Friday, 11 May 2018

ਜੋਗਾ ਸਿੰਘ ਦੀ ਸਵੈ ਪੜਚੋਲ


ਮੈਂ ਯਾਰੋ ਯੁੱਧ ਵਿਚ ਕਿੱਥੇ ਲੁਕਾਵਾਂਗਾ,
ਆਪਣੇ ਯੁੱਧ ਤੋਂ ਪਹਿਲਾਂ ਦੇ ਜ਼ਖਮ
ਤਿੰਨ ਇਕਲੌਤੀਆਂ ਲਾਵਾਂ ਨੇ ਮੇਰੀ ਢਾਲ ਬਨਣਾ ਹੈ
ਅਤੇ ਨਾ ਮੱਲ੍ਹਮ ਦੀ ਡੱਬੀ
ਜਦੋਂ ਮੈਂ ਤੁਰਿਆ ਸਾਂ, ਪੰਜੇ ਕਕਾਰ ਘੋੜੇ 'ਤੇ ਮੇਰੇ ਨਾਲ ਬੈਠੇ-
ਘੋੜੇ ਦੀ ਵਾਗ ਨੂੰ ਮੈਂ ਆਪਣੇ ਹੱਥਾਂ ਵਿਚ ਮਹਿਸੂਸ ਕਰਦਾ ਰਿਹਾ
ਇਸ ਤੋਂ ਬੇਖਬਰ ਕਿ ਮੇਰੀ ਆਪਣੀ ਵਾਗ,
ਜੰਗਲੀ ਰਾਹ ਦਿਆਂ ਪੰਜਿਆਂ 'ਚ ਸੀ
ਜੋ ਕਦੀ ਮੈਨੂੰ ਵੇਸਵਾ ਦੇ ਬੰਗਲੇ ਲੈ ਗਏ,
ਤੇ ਕਦੀ ਜਾਦੂ ਦੀਆਂ ਝੀਲਾਂ ਤੇ
ਜਿੱਥੇ ਪੰਛੀਆਂ ਦੇ ਗੌਣ
ਲਗਾਤਾਰ ਸਿੱਖ ਰਹੇ ਸਨ ਚੈਨ ਨਾਲ ਮਰਨਾ।

ਮੈਂ ਕਦੀ ਸੋਚਿਆ ਨਹੀਂ ਸੀ ਕਿ ਰਾਹਾਂ ਦੀ,
ਆਪਣੀ ਵੀ ਕੋਈ ਮਰਜ਼ੀ ਹੁੰਦੀ ਹੈ
ਤੇ ਤਿੰਨ ਲਾਵਾਂ ਦਾ, ਨਿੱਕਾ ਜਿਹਾ ਈ ਸਹੀ,
ਆਪਣਾ ਵੀ ਕੋਈ ਇਤਹਾਸ ਹੁੰਦਾ ਹੈ
ਰੱਬ ਜੀ, ਕਦੋਂ ਨਿਕਲੇਗਾ ਮੇਰੇ ਪਿੰਡੇ 'ਚੋਂ
ਤਿੰਨ ਲਾਵਾਂ ਦਾ ਤਾਪ
ਜੋ ਮੇਰਾ ਛੇਵਾਂ ਕਕਾਰ ਬਣ ਕੇ ਰਹਿ ਗਿਆ ਹੈ,
ਗੁਰੂ ਤੋਂ ਬੇਮੁਖ ਹੀ ਹੁੰਦਾ ਤਾਂ ਕੋਈ ਗੱਲ ਨਾ ਸੀ
ਹੁਣ ਤਾਂ ਪਰ ਜੋਗਾ ਸਿਹੁੰ ਰਕਾਬ ਵਿਚਲੇ ਪੈਰ ਦਾ ਹੀ ਨਾਂ ਹੈ-
ਤੇ ਭੰਗਾਣੀ ਤੱਕ ਪੁੱਜਦੇ, ਇਹ ਸਿਰਫ ਹੱਥ ਹੀ ਰਹਿ ਜਾਏਗਾ।
ਮੈਂ ਕਦੇ ਹੱਥ ਕਦੇ ਪੈਰ ਹੁੰਦਾ ਹਾਂ, ਜੋਗਾ ਸਿੰਘ ਕਦੇ ਨਹੀਂ ਹੁੰਦਾ।

ਤੇ ਚੌਥੀ ਲਾਂਵ ?
ਕਦੇ ਲੱਗਦਾ ਹੈ ਚੌਥੀ ਲਾਂਵ,
ਬੱਸ ਕਿਸੇ ਫਰਜ਼ੇ ਹੋਏ ਜਹਾਨ ਦੀ
ਇਕ ਲਿਸ਼ਕਦੀ ਨੁੱਕਰ ਹੈ, ਜਿਸ ਦੀ ਹੋਰ ਨੁੱਕਰ ਕੋਈ ਨਹੀਂ ਹੁੰਦੀ
ਮੈਂ ਯਾਰੋ ਯੁੱਧ ਵਿਚ ਜੇ ਹਾਰ ਵੀ ਗਿਆ,
ਤਾਂ ਉਹ ਛਿਆਂ ਕਕਾਰਾਂ ਦੀ ਹੀ ਕੋਈ ਤਕਦੀਰ ਹੋਵੇਗੀ
ਜੋਗਾ ਸਿੰਘ ਤਾਂ ਨਾ ਕਦੇ ਹਰਦਾ, ਨਾ ਜਿੱਤਦਾ ਹੈ,
ਜੋਗਾ ਸਿੰਘ ਤਾਂ ਤਿਆਰ-ਬਰ-ਤਿਆਰ, ਹੁਕਮ ਦਾ ਬੱਧਾ ਹੈ।
ਜੋਗਾ ਸਿੰਘ ਤਾਂ ਨਾ ਕਦੇ ਹਰਦਾ, ਨਾ ਜਿੱਤਦਾ ਹੈ।

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...