Friday, 11 May 2018

ਕਲਾਮ ਮਿਰਜ਼ਾ


ਤੇਰੀ ਵੀ ਅੱਖ ਸੁਣਿਆਂ ਹੈ ਸੁਰਮਾ ਨਹੀਂ ਝੱਲਦੀ
ਸੁਣਿਆਂ ਹੈ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ
ਤੇ ਸੁਣਿਆਂ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇ ਤੇ ਲਿਖਿਆ ਹੈ

ਪਰ ਸ਼ਾਇਦ ਹੁਣ
ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦੈ ਕਿ ਤੈਂਨੂੰ ਕੱਢਣ ਤੋਂ ਪਹਿਲਾਂ
ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥੱਲੇ
ਜਾਗਦਾ ਹੀ ਵੱਢ ਦਿੱਤਾ ਜਾਵਾਂ-
ਹੋ ਸਕਦੈ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।

ਮੈਂ ਸੁਣਿਆਂ ਹੈ ਕਿ ਮੇਰੇ ਕਤਲ ਦਾ ਮਨਸੂਬਾ
ਰਾਜਧਾਨੀ ਵਿਚ
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਿਆ ਸੀ
ਤੇ ਪੀਲੂ ਸ਼ਾਇਰ
ਅੱਜ ਕੱਲ ਵਿਸ਼ਵ-ਵਿੱਦਿਆਲੇ ਨੌਕਰੀ ਤੇ ਲੱਗ ਗਿਆ ਹੈ
ਸ਼ਾਇਦ ਉਹ ਮੇਰੇ ਕਤਲ ਨੂੰ
ਨਿਗੂਣੀ ਜਹੀ ਘਟਨਾ ਕਰਾਰ ਦੇਵੇ ਅਤੇ ਸ਼ਤਾਬਦੀਆਂ ਲਈ
ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ,
ਤੇ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ
ਜੋ ਪੰਜਾਂ ਸਾਲਾਂ ਵਿਚ ਇੱਕੋ ਹੀ ਚਲਦਾ ਹੈ
ਤੇ ਜੀਹਦੇ ਵੱਜਦਾ ਹੈ ਉਹ ਪਾਣੀ ਨਹੀਂ
ਮੇਰਾ ਲਹੂ ਮੰਗਦਾ ਹੈ।
ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ
ਹਾਕਮਾਂ ਦੇ ਢਿੱਡ 'ਚ ਪਾਇਆ ਸੀ
ਅਤੇ ਤੂੰ ਜਾਣਦੀ ਏਂ
ਅਗਲੇ ਬਾਘ ਹਨ-ਬੱਕੀ ਨਹੀਂ
ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ-ਐਤਕੀਂ ਤੂੰ ਬੇਵਫਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ
ਉਨ੍ਹਾਂ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ
ਏਸੇ ਲਈ ਮੈਂ ਕਹਿੰਦਾ ਹਾਂ
ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਉਂਝ ਤਾਂ ਤੇਰੀ ਵੀ ਅੱਖ
ਸੁਣਿਆਂ ਹੈ ਸੁਰਮਾ ਨਹੀਂ ਝੱਲਦੀ
ਤੇ ਸੁਣਿਆਂ ਤੇਰੇ ਵਾਲਾਂ ਤੋਂ ਕੰਘੀ ਤ੍ਰੱਭਕਦੀ ਹੈ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...