Friday, 11 May 2018

ਲੜੇ ਹੋਏ ਵਰਤਮਾਨ ਦੇ ਰੂਬਰੂ


ਮੈ ਅੱਜ ਕੱਲ ਅਖਬਾਰਾਂ ਤੋਂ ਬਹੁਤ ਡਰਦਾ ਹਾਂ
ਜ਼ਰੂਰ ਉਨ੍ਹਾਂ ਵਿਚ ਕਿਤੇ ਨਾ ਕਿਤੇ
ਕੁਝ ਨਾ ਹੋਣ ਦੀ ਖਬਰ ਛਪੀ ਹੋਵੇਗੀ।
ਸ਼ਾਇਦ ਤੁਸੀਂ ਜਾਣਦੇ ਨਹੀਂ, ਜਾਂ ਜਾਣਦੇ ਵੀ ਹੋਵੋ
ਕਿ ਕਿੰਨਾ ਭਿਆਨਕ ਹੈ ਕਿਤੇ ਵੀ ਕੁਝ ਨਾ ਹੋਣਾ
ਲਗਾਤਾਰ ਨਜ਼ਰਾਂ ਦਾ ਹਫਦੇ ਰਹਿਣਾ
ਤੇ ਚੀਜ਼ਾਂ ਦਾ ਚੁਪ ਚਾਪ ਲੇਟੇ ਰਹਿਣਾ ਕਿਸੇ ਠੰਡੀ ਔਰਤ ਵਾਂਗ-

ਮੈਂਨੂੰ ਤਾਂ ਅੱਜ ਕੱਲ ਸੱਥਾਂ 'ਚ ਹੁੰਦੀ ਗੱਪ-ਸ਼ੱਪ ਵੀ ਇਉਂ ਲਗਦੀ ਹੈ
ਜਿਵੇਂ ਕਿਸੇ ਝੂਮਣਾ ਚਾਹੁੰਦੇ ਰੁੱਖ ਨੂੰ
ਗੁੱਛਾ ਵਲੇਟ ਕੇ ਸੌਂ ਰਿਹਾ ਸੱਪ ਹੋਵੇ,
ਮੈਨੂੰ ਡਰ ਹੈ-ਖਾਲੀ ਕੁਰਸੀਆਂ ਵਾਂਗ ਥੁੜੀ ਥੁੜੀ ਦਿਸਦੀ
ਇਹ ਦੁਨੀਆਂ ਸਾਡੇ ਬਾਰੇ ਕੀ ਕੁਝ ਉਲਟ ਪੁਲਟ ਸੋਚਦੀ ਹੋਵੇਗੀ।
ਅਫਸੋਸ ਹੈ ਕਿ ਸਦੀਆਂ ਬੀਤ ਗਈਆਂ ਹਨ
ਰੋਟੀ, ਕੰਮ ਤੇ ਸਿਵੇ ਅਜੇ ਵੀ ਸਮਝਦੇ ਹੋਣੇ ਨੇ
ਕਿ ਅਸੀਂ ਇਨ੍ਹਾਂ ਦੀ ਖਾਤਿਰ ਹੀ ਹਾਂ-

ਮੈਂ ਉਲਝਨ ਵਿਚ ਹਾਂ ਕਿ ਕਿਵੇਂ ਸਮਝਾਵਾਂ
ਸੰਗਾਊ ਸਵੇਰਿਆਂ ਨੂੰ
ਜਥੇਬੰਦ ਰਾਤਾਂ ਤੇ ਬੀਬੀਆਂ ਆਥਣਾਂ ਨੂੰ
ਅਸੀਂ ਕੋਈ ਇਨ੍ਹਾਂ ਤੋਂ ਸਲਾਮੀ ਲੈਣ ਨਹੀਂ ਆਏ
ਤੇ ਹਾਣ ਨੂੰ ਹਾਣ ਜਿਹਾ ਕੁਝ ਕਿੱਥੇ ਹੈ
ਜੋ ਜੱਫ਼ੀ ਲਈ ਖੁੱਲ੍ਹੀਆਂ ਬਾਹਾਂ ਤੋਂ
ਬੱਸ ਹੱਥ ਭਰ ਤੇ ਮੇਲਦਾ ਰਹੇ. . . . . .

ਅਜ ਕਲ ਹਾਦਸੇ ਵੀ ਮਿਲਦੇ ਨੇ ਤਾਂ ਇਉਂ
ਜਿਵੇਂ ਕੋਈ ਹੌਂਕਦਾ ਹੋਇਆ ਬੁੜ੍ਹਾ
ਰੰਡੀ ਦੀ ਪੌੜੀ ਚੜ੍ਹ ਰਿਹਾ ਹੋਵੇ,
ਕਿਤੇ ਕੁਝ ਇਸ ਤਰ੍ਹਾਂ ਦਾ ਕਿਉਂ ਨਹੀਂ ਹੈ
ਜਿਵੇਂ ਕਿਸੇ ਪਹਿਲੀ ਨੂੰ ਕੋਈ ਪਹਿਲਾ ਮਿਲਦਾ ਹੈ
ਭਲਾ ਕਿਥੋਂ ਕੁ ਤੀਕ ਜਾਏਗਾ
ਇਕ ਸਿੰਗਾਂ ਵਾਲੀ ਕਬਰ ਅੱਗੇ ਦੌੜਦਾ ਹੋਇਆ
ਮਹਾਤਮਾ ਲੋਕਾਂ ਦਾ ਵਰੋਸਾਇਆ ਇਹ ਮੁਲਕ !
ਆਖਰ ਕਦੋਂ ਪਰਤਾਂਗੇ, ਘਟਨਾਵਾਂ ਵਾਂਗ ਵਾਪਰ ਰਹੇ ਘਰਾਂ 'ਚ
ਅਸੀਂ ਜੀਣ ਦੇ ਖੜਕੇ ਤੋਂ ਜਲਾਵਤਨ ਹੋਏ ਲੋਕ
ਤੇ ਬਹਿ ਕੇ ਧੂਣੀਆਂ ਤੇ ਕਦ ਸੁਣਾਂਗੇ, ਮਜਾਜਣ ਅੱਗ ਦੀਆਂ ਗੱਲਾਂ

ਕਿਸੇ ਨਾ ਕਿਸੇ ਦਿਨ ਜ਼ਰੂਰ ਆਪਣੀਆਂ ਚੁੰਮੀਆਂ ਨਾਲ
ਅਸੀਂ ਮੌਸਮ ਦੀਆਂ ਗੱਲ੍ਹਾਂ ਤੇ ਚਟਾਕ ਪਾਵਾਂਗੇ
ਅਤੇ ਸਾਰੀ ਦੀ ਸਾਰੀ ਧਰਤੀ ਇਕ ਅਜੀਬੋ-ਗਰੀਬ ਅਖਬਾਰ ਬਣੇਗੀ
ਜਿਦ੍ਹੇ ਵਿਚ ਬਹੁਤ ਕੁਝ ਹੋਵਣ ਦੀਆਂ ਖਬਰਾਂ
ਛਪਿਆ ਕਰਨਗੀਆਂ ਕਿਸੇ ਨਾ ਕਿਸੇ ਦਿਨ।

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...