Friday, 11 May 2018

ਬੇਵਫਾ ਦੀ ਦਸਤਾਵੇਜ਼


ਜਾਣਦਾਂ-ਉਹਨੂੰ ਉੱਕਾ ਹੀ ਭਾਂਉਂਦਾ ਨਹੀਂ ਹੋਣਾ
ਮੇਰੇ ਅੰਦਰ ਮਰੇ ਹੋਏ ਭੰਗੜੇ ਦੀ ਲਾਸ਼ ਨੂੰ ਤੱਕਣਾ,
ਪਿੰਡ ਤੋਂ ਸ਼ਹਿਰ -ਸ਼ਹਿਰ ਤੋਂ ਦੇਸ਼
ਤੇ ਦੇਸੋਂ ਨ ਦੇਸੀ ਹੋ ਗਈ ਮੇਰੀ ਪਿਆਸ ਦੇ ਬਨੇਰੇ ਤੇ ਸੁੱਕਣੇ ਪਈ
ਅਲਗੋਜ਼ੇ ਦੀ ਕਲੀ ਓਸ ਨੂੰ ਜਾਪਦੀ ਹੋਣੀ ਏਂ
ਕਿਸੇ ਤਿੜਕੇ ਰਿਕਾਰਡ ਤੇ ਘਰਕਦੀ ਸੂਈ ਵਾਂਗ
ਉਹਨੂੰ ਨਿੱਤ ਦੇ ਸ਼ਰਾਬੀ ਬਾਪ ਦੀਆਂ ਫੌਹੜਾਂ 'ਚ ਝਉਂ ਗਈ ਅਣਖ ਵਾਂਗ
ਹੋਰੂੰ ਜਿਹਾ ਲਗਦਾ ਹੋਊ
ਮੇਰੇ ਦੀਦਿਆਂ ਵਿਚ ਬਿੰਦੂ ਜਿੰਨਾ ਰਹਿ ਗਿਆ
ਦਿਸਹੱਦੇ ਤੱਕ ਫੈਲੇ ਹੋਏ ਖੇਤਾਂ ਦਾ ਬਿੰਬ

ਜਾਣਦਾਂ-ਉਹ ਡਰੀ ਹਿਰਨੀ ਜਿਹੀ ਬੜਾ ਕੁਝ ਕਰੇਗੀ
ਚੂਚਿਆਂ ਦਾ ਖੁੱਡਾ ਖੋਲ੍ਹਣ ਲੱਗਿਆਂ ਕੰਬ ਜਾਇਆ ਕਰੇਗੀ, ਇਹ ਸੋਚ
ਕਿਤੇ ਨਿਕਲਦਿਆਂ ਹੀ ਚੂਚੇ ਬਾਗਾਂ ਦੇਣੀਆਂ ਨਾ ਸਿੱਖ ਜਾਣ
ਅਤੇ ਚੜ੍ਹ ਜਾਣ ਨਾ ਆਉਂਦੇ ਤਿਉਹਾਰਾਂ ਦੀ ਨਜ਼ਰ

ਸ਼ਾਇਦ ਉਹ ਤੋੜ ਕੇ ਸਾਰਾ ਗੁਹਾਰਾ ਕੱਲੀ ਕੱਲੀ ਪਾਥੀ ਨੂੰ ਭੰਨੇਗੀ
ਮਤਾਂ ਲੱਭ ਜਾਏ ਬੇਧਿਆਨੀ ਵਿਚ ਲੱਥ ਕੇ ਗੁਆਚੀ ਤਿੰਨ-ਨਗੀ ਮੁੰਦਰੀ।
ਉਹ ਆਲੀ ਭੋਲੀ ਤਾਂ ਭਾਲੇਗੀ ਗਰਮ ਠੂਠੀਆਂ
ਅਣਚਾਹੇ ਗਰਭ ਵਾਂਗ ਠਹਿਰ ਗਈ
ਮੇਰੀ ਘਰਾਂ ਨੂੰ ਮਕਾਨ ਸਮਝਣ ਦੀ ਅਵੈੜੀ ਬੁੱਧ ਦਾ
ਕੋਈ ਪਾਹਰ ਕਰਨ ਲਈ-

ਅਫ਼ਸੋਸ ਹੈ-ਹੁਣ ਕੋਈ ਵੀ ਚੁੱਭੀ ਥਿਆ ਨਹੀਂ ਸਕੇਗੀ
ਉਹਦੇ ਦੁੱਧ ਦੇ ਛੰਨੇ 'ਚ ਡੁੱਬ ਗਿਆ
ਮੇਰਾ ਭੋਰਾ ਜਿੰਨਾ ਅਕਸ

ਅਫ਼ਸੋਸ ਹੈ-ਹੁਣ ਕਦੇ ਨਹੀਂ ਪਰਤਣਗੇ
ਡੋਰਾਂ ਸਣੇ ਉਡ ਗਏ ਪਾਲਤੂ ਕਬੂਤਰ,
ਅਤੇ ਅਫ਼ਸੋਸ ਹੈ
ਅਫ਼ਸੋਸ ਦੀ ਭਾਸ਼ਾ ਸਿਰਫ ਉਸਤਾਦੀ ਹੈ
ਫਿਰ ਵੀ
ਕਿਸੇ ਸਹੇਲੀ ਦੇ ਮਾਂਈਏ ਤੇ ਜਦ ਕਦੀ ਉਖੜ ਜਾਊ
ਕੁੜੀਆਂ ਚੋਂ ਉਹਦਾ ਬੋਲ-ਮੈਂ ਆਪੇ ਹੀ ਬੁੱਝ ਲਵਾਂਗਾ
ਅਗਲੀ ਗੀਤ ਦੀ ਸਤਰ, ਜਾਣੀ ਕਿ
ਬਹੁਤ ਲੋੜੀਂਦਾ ਹੈ ਮਾਮਾ ਉਸ ਵਿਆਂਹਦੜ ਨੂੰ
ਇਸ ਨਾਜ਼ੁਕ ਜਹੇ ਵੇਲੇ

ਫ਼ਿਰ ਵੀ-ਉਹ ਪੱਕ ਜਾਣੇ
ਕਿ ਨਾਜ਼ੁਕ ਵੇਲਾ ਨਹੀ, ਇਨਸਾਨ ਹੁੰਦਾ ਹੈ
ਮੈਂ ਜਿੱਥੇ ਸਹਿ ਲਈ ਹੈ ਆਕੜ ਗਈ ਭੰਗੜੇ ਦੀ ਲਾਸ਼
ਪਿੰਡ ਚੋਂ ਮਨਫੀ ਹੋ ਹੋ ਕੇ ਬਚੀ ਖਾਨਾ ਬਦੋਸ਼ੀ-
ਅਤੇ ਝੱਲ ਸਕਿਆ ਹਾਂ ਬਿੰਦੂ 'ਚ ਸਿਮਟ ਸਿਮਟ ਗਈ
ਵਿਰਾਟਤਾ ਦੀ ਜੁੰਬਿਸ਼,
ਚਲੋ ਮੈਂ ਰਾਂਝਾ ਨਾ ਹੋ ਸਕਣ ਦਾ ਗੁਨਾਹਗਾਰ ਸਹੀ
ਏਨਾ ਨਹੀਂ ਗਿਆ ਗੁਜ਼ਰਿਆ ਕਿ ਲਿਖ ਨਾ ਸਕਾਂ
ਤੇਰੇ ਸ਼ਗਨਾਂ ਉਤੇ ਬੋਲਣ ਲਈ ਪਰਿਵਾਰ ਵੱਲੋਂ ਸਿੱਖਿਆ,
ਜਿੱਥੇ ਜਣਦਿਆਂ ਨੂੰ ਪੈਂਦੇ ਹਨ ਬਿਰਹੋਂ ਦੇ ਗੋਤੇ
ਜਾਂ ਸਵਰਗਾਂ 'ਚ ਬੈਠਾ ਬਾਬਾ ਫੁੱਲ ਵਰਸਾਉਂਦਾ ਹੈ
ਜਾਂ ਇੱਕੀ ਬਿਸਤਰੇ, ਕੋਤਰ ਸੌ ਭਾਂਡਾ
ਟੂੰਮਾਂ ਵਿਚ ਬਦਲਿਆ ਰੋਹੀ ਦਾ ਅਸੀਲ ਵਿੱਘਾ
ਐਵੇਂ ਕੁਝ ਵੀ ਨਾ ਦੇ ਸਕਣਾ-ਦੇ ਮੁਹਾਵਰੇ ਵਿਚ ਬਦਲ ਜਾਂਦਾ ਹੈ।
ਉਹ ਪੱਕ ਜਾਣੇ, ਹਮੇਸ਼ਾ ਵਾਂਗ ਹੀ ਸੁਰੀਲਾ ਹੋਵੇਗਾ
ਸਤਿਗੁਰੂ ਰਾਮਦਾਸ ਦਾ ਸੂਹੀ ਰਾਗ ਅਨੰਦਾਂ ਦੇ ਵੇਲੇ।
ਉਹ ਪੱਕ ਜਾਣੇ, ਬੜੀ ਮੁੱਦਤ ਤੋਂ ਸਿੱਖਿਆ ਹੈ
ਕਬਰਾਂ ਦਾ ਪੱਥਰ ਤੀਸਰੇ ਦਿਨ ਪਾਟ ਜਾਣਾ
ਤੇ ਸਿੱਖਿਆ ਹੋਇਆ ਹੈ ਭੰਗੜੇ ਨੇ ਮੁੜ ਸਾਲਮ ਸਬੂਤਾ ਬਾਹਰ ਆਉਣਾ
ਉਹ ਪੱਕ ਜਾਣੇ ਬਰਾਤੀ ਕਰ ਹੀ ਦੇਣਗੇ ਮੇਰੇ ਨੱਚਦੇ ਦੇ ਸਿਰ ਤੋਂ ਵਾਰਨੇ।

ਜਾਣਦਾਂ-ਢੋਲ ਤੇ ਸ਼ਹਿਨਾਈ ਦੀ ਅਜੋੜ ਸੁਰ, ਅਸਪਸ਼ਟ ਹੀ ਸਹੀ
ਕਿਸੇ ਲਾੜੇ ਦੀ ਮੁੱਠ ਵਿਚ ਫੜੀ ਹੋਈ ਕਿਰਪਾਨ
ਉਸ ਨੂੰ ਖੂਬ ਸਮਝੇਗੀ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...