Friday, 11 May 2018

ਸਿਵੇ ਦਰ ਸਿਵੇ


ਹੁਣ ਜੋ ਮੇਰੇ ਘਨੇੜਿਆਂ 'ਤੇ ਛੈਂਟਾ ਲਈ ਬੈਠਾ ਹੈ
ਮੁੱਦਤ ਹੋਈ,
ਇਹ ਸਮਾਂ ਮੇਰੇ ਨਾਲ ਕਿਕਲੀਆਂ ਪਾਉਂਦਾ
ਖਿੱਦੋ ਖੇਡਦਾ ਤੇ ਦੂਰ ਓਪਰੇ ਖੂਹਾਂ ਉਤੇ
ਚੋਰੀ ਚੋਰੀ ਨਿੰਬੂ ਤੋੜਨ ਜਾਇਆ ਕਰਦਾ ਸੀ।

ਹੁਣ ਤਾਂ ਖਵਰੇ ਸਾਫ ਹੀ ਮੁੱਕਰ ਜਾਏ
ਪਰ ਓਦੋਂ ਤਾਂ ਰੋਜ ਮੇਰੇ ਅੰਗ ਸੰਗ ਰਹਿ ਘਰ ਦਿਆਂ ਤੋਂ ਗਾਹਲਾਂ ਖਾਂਦਾ
ਢੀਠ ਹੋ ਮੇਰੀ ਵੱਖੀ ਵਿਚ ਕੁਤਾਰੀਆਂ ਕੱਢਦਾ
ਅਤੇ ਮੈਂ ਝੜੀ ਵਿਚੋਂ ਮੁਕਤ ਹੋਏ, ਸੂਰਜ ਦੇ ਵਾਂਗ ਹੱਸ ਪੈਂਦਾ

ਇਕ ਦਿਨ ਮੇਰੇ ਹੱਥ 'ਚ ਫੜਿਆ ਰਹਿ ਗਿਆ ਰੂਪ ਬਸੰਤ ਦਾ ਕਿੱਸਾ
ਅਚਾਨਕ ਮੇਰੇ ਹਾਣ ਦੀਆਂ ਕੁੜੀਆਂ
ਹਿੱਕ 'ਤੇ ਚੁੰਨੀਆਂ ਸੰਵਾਰਨ ਲੱਗ ਪਈਆਂ
ਤੇ ਮੈਨੂੰ ਪਸ਼ੂਆਂ ਦੇ ਗੋਹੇ ਵਿਚੋਂ ਹਟ ਗਈ ਮੁਸ਼ਕ ਜਹੀ ਆਉਣੀ

ਉਸ ਦਿਨ ਰੋਹੀਆਂ ਵਿਚਲੇ ਸਿਵਿਆਂ ਨੂੰ ਹੈਰਾਨੀ ਹੋਈ
ਜਦ ਪਿੰਡ ਦੇ ਵਿਚਕਾਰ ਇਕ ਭੋਰਾ ਕੁ ਕਬਰ ਪੱਟੀ ਗਈ
ਮੈਂ ਕਈ ਦਿਨ ਨ੍ਹੇਰੇ ਸਵੇਰੇ ਬਚਪਨ ਦੇ ਮਜ਼ਾਰ ਉੱਤੇ ਜਾ ਕੇ ਰੋਇਆ
ਮੁੱਦਤ ਹੋਈ-ਹੰਝੂਆਂ ਤੇ ਮੈਂ ਜਦ ਇਕ ਦੂਏ ਨੂੰ ਅਲਵਿਦਾ ਆਖੀ
ਮੁੱਦਤ ਹੋਈ-ਸਿਵਿਆਂ ਨੂੰ ਭੁਲਿਆਂ ਆਪਣੀ ਨਾ ਕਦਰੀ ਤੇ ਹੈਰਾਨ ਹੋਣਾ
ਮੁੱਦਤ ਹੋਈ-ਮੈਨੂੰ ਵੱਲ ਸਿੱਖਿਆਂ ਪੁੱਠੇ ਪੈਰੀਂ ਤੁਰਨ ਦਾ

ਮੈਂ ਨਕਸ਼ੇ ਵਿਚੋਂ ਚੰਡੀਗੜ੍ਹ ਤੇ ਦਿੱਲੀ ਨੂੰ ਲੱਭਿਆ
ਮੈਥੋਂ ਤਾਂ ਪਰ ਤਹਿਸੀਲ ਤਕ ਵੀ ਪਹੁੰਚ ਨਾ ਹੋਇਆ
ਮੈਂ ਰਾਹ ਵਿਚ ਪੈਂਦੀ ਹੱਡਾਂ-ਰੋੜੀ ਦੇ ਕੁੱਤਿਆਂ ਤੋਂ ਡਰਦਾ ਪਰਤ ਆਇਆ
ਮੁੜਿਆ, ਤਾਂ ਆਉਂਦੇ ਨੂੰ ਸੱਥ ਵਿਚਲੀ ਕਬਰ
ਹੁਣ ਨਹੀਂ ਸੀ, ਕੱਲੀ ਤੇ ਉਦਾਸ-
ਨਿਆਂ, ਲੋਚਾ ਤੇ ਅੱਥਰੇ ਝੱਲ ਦੀਆਂ ਮੜ੍ਹੀਆਂ ‘ਚ
ਵਾਹਵਾ ਪਰਚ ਚੁੱਕੀ ਸੀ
ਰੋਜ਼ ਥੱਕੇ ਹੋਏ ਕਿਰਸਾਨ ਸ਼ਾਮੀ ਸੀਖਿਆ ਕਰਦੇ ਸੀ
ਲਟ ਲਟ ਬਲਦੀਆਂ ਗੱਪਾਂ ਦੇ ਦੀਵੇ

ਮੁੱਦਤ ਹੋਈ-ਮੇਰੀ ਝਾਕਣੀ ਵਿਚ ਠਹਿਰ ਚੁੱਕਿਆ
ਕਬਰੀਂ ਬਲਦੇ ਦੀਵਿਆਂ ਦਾ ਟਿਮਟਿਮਾਉਂਦਾ ਅਕਸ।

ਮੈਂ ਹੁਣ ਜਿੱਥੇ ਖੜ੍ਹਾ ਹਾਂ
ਹੱਥ ਭਰ ਤੇ ਬਿਨਾਂ ਭੁਚਾਲੋਂ ਮਰ ਗਏ ਮੇਰੇ ਘਰ ਦਾ ਮਲਬਾ ਹੈ
ਪੰਜ ਕੋਹਾਂ ਤੇ ਥਾਣਾ ਹੈ
ਐਵੇਂ ਕਰਮ ਕਰਮ ਤੇ ਆੜ੍ਹਤੀ, ਪਟਵਾਰੀ ਤੇ ਲੰਬੜ ਦਾ ਦਫਤਰ ਹੈ
ਜਾਂ ਘਨੇੜੀ ਬੈਠੇ ਵਕਤ ਹੱਥਲੇ ਛੈਂਟੇ ਦੀ ਸ਼ੂਕਰ ਹੈ

ਤੇ ਕਬਰਸਤਾਨ ?
ਤੁਸੀਂ ਜਿੱਥੇ ਖੜ੍ਹੇ ਹੋ
ਐਨ ਓਸੇ ਥਾਂ ਦਾ ਪਿਆ ਕੁਨਾਂ ਹੈ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...