Friday, 11 May 2018

ਧੁੱਪੇ ਵੀ ਤੇ ਛਾਵੇਂ ਵੀ


ਮੇਰੇ ਤੋਂ ਜ਼ਰਾ ਜਿੰਨੀ ਵਿੱਥ ਤੇ ਮੈਂ ਸੌਂ ਰਿਹਾ ਹਾਂ
ਇਸ ਦੇ ਬਾਵਜੂਦ ਕਿ ਉਨ੍ਹਾਂ ਨਾਲ ਝਗੜਾ ਬਹੁਤ ਵਧ ਗਿਆ ਹੈ
ਜਿਨ੍ਹਾਂ ਦੀ ਮੁੱਦਤਾਂ ਤੋਂ ਮੇਰੇ ਨਾਲ ਕੌੜ ਸੀ

ਇਹ ਜ਼ਰਾ ਜਿੰਨੀ ਵਿੱਥ, ਕਮਾਦੀਂ ਸ਼ਹਿ ਕੇ ਬੈਠੀ ਕਾਲੀ ਤਿੱਤਰੀ ਹੈ
ਆਕੜਾਂ ਭੰਨਦੀ ਉਡਾਣ ਜਿਸ ਦੇ ਪਰਾਂ ਅੰਦਰ, ਹੌਲੀ ਹੌਲੀ ਮਰ ਰਹੀ ਹੈ
ਇਹ ਜ਼ਰਾ ਜਿੰਨੀ ਵਿੱਥ, ਸ਼ਾਇਦ ਮੇਰੀ ਮਾਂ ਦੀ ਦੈਵੀ ਤੱਕਣੀ ਹੈ
ਜਿਸ ਵਿਚ ਮਿਹਰ ਦਾ ਸਮੁੰਦਰ ਹੌਲੀ ਹੌਲੀ ਮੁਸ਼ਕਣ ਲੱਗ ਪਿਆ ਹੈ
ਇਹ ਜ਼ਰਾ ਜਿੰਨੀ ਵਿੱਥ, ਸ਼ਾਇਦ ਉਹ ਅਣਪੜ੍ਹੀਆਂ ਕਿਤਾਬਾਂ ਹਨ
ਜਿਨ੍ਹਾਂ ਵਿਚ ਗਿਆਨ ਦੇ ਜਗਦੇ ਦਰਖ਼ਤ ਹੌਲੀ ਹੌਲੀ ਅੰਨ੍ਹੇ ਹੋ ਰਹੇ ਹਨ।

ਇਹ ਜ਼ਰਾ ਜਿੰਨੀ ਵਿੱਥ ਸ਼ਾਇਦ ਕਿਸੇ ਸੜ ਰਹੇ ਕੱਫਨ ਦੀ ਜਾਗ ਹੈ
ਜਾਂ ਰੋਹੀ ਦੇ ਵੀਰਾਨੇ ਅੰਦਰ ਭਟਕਦੇ,
ਹੌਲੀ ਹੌਲੀ ਠਰ ਰਹੇ ਨਗ਼ਮੇ ਦਾ ਗਿਲਾ ਹੈ

ਇਹ ਜ਼ਰਾ ਜਿੰਨੀ ਵਿੱਥ ਆਪਣੇ ਲਾਗੇ ਹੀ ਸੁੱਤੇ ਪਏ ਮੇਰੇ ਪਿੰਡੇ ਨੂੰ
ਦਿੱਤੀ ਗਈ ਲੋਰੀ ਹੈ
ਇਹ ਜ਼ਰਾ ਜਿੰਨੀ ਵਿੱਥ ਕੋਈ ਬੋਲੀ ਹਨੇਰੀ ਹੈ,
ਉਨ੍ਹਾਂ ਗੀਤਾਂ ਦੇ ਅਣਚੁਗੇ ਅਸਤਾਂ ਤੇ ਵਗਦੀ
ਜਿਨ੍ਹਾਂ ਨੂੰ ਮੈਂ ਪਹਾੜਿਆਂ ਤੇ ਕਾਇਦਿਆਂ ਵਿਚ ਕੱਲਿਆਂ'ਚੱਡ ਆਇਆ ਸਾਂ
ਕਈ ਵੇਰ ਲਗਦਾ ਹੈ ਮੈਥੋਂ ਜ਼ਰਾ ਜਿੰਨੀ ਵਿੱਥ ਤੇ ਸੁੱਤਾ ਪਿਆ,
ਵੈਰੀ ਨਾਲ ਰਲਿਆ ਹੋਇਆ ਬੰਦਾ ਹੈ
ਜੋ ਦੰਬੀ ਅਮਨ ਦੇ ਠਹਿਰੇ ਹੋਏ ਪਾਣੀ ‘ਚ,
ਆਪਣੇ ਸੁਫ਼ਨਿਆਂ ਨੂੰ ਤਰਨਾ ਸਿਖਾਲ ਰਿਹਾ ਹੈ

ਮੇਰੇ ਤੋਂ ਜ਼ਰਾ ਜਿੰਨੀ ਵਿੱਥ ਤੇ ਮੈਂ ਸੌਂ ਰਿਹਾ ਹਾਂ ਇਸ ਦੇ ਬਾਵਜੂਦ
ਕਿ ਖੌਲ ਪਈਆਂ ਹਨ ਉਹ ਝੀਲਾਂ
ਜਿਨ੍ਹਾਂ ਵਿਚ ਮੈਂ ਪਰਛਾਂਵਿਆਂ ਵਾਂਗ ਠਹਿਰ ਜਾਣਾ ਚਾਹਿਆ ਸੀ
ਇਸ ਜ਼ਰਾ ਜਿੰਨੀ ਵਿੱਥ ਦੇ ਵਿਚਕਾਰ,
ਮੈਂ ਰੋਟੀ ਵਾਂਗ ਬੇਹਾ ਹੋ ਰਿਹਾ ਹਾਂ ਤੇ ਕਬਰ ਵਾਂਗ ਪੁਰਾਣਾ
ਮੈਂ ਭਾਸ਼ਣਾਂ ਦੀ ਦਾਦ ਦੇਣੀ ਸਿੱਖ ਰਿਹਾ ਹਾਂ
ਇਸ ਦੇ ਬਾਵਜੂਦ ਕਿ ਘੁੱਗੀਆਂ ਰੁੱਸ ਕੇ ਗੁਟਕਣਾ ਛੱਡ ਗਈਆਂ
ਤੇ ਚਿੜੀਆਂ ਮੇਰੇ ਘਰ ਦੀ ਛੱਤ ਨੂੰ ਛੱਡ ਕੇ
ਜੰਗਲਾਂ ਵਿਚ ਆਲ੍ਹਣੇ ਬਨਾਉਣ ਲੱਗੀਆਂ ਹਨ 

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...