Friday, 11 May 2018

ਹੈ ਤਾਂ ਬੜਾ ਅਜੀਬ


ਜੇ ਤੂੰ ਨਾ ਮੁਕਲਾਵੇ ਜਾਂਦੀ, ਤੈਨੂੰ ਭਰਮ ਰਹਿਣਾ ਸੀ
ਕਿ ਰੰਗਾਂ ਦਾ ਮਤਲਬ ਫੁਲ ਹੀ ਹੁੰਦੈ
ਬੁਝੀ ਹੋਈ ਹਮਕ ਦੀ ਸਵਾਹ ਨਹੀਂ ਹੁੰਦਾ
ਤੂੰ ਮੁਹੱਬਤ ਨੂੰ ਕਿਸੇ ਮੌਸਮ ਦਾ ਨਾਂ ਹੀ ਸਮਝਦੀ ਰਹਿਣਾ ਸੀ


ਤੂੰ ਸ਼ਾਇਦ ਸੋਚਿਆ ਹੋਵੇ- ਤੇਰੇ ਕਰੋਸ਼ੀਏ ਨਾਲ ਕੱਢੇ ਹੋਏ ਅੱਖਰ, ਕਿਸੇ ਦਿਨ ਬੋਲ ਉੱਠਣਗੇ
ਜਾਂ ਗੰਧਲੇ ਪਾਣੀਆਂ ਵਿਚ ਭਿੱਜ ਨਾ ਸਕਣਗੇ
ਬਟਣ ਜੋੜ ਜੋੜ ਉਣੀ ਹੋਈ ਬੱਤਖ਼ ਦੇ ਪਰ
ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਮੁਕਲਾਵਾ
ਦਾਜ ਦੇ ਭਾਂਡਿਆਂ ਦੀ ਛਣਕ ਵਿਚ
ਝਾਂਜਰ ਦੀ ਚੁੱਪ ਦਾ ਬੇਕਫ਼ਨ ਸੜਨਾ ਹੈ
ਜਾਂ ਰਿਸ਼ਤਿਆਂ ਦੇ ਸੇਕ ਵਿਚ, ਰੰਗਾਂ ਦਾ ਤਿੜਕ ਜਾਣਾ ਹੈ-
ਸੁਰਿੰਦਰ ਕੌਰ ਨੂੰ ਮੁੜ ਕਦੇ ਨਹੀਂ ਦਿਸਦੀ
ਹਾਦਸਿਆਂ ਦੀ ਉਡੀਕ ਵਿਚ ਬੈਠੀ ਛਿੰਦੋ
ਇਸ ਕਦਰ ਉਸਰ ਜਾਂਦੀ ਹੈ , ਮਹਿਜ਼ ਘਟਨਾਵਾਂ ਦੀ ਦੀਵਾਰ
ਅਸਲ ਵਿਚ ਮੁਕਲਾਵਾ ਕਦੇ ਨਾ ਆਉਣ ਵਾਲੀ ਸਮਝ ਹੈ-ਕਿ ਕਿਸ ਤਰ੍ਹਾਂ
ਕੋਈ ਵੀ ਪਿੰਡ
ਹੌਲੀ ਹੌਲੀ ਬਦਲ ਜਾਂਦਾ ਹੈ ਦਾਨਾਬਾਦ ਵਿਚ
ਮੁਕਲਾਵਾ ਦਰਅਸਲ ਰੀਝਾਂ ਦਾ ਪਿਘਲ ਕੇ
ਮੰਜਿਆਂ, ਪੀੜ੍ਹੀਆਂ ਬੁਹਾਰੀਆਂ ਵਿਚ ਵਟਣਾ ਹੈ

ਹੈ ਤਾਂ ਬੜਾ ਅਜੀਬ ਕਿ ਤਲੀਆਂ 'ਤੇ ਪਾਲੇ ਸੱਚ ਨੂੰ
ਐਵੇਂ ਕੱਚੀ ਜਹੀ ਮਹਿੰਦੀ ਨਾਲ ਝਿੜਕ ਦੇਣਾ
ਜਾਂ ਛਿੜ ਗਏ ਮੇਲੇ ਦੇ ਵੀਰਾਨ ਪਿੜ, ਦੀ
ਭਾਂ ਭਾਂ ਨੂੰ ਸਾਹਾਂ 'ਚ ਪਰੋ ਲੈਣਾ
ਜਾਂ ਵਾਹੇ ਹੋਏ ਖੇਤਾਂ 'ਚ ਦਫਨ
ਹਜ਼ਾਰਾਂ ਵਾਰ ਮਿੱਧੀਆਂ ਪਗਡੰਢੀਆਂ ਨੂੰ ਯਾਦ ਕਰਨਾ-
ਹੁਣ ਜਦੋਂ ਕਿ ਕੰਢੇ ਤੇ ਹੀ ਡੁੱਬ ਗਈ ਹੈ ਬਟਨਾਂ ਵਾਲੀ ਬੱਤਖ਼
ਅਜੇ ਵੀ ਹਾਦਸਿਆਂ ਦੀ ਝਾਕ ਵਿਚ ਬੈਠੀ ਹੈ ਛਿੰਦੋ
ਮਹਿਜ਼ ਘਟਨਾਵਾਂ ਦੀ ਦੀਵਾਰ ਦੇ ਉਸ ਪਾਰ
ਜੋ ਕਦੀ ਕਿਸੇ ਤੋਂ ਟੱਪ ਨਹੀਂ ਹੋਈ।
ਹੈ ਤਾਂ ਬੜਾ ਅਜੀਬ ਕਿ ਮੈਂ ਜੋ ਕੁਝ ਨਹੀਂ ਲਗਦਾ ਤੇਰਾ
ਦਵਾਰ ਦੇ ਏਧਰ ਵੀ ਤੇ ਓਧਰ ਵੀ, ਮਰੀਆਂ ਹੋਈਆਂ
ਤੇ ਮਰਨ ਜਾ ਰਹੀਆਂ ਬੱਤਖ਼ਾਂ ਨੂੰ ਚੁੱਕੀ ਫਿਰਦਾ ਹਾਂ।

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...