Friday, 11 May 2018

ਬੁੜ ਬੁੜ ਦਾ ਸ਼ਬਦਨਾਮਾ


ਉਹਨੂੰ ਕਿਨ੍ਹ ਕਿਹਾ ਸੀ ਮੇਰੇ ਵਿਚ ਇਓੁਂ ਲੜਖੜਾਂਦੀ ਫਿਰੇ. . .
ਤੇਰੀ ਅਣਹਾਜ਼ਰੀ ਨੂੰ,
ਜਿਵੇਂ ਆਪਣੀ ਹੀ ਲਾਹੀ ਜੁੱਤੀ ਨੂੰ ਲੱਭਦਾ ਸ਼ਰਾਬੀ,
ਪਿਆਸ ਦੇ ਉਗਦੇ ਮੁਹਾਨਿਆਂ 'ਤੇ ਝੂਲ ਜਾਵੇ

ਉਹਨੂੰ ਕਿਨ੍ਹਾਂ ਕਿਹਾ ਸੀ, ਮੇਰੀ ਜਾਂ-ਬਾਜ਼ੀ ਨੂੰ
ਕਿ ਰੇਤਲੇ ਹਨੇਰੇ ਵਿਚ ਫੁੰਕਾਰਦੀਆਂ ਹੋਈਆਂ,
ਤੇਰੀਆਂ ਪੈੜਾਂ ਉਤੇ ਬੁੱਕਾਂ ਦੇ ਤਸਲੇ ਧਰੇ
ਤੇ ਕਿਸੇ ਸਿਰੜੀ ਖੋਜੀ ਵਾਂਗ,
ਨਿਹੱਥਿਆਂ ਹੀ ਸੂਰਜ ਦੀ ਉਡੀਕ ਕਰੇ

ਉਹਨੂੰ ਕਿਨ੍ਹਾਂ ਕਿਹਾ ਸੀ, ਮੇਰੀ ਮਾਸੂਮੀਅਤ ਨੂੰ
ਕਿ ਉੱਜੜੇ ਆਲ੍ਹਣੇ ਕੋਲ ਬੈਠੀ ਰਹੇ
ਉਡ ਗਏ ਪੰਛੀਆਂ ਦੇ ਮੁੜ ਆਉਣ ਦੀ ਝਾਕਾ ਵਿਚ
ਤੇ ਟੁੱਟਿਆਂ ਆਂਡਿਆਂ ਨੂੰ ਜੋੜਨੇ ਦੀਆਂ ਕੋਸ਼ਿਸ਼ਾਂ ਕਰਦੀ ਹੋਈ

ਮੈਂ ਨਹੀਂ ਚਾਹੁੰਦਾ ਇਸ਼ਕ ਦੀ ਦਾਸਤਾਂ ਵਰਨਣ ਦੇ ਲੋਭ ਵਿਚ
ਹਰ ਐਰ ਗੈਰ ਬਿੰਬ ਕੋਲ ਇਕਬਾਲ ਕਰੀ ਜਾਵਾਂ
ਆਪਣੀ ਤੜਪ ਦਾ,
ਮੈਂ ਫਿਰ ਵੀ ਪੁੱਛਦਾਂ ਉਹਨੂੰ ਕਿੰਨ੍ਹ ਕਿਹਾ ਸੀ,
ਮੇਰੇ ਬਿਸਤਰੇ 'ਚ ਵਰਮੀ ਬਣਾ ਲਏ-ਉਨੀਂਦਰੇ ਦੇ ਨਾਗ ਨੂੰ
ਸ਼ਾਇਦ ਕਿਸੇ ਨੇ ਵੀ ਕਿਸੇ ਨੂੰ ਕੁਝ ਨਹੀਂ ਕਿਹਾ
ਕੇਵਲ ਝੜੇ ਹੋਏ ਪੱਤਿਆਂ ਨੂੰ ਚੜ੍ਹ ਰਹੀ ਸਲ੍ਹਾਬ ਦੀ ਖੁਸ਼ਬੋ
ਮੇਰੀਆਂ ਠਰੀਆਂ ਹੋਈਆਂ ਨਜ਼ਰਾਂ ਨੂੰ ਮਿਜ਼ਾਜ ਪੁੱਛਦੀ ਹੈ
ਤੇ ਮੈਨੂੰ ਲਗਦਾ ਹੈ, ਕਿਸੇ ਨੇ ਕਿਸੇ ਨੂੰ ਕੁਝ ਆਖਿਆ ਹੋਵੇਗਾ…

ਕੁੱਝ ਕਹਿਣਾ ਕਿਸੇ ਦਾ ਉਂਜ ਵੀ ਫਜ਼ੂਲ ਹੈ, ਮੇਰੀ ਮੁਹੱਬਤ !
ਘੁਮੰਡੀ ਸਹੇ ਵਾਂਗ ਸੁੱਤੇ ਹੋਏ ਪਰਛਾਵੇਂ,
ਸ਼ਾਮਾਂ ਨੂੰ ਜਦੋਂ ਸਰਪੱਟ ਦੌੜਨਗੇ
ਤਾਂ ਉਥੇ ਪਹਿਲਾਂ ਹੀ ਆਰਾਮ ਕਰਦਾ ਮਿਲੇਗਾ ਹਨੇਰੇ ਦਾ ਕੱਛੂ,
ਰਾਤ ਦੀਆਂ ਪੌੜੀਆਂ ਵਿਚ।

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...