫਲਾਤੂਨ ਦਾ ਗਣ ਰਾਜ
ਅਰਸਤੂ ਦਾ ਰਾਜ-ਧਰਮ
ਤੇ ਟ੍ਰਾਸਟਕੀ ਦੀ ਪੁੜਪੁੜੀ 'ਚ ਖੁੱਭੀ ਕਾਮਿਨਟ੍ਰਨ ਦੀ ਕੁਹਾੜੀ
ਕਾਮਰੇਡ, ਤੈਨੂੰ ਤਿੰਨਾਂ ਦੀ ਕੋਈ ਸਕੀਰੀ ਦਿਸਦੀ ?
ਮਨੁੱਖ ਦਾ ਗਰਮ ਲਹੂ ਠੰਡੇ ਫਰਸ਼ ਤੇ ਫੈਲਣ ਨਾਲ. . . ?
ਤੇ ਨਸਲ ਵਿਚ ਸੁਧਾਰ ਦਾ ਬਹਾਨਾ
ਤੈਨੂਂ ਕਿਸ ਤਰ੍ਹਾਂ ਲਗਦਾ ਹੈ ਕਾਮਰੇਡ ?

ਇਸ ਚਾਰ ਸਿੰਗੇ ਸਾਹਨ ਨੇ ਤਾਂ ਸਦਾ ਹੀ
ਹਰਿਆਵਲ'ਚੱਟੀ ਹੈ ਮਨੁੱਖ ਦੀ ਆਤਮਾ ਚੋਂ
ਮਨੁੱਖ ਦੀ ਆਤਮਾ ਨੂੰ ਸਾਰਿਆਂ ਜੁੱਗਾਂ ‘ਚ
ਇਸ ਪ੍ਰੇਤ ਦੀ ਆਉਂਦੀ ਰਹੀ ਹੈ ਪੌਣ।
ਮੈਂ ਇਸ ਪ੍ਰੇਤ ਰੂਹ ਦਾ ਸ਼ਿਲਾ ਕੱਟਦੇ ਤਪੀ ਦੇਖੇ ਹਨ।
ਜਿਨ੍ਹਾਂ ਨੂੰ ਹੌਲੀ ਹੌਲੀ ਤਪ ਕਰਨ ਦਾ ਈ ਭੁਸ ਹੋ ਜਾਂਦੈ
ਅਤੇ ਵੱਸ ਕਰਨ ਦੀ ਮਨਸ਼ਾ
ਵਿਸਰ ਜਾਂਦੀ ਹੈ ਪਿਛਲੇ ਜਨਮ ਵਾਂਗ।
ਮੈਂ ਨਹੀਂ ਸਮਝਦਾ ਸਾਥੀ ਹੁਣ ਕਦੀ
ਧਾਰੇਗੀ ਅਗਲਾ ਜਨਮ ਵੀ
ਇਹ ਪ੍ਰੇਤ ਹੋਣ ਦੀ ਆਦੀ ਹੋ ਗਈ ਆਤਮਾ।
ਮੈਂ ਨਹੀਂ ਸਮਝਦਾ ਸਾਥੀ
ਤੇਰੇ ਲਈ ਵੀ ਸ਼ਿਲਾ ਹੀ ਕੱਟਣਾ
ਕਦੋਂ ਤੱਕ ਵਕਤ ਕਟੀ ਨਹੀਂ ਬਣਦਾ

ਕਾਮਰੇਡ ਕੀ ਬਣੇਗਾ ਉਸ ਦਿਨ
ਜੇ ਕਦੀ ਰਾਜ ਸੱਤਾ ਖੋਹਣ ਦੀ ਹਸਰਤ ਨੂੰ
ਇੰਝ ਤੱਕਣਾ ਪਿਆ,
ਜਿਵੇਂ ਕੋਈ ਬਿਰਧ ਜੋੜੀ ਹਾਰ ਗਏ ਅੰਗਾਂ 'ਚੋਂ
ਲੋਚੇ ਚੰਦ੍ਰਮਾਂ ਫੜਨਾ
ਜੋ ਮੁਕਲਾਵੇ ਦੇ ਪਹਿਲੇ ਤੜਕੇ ਅੰਦਰ ਅਸਤ ਹੋਇਆ ਸੀ

ਚਾਰ
ਤੈਨੂੰ ਪਤਾ ਨਹੀਂ ਹੈ ਕਾਮਰੇਡ
ਤੂੰ ਸ਼ਬਦਾਂ ਨੂੰ ਕੀ ਕਰ ਦਿੱਤਾ ਹੈ
ਉਨ੍ਹਾਂ ਵਿਚ ਲਿਪਟੀਆਂ ਸੰਵੇਦਨਾਵਾਂ ਨੇ
ਤੇਰਾ ਦੱਸ ਕੀ ਲਿਆ ਸੀ
ਕਿਉਂ ਉਨ੍ਹਾਂ ਨੂੰ ਅਫਸਰਸ਼ਾਹ ਦਲਾਲਾਂ ਦੀ
ਤਕਦੀਰ ਬਖਸ਼ੀ ਤੂੰ
ਕਾਮਰੇਡ ਕਿਉਂ ਜਮਾਤੀ ਘਿਰਨਾ ਦੇ ਗੱਫੇ
ਉਨ੍ਹਾਂ ਦਾ ਦਾਜ ਹੋ ਨਿਬੜੇ ?

ਸਿਰਫ ਤੂੰ ਆਪਣੀ ਸਹੂਲੀਅਤ ਲਈ
ਸ਼ਬਦਾਂ ਨੂੰ ਛਾਂਗਣਾ ਸਿੱਖ ਲਿਆ ਹੈ
ਜਿਵੇਂ ਬੰਨਾ ਕਢਾਉਣ ਲਈ ਕੋਈ ਪਟਵਾਰੀ ਨੂੰ ਮਿਲਦੈ।
ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਕਦੀ ਨਹੀਂ ਤੱਕਿਆ
ਜਿਵੇਂ ਆਂਡਿਆਂ ਵਿਚ ਮਚਲ ਰਹੇ ਚੂਚੇ ਹੋਣ,
ਜਿਵੇਂ ਮੀਂਹਾਂ 'ਚ ਚੋਂਦੀ ਸਾਂਵਲੀ ਦੁਪਹਿਰ ਅੰਦਰ
ਧੁੱਪ ਘੁਲੀ ਹੋਵੇ।
ਮੈਂ ਸ਼ਬਦਾਂ ਨੂੰ ਝੱਲਿਆ ਹੈ, ਉਨ੍ਹਾਂ ਦੀਆਂ ਤਿਖੀਆਂ ਨੋਕਾਂ ਸਣੇ
ਕਿਸੇ ਵੀ ਮੌਸਮ ਦੀ ਕਰੋਪੀ ਤੋਂ ਭੱਜਦਿਆਂ ਨੂੰ
ਮੈਂ ਆਪਣੇ ਲਹੂ ਦੇ ਵਿਚ ਸ਼ਰਨ ਦਿੱਤੀ ਹੈ।
ਗੁਰੂ ਗੋਬਿੰਦ ਸਿੰਘ ਨਹੀਂ-
ਇਨ੍ਹਾਂ ਨੂੰ ਕਵਿਤਾ ਦੀ ਸੰਜੋਅ ਪਹਿਨਾ ਕੇ ਤੋਰਨ ਬਾਦ
ਬੜਾ ਬੜਾ ਚਿਰ ਰੋਇਆ ਹਾਂ।

ਸ਼ਬਦ ਜਦ ਕੁੱਟੇ ਹੋਏ ਤੇਰੀ ਤਕਰੀਰ ਦੇ
ਮਤਿਆਂ ਦੀ ਧੁੱਪ 'ਚ ਸੜਦੇ ਹਨ
ਮੇਰੀ ਕਵਿਤਾ ਦੀ ਛਾਂ
ਉਨ੍ਹਾਂ ਦੀ ਮੌਤ ਸੰਗ ਲੜਦੀ ਹੋਈ
ਆਪਣੇ ਜੁੱਸੇ ਦੀ ਨਜ਼ਾਕਤ ਖੋ ਬਹਿੰਦੀ ਹੈ।

ਮੈਂ ਜਿਸ ਨਾਲ ਰਾਖਸ਼ੀ ਧਾੜਾਂ ਦੇ ਘੇਰੇ ਤੋੜ ਸਕਦਾ ਸਾਂ
ਤੂੰ ਉਸ ਦੀਆਂ ਕਾਨੀਆਂ ਭੰਨ ਕੇ
ਕਾਇਰ ਆਲੋਚਕਾਂ ਲਈ ਮੌਜ ਦੀ ਦਾਅਵਤ ਬਣਾ ਛੱਡਦਾ ਏਂ ਕਾਮਰੇਡ।
ਬਣੇ ਤਾਂ ਬਣੇ ਖੁਫੀਆ ਪੁਲਸ ਦੇ ਵਿਦਵਾਨਾਂ ਲਈ
ਕਾਮਰੇਡ ਤੇਰੇ ਲਈ ਕਿਉਂ ਬਣਦੀ ਹੈ
ਸ਼ੇਖੀ-ਕਵੀ ਦੀ ਹਾਰ

ਕਾਮਰੇਡ , ਤੂੰ ਹਾਰ ਗਿਆਂ ਨੂੰ ਨਫਰਤ ਕਰਨੀ ਸਿੱਖੀ ਹੈ
ਉਨ੍ਹਾਂ ਨੂੰ ਤੂੰ ਜਾਣਦਾ ਵੀ ਨਹੀਂ
ਜੋ ਕੇਵਲ ਜਿੱਤ ਨਹੀਂ ਸਕੇ

ਪੰਜ
ਅਖਬਾਰ ਤੈਨੂੰ ਕਦੀ ਕਦੀ ਮਿਲਦੀ ਹੈ, ਕਾਮਰੇਡ ?
ਤੂੰ ਇਨ੍ਹਾਂ ਟੁੱਕੜ ਬੋਚ ਖਬਰਾਂ ਦਾ ਉੱਕਾ ਸੱਚ ਨਾ ਮੰਨੀ
ਪਰੂੰ ਜੋ ਡੁੱਬ ਕੇ ਮਰੀ ਸੀ ਪਿੰਡ ਦੇ ਛੱਪੜ 'ਚ

ਉਹ ਮਾਂ ਨਹੀਂ ਸੀ
ਐਵੇਂ ਨੀਲੀ ਛੱਤ 'ਚੋਂ ਇੱਟ ਉਖੜ ਕੇ ਜਾ ਪਈ ਸੀ
ਮਾਂ ਤਾਂ ਪਹਿਲੇ ਛਾਪੇ 'ਤੇ ਹੀ
ਗੋਰਕੀ ਦੇ ਨਾਵਲ ਵਿਚ ਤਰਨ ਦੀ ਕੋਸ਼ਿਸ਼ ਕਰਦੀ ਹੋਈ
ਪੁਲਸ ਦੀ ਪਹੁੰਚ ਤੋਂ ਭੱਜ ਨਿਕਲੀ ਸੀ।
ਉਹ ਹੁਣ ਵੀ ਤਾਂ ਕਦੇ ਨਾਵਲ ਦੇ ਕਿਨਾਰਿਆਂ ਨੂੰ
ਘੂਰਦੀ ਹੈ
ਤੇ ਕਦੀ ਆਪਣੀ ਅਸੀਸ ਵਾਂਗ ਹੀ ਖੁਰਨ ਲੱਗਦੀ ਹੈ।

ਤੇ ਪਿੱਛੇ ਜਿਸ ਸ਼ਾਇਰ ਦੇ
ਸੁਰੱਖਿਅਤ ਪਾਰਟੀ ਵਿਚ ਰਲਣ ਦੀ ਖਬਰ ਸੀ
ਉਹ ਮੈਂ ਨਹੀਂ ਸਾਂ ਬਾਹਰਲੀ ਕੰਧ ਨਾਲ ਦੀ ਡੇਕ ਸੀ
ਜਿਸ ਤੋਂ ਬੁਰੀਆਂ ਰੂਹਾਂ ਪੁਲਸੀਆਂ ਦੀ ਵਰਦੀ ਪਾ ਕੇ
ਉੱਤਰਨਾ ਤੇ ਚੜ੍ਹਨਾ ਸਿੱਖ ਗਈਆਂ ਸਨ।
ਮੈਂ ਤਾਂ ਉਸ ਖਬਰ ਦੇ ਛਪਣ ਤੋਂ ਬੜਾ ਹੀ ਪਹਿਲਾਂ
ਜਦ ਸ਼ਬਦਾਂ 'ਚ ਰਾਤ ਉਤਰ ਰਹੀ ਸੀ
ਤੇ ਨ੍ਹੇਰੇ ਦੇ ਸੱਪ ਨਾਵਾਂ ਨੂੰ ਕੁੰਡਲ ਮਾਰ ਰਹੇ ਸਨ
ਮੈਂ ਸ਼ਬਦ ਪਾਰਟੀ ਦੀ ਬਚੀ ਖੁਚੀ ਸੰਵੇਦਨਾ ਚੁਰਾ ਕੇ
ਤਿਲਕ ਗਿਆ ਸਾਂ ਚੋਰੀ ਜਹੇ
ਮਨੁੱਖ ਦੀ ਕਾਵਾਂ ਰੌਲੀ ਵਿਚ।
ਜਦੋਂ ਮੇਰੇ ਹੀ ਕਦਮ ਸੁਣ ਰਹੇ ਸਨ ਮੈਨੂੰ
ਪ੍ਰੇਮ ਕਵਿਤਾਵਾਂ ਵਾਂਗ
ਮੈਂ ਓਸ ਡੁੱਬ ਰਹੀ ਸੰਵੇਦਨਾ ਨੂੰ ਚੌਕਸੀ ਨਾਲ
ਕਾਵਾਂ ਦੇ ਆਂਡਿਆਂ ਵਿਚ ਰੱਖ ਆਇਆ ਸਾਂ
ਉਂਜ ਮੈਂ ਸਾਧੂ ਸਿੰਘ ਤੇ ਜ਼ੀਰਵੀ ਕੋਲ
ਕਈ ਵਾਰ ਖਬਰਾਂ ਦਾ ਗਿਲਾ ਕੀਤੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਬਰਾਂ ਦਾ ਅਧਰੰਗ
ਉਨ੍ਹਾਂ ਨੂੰ ਆਪਣੇ ਪੈਰੀਂ ਤੁਰਨ ਨਹੀਂ ਦਿੰਦਾ
ਤੇਰੇ ਤੱਕ ਪਹੁੰਚਣ ਲਈ
ਉਹ ਸਾਡੀ ਮੌਤ ਦੀ ਬਸਾਖੀ ਮੰਗਦੀਆਂ ਹਨ।
ਇਨ੍ਹਾਂ ਦਾ ਸੱਚ ਮੰਨਦੇ ਤਾਂ
ਅਸੀਂ ਤੈਨੂੰ ਕਈ ਵਾਰ ਰੋ ਹਟੇ ਹੁੰਦੇ,
ਮੈਂ ਹਰ ਵਾਰ ਝਪਟ ਹੀ ਖਬਰ ਪੜ੍ਹਕੇ
ਮਾਂ ਨੂੰ ਕਹਿੰਦਾ ਹਾਂ
ਉਹ ਤੂੰ ਨਹੀਂ, ਕੋਈ ਹੋਰ ਤੇਰੇ ਨਾਂ ਦਾ ਯੋਧਾ ਸੀ
ਮਾਂ ਨੂੰ ਵਿਆਕਰਨ ਦੀ ਬਰੀਕੀ ਦਾ ਪਤਾ ਨਹੀਂ ਨਾ
ਬੁਢਾਪੇ ਦੀ ਸਰਦ ਮਾਸੂਮੀਅਤ ਵਿਚ ਠਰਦੀ ਹੋਈ
ਉਹ ਖਾਸ ਨਾਮ ਨੂੰ ਆਮ, ਤੇ ਆਮ ਨੂੰ ਕੱਠ ਵਾਚਕ
ਸਮਝ ਲੈਂਦੀ ਹੈ।
ਉਹਦੇ ਭਾਣੇ ਜਦੋਂ ਵੀ ਨਾਂ ਤੇ ਗੋਲੀ'ਚੱਲਦੀ ਹੈ
ਕੋਈ ਜਾਤੀ ਜਾਂ ਕਿਸੇ ਭਾਵ ਦਾ ਕਤਲ ਹੁੰਦੈ।
ਕਾਮਰੇਡ, ਮਾਂ ਓਸੇ ਤਰ੍ਹਾਂ ਝੱਲੀ ਜਹੀ ਹੈ
ਆਪਾਂ ਦੋਵੇਂ ਤੇ ਖਬਰਾਂ ਉਸ ਨੂੰ ਬਦਲ ਨਹੀਂ ਸਕੇ
ਤੂੰ ਹੁਣ ਵੀ ਜਦ ਘਰ ਆਵੇਂ
ਉਹ ਤੈਨੂੰ ਪੱਛੜ ਕੇ ਆਉਣ ਲਈ
ਘਰ ਦੀ ਕਿਸੇ ਵੀ ਸ਼ੈਅ ਨਾਲ
ਜਾਂ ਪੂਰੇ ਘਰ ਨਾਲ ਕੁੱਟੇਗੀ ਤੇ ਮਗਰੋਂ
ਤੇਰੇ ਮੂੰਹ ਵਿਚ ਸੁੱਕਾ ਹੋਇਆ ਦੁੱਧ ਤੁੰਨ ਦੇਵੇਗੀ

ਛੇ
ਘਰ ਅਤੇ ਖ਼ਬਰਾਂ ਦੇ ਬਾਵਜੂਦ
ਮੈਂ ਹਾਜ਼ਰ ਹਾਂ ਕਾਮਰੇਡ
ਜਿਵੇਂ ਕੋਈ ਆਲਾ ਝਾਕਦਾ ਹੈ, ਢੱਠੇ ਖੂਹ ਦੇ ਮਲਬੇ 'ਚੋਂ
ਸੜੇ ਹੋਏ ਪ੍ਰੇਮ ਪੱਤਰ ਵਿਚ ਜਿਵੇਂ ਕੋਈ ਹਰਫ ਬਚ ਜਾਂਦੈ
ਜਿਵੇਂ ਪਰਦੇਸ ਖੱਟਣ ਗਏ ਦੀ
ਬੰਦ ਬਕਸੇ ਦੇ ਵਿਚ ਮੁੜਦੀ ਹੈ ਲਾਸ਼
ਜਿਵੇਂ ਚਿਰ ਦੇ ਗਵਾਚੇ ਪੁੱਤ ਦੀ ਸੰਦੂਕ 'ਚੋਂ ਤੜਾਗੀ ਲੱਭੇ
ਗਰਭ ਦੇ ਗਿਰਨ ਤੇ ਜਿਉਂ
ਕਿਸੇ ਦੇ ਮਨ 'ਚ ਕੰਵਾਰ ਪਰਤ ਆਵੇ
ਜਾਂ ਗੀਤ ਨਾ ਮੂੰਹ ਤੇ ਆਏ-ਗੀਤ ਦਾ ਜਿਉਂ
ਭਾਵ ਤਰ ਆਵੇ।

ਮੈਂ ਕੁਝ ਏਸੇ ਤਰ੍ਹਾਂ ਬਚ ਆਇਆ
ਮਾਇਆਧਾਰੀਆਂ ਦੀ ਪੁਲਸ ਤੋਂ
ਆਪਣੇ ਮੱਧ ਵਰਗੀ ਮੀਸਣੇ ਦੰਭ ਨਾਲ
ਕਿੱਥੇ ਹੈ ਲਾਲ ਪਿਸਤੌਲ ਤੇਰਾ ਕਾਮਰੇਡ
ਇਹਨੂੰ ਮੇਰੀ ਬੁਰਜੂਆ ਉਦਾਸੀ ਤੇ ਅਜ਼ਮਾ

ਕਵੀ ਹਾਂ ਨਾ ?
ਮੇਰੇ ਸੀਨੇ 'ਚ ਹਰ ਇਕ ਦਿਸ਼ਾ ਪੱਛਮ ਹੈ
ਜਿਦ੍ਹੇ ਵਿਚ ਡੁੱਬ ਜਾਂਦੇ ਨੇ ਬੜਬੋਲੇ ਸੂਰਜ
ਇਉਂ ਹੀ ਕਦੀ ਕਦੀ ਜਦ ਬਹੁਤਾ ਬੋਲੇ
ਪਤਾ ਨਹੀਂ ਲਗਦਾ ਕਦੋਂ ਬੇਵਕਤ ਛਿਪ ਜਾਂਦੈ
ਜਮਾਤੀ ਨਫਰਤ ਦਾ ਸੂਰਜ
ਤੇ ਮੇਰਾ ਵਕਤ ਦੀ ਬੁੱਢੀ ਹੋਈ ਮੁਸਕਾਣ ਨੂੰ
ਭੀਚਣ ਤੇ ਚਿੱਤ ਕਰਦੈ
ਚਾਹੁਣ ਲਗਦਾ ਹਾਂ ਪਲ ਦੀ ਪਲ
ਅਚਾਨਕ ਆਏ ਕਿਤੋਂ ਉਹ ਨਿਊਟਨ ਦਾ ਦਰਵੇਸ਼ ਡਾਇਮੰਡ
ਫਿਰ ਸੁੱਟੇ ਇਕ ਵਾਰ ਬਲਦੀ ਮੋਮਬੱਤੀ
ਮੇਰੇ ਜ਼ਿਹਨ ਦੀ ਖੁਲ੍ਹੀ ਦਰਾਜ਼ ਵਿਚ
ਏਸ ਤੋਂ ਪਹਿਲਾਂ ਕਿ ਮੇਰੇ ਜ਼ਿਹਨ ਵਿਚ ਮੌਜੂਦ
ਕੁੱਲ ਅਧੂਰੀਆਂ ਇਤਲਾਹਾਂ
ਕਿਸੇ ਸਿਧਾਂਤ 'ਚ ਵਟਣ, ਉਨ੍ਹਾਂ ਨੂੰ ਸਾੜ ਦਏ।
ਉਨ੍ਹਾਂ ਦੇ ਨਾ ਸੜਨ ਵਿਚ ਬਹੁਤ ਖਤਰਾ ਹੈ।

ਕਵੀ ਹਾਂ ਨਾਂ ?
ਬਿਨਾਂ ਕਾਰਨ ਤੋਂ ਘਿਰ ਆਉਂਦਾ ਹੈ ਦਿਲ
ਉਂਜ ਭਲਾ ਕੀ ਹੈ
ਗੁੰਗੇ ਪੱਥਰਾਂ ਵਿਚ ਜਜ਼ਬ ਹੋ ਰਹੀ ਸ਼ਾਮ
ਗਧੇ ਦੇ ਸਾਜ਼ ਵਿਚ ਹਿਲਦੀਆਂ ਇੱਟਾਂ ਦਾ ਰਗੜ ਸੰਗੀਤ-
ਕਿਰਨ ਤੋਂ ਖੁੰਝ ਗਏ ਪੱਤਝੜੀ ਪੱਤਿਆਂ ਤੇ
ਟਿਕੀ ਹੋਈ ਭੂਸਲੀ ਧੁੱਪ
ਜਾਂ ਭਲਾ ਕੀ ਹੈ ?
ਕੁੱਛੜ ਧਰਤੀ ਦੇ ਇਹ ਗੋਭਲਾ ਸੰਸਾਰ
ਚਿੱਤ ਭਲਵਾਨ ਦੀਆਂ ਅੱਖਾਂ 'ਚ ਘੁੰਮਦੇ ਪਿੜ ਵਰਗਾ
ਜੋ ਖਾਹਮੁਖਾਹ ਸਿੰਮ ਆਉਂਦੈ
ਮੇਰੀਆਂ ਮਾਰੂਥਲੀ ਨਿਗਾਹਾਂ ਵਿਚ
ਸੋਚੀਏ ਤਾਂ ਕੀ ਹੈ ਕਾਮਰੇਡ !
ਉਂਜ ਭਲਾ ਕੀ ਹੈ ਕਾਮਰੇਡ !

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...