Friday, 11 May 2018

ਦੂਤਿਕ ਭਾਸ਼ਾ ਦੇ ਖ਼ਿਲਾਫ


ਜਦੋਂ ਮੈਂ ਲੜਖੜਾਉਂਦਾ ਐਨ ਤੇਰੇ ਕਦਮਾਂ 'ਚ ਡਿਗਿਆ ਸਾਂ
ਤੂੰ ਤਾਂ ਬੁੱਧ ਬਣ ਗਿਆ
ਪਰ ਮੈਂ ਅਜੇ ਵੀ ਜ਼ਖਮੀ ਪਰਾਂ 'ਚ ਡੋਲ ਰਿਹਾ ਹਾਂ
ਮੈਂ ਮਾਨਸਰੋਵਰ ਤੋਂ ਬਹੁਤ ਦੂਰ ਕਿਸੇ ਸੁੱਕੇ ਹੋਏ ਬਾਗੋਂ ਬੋਲ ਰਿਹਾ ਹਾਂ
ਮੈਂ ਹੁਣ ਤੈਂਨੂੰ ਨਹੀਂ
ਕਲਿੰਗਾ ਦੇ ਮੈਦਾਨ ਅੰਦਰ
ਆਖਰੀ ਸਾਹਾਂ ਤੇ ਪਏ ਸੈਨਿਕ ਨੂੰ ਕਹਿੰਦਾ ਹਾਂ
ਇਸ ਤਰ੍ਹਾਂ ਕਿਉਂ ਹੈ
ਕਿ ਗਿਆਨ ਸਾਡੇ ਗਲਾਂ 'ਚ ਪਏ ਰੱਸੇ ਦਾ ਵੱਟ ਹੀ ਹੈ
ਸੈਨਿਕਾ, ਕਿਉਂ ਭਲਾ ਮੁਕਤੀ ਦਾ ਰਾਹ
ਤੇਰੀ ਤੇ ਮੇਰੀ ਆਖਰੀ ਹਿਚਕੀ ਦੇ ਹੀ ਬੂਹੇ 'ਚੋਂ ਲੰਘਦਾ ਹੈ

ਗਯਾ ਦੇ ਬੋਹੜ ਵੱਲ ਨੂੰ ਤੁਰ ਗਈਆਂ ਪੈੜਾਂ ਨੂੰ ਕੀ ਪਤਾ ਨਹੀਂ
ਕਿ ਵਕਤ ਮੇਰੀਆਂ ਅੱਖਾਂ 'ਚ ਬੁੱਢਾ ਹੋ ਰਿਹਾ ਹੈ
ਉਨ੍ਹਾਂ ਵਿਚ ਮਿਲ ਹੀ ਜਾਣੀ ਹੈ
ਯਸ਼ੋਧਰਾ ਦੀ ਪੈੜ ਤਾਂ ਕਿਸੇ ਦਿਨ ਆ ਕੇ
ਫੈਲਦਾ ਮੇਰੇ ਲਈ ਹੀ ਰਹਿਣਾ ਹੈ ਹਿਮਾਲੀਆ ਪਹਾੜ ਹਰ ਘੜੀ
ਹੇ ਸੈਨਿਕ, ਤੂੰ ਤਾਂ ਤੱਕਿਆ ਏ ! ਇਨ੍ਹਾਂ ਦਰਿਆਵਾਂ ਦੇ ਕਦੀ ਆਰ ਤੇ ਕਦੀ ਪਾਰ ਫੈਲਦੇ,
ਸੁੰਗੜਦੇ ਹੋਏ ਦੇਸ ਨੂੰ-
ਤੇ ਦੂਰ ਚਾਨਣੀ ਰਾਤ ਦੇ ਤੀਜੇ ਪਹਿਰ ਜਿਹੀ ਮਾਨਸਰੋਵਰ ਨੂੰ
ਕਦੀ ਵੀ ਪਤਾ ਨਾ ਲੱਗਾ-ਆਦਮੀ ਕਿਉਂ ਤੇ ਕਿਵੇਂ
ਕਦੀ ਦਰਾਵੜ ਤੇ ਕਦੀ ਆਰੀਆ ਬਣਿਆ
ਉਹ ਕਦੀ ਜਾਣ ਨਾ ਸਕੀ ਕਿ
ਕੁਰਾਨ ਸ਼ਰੀਫ ਦੀਆਂ ਆਇਤਾਂ ਅਤੇ ਵੇਦਾਂ ਵਿਚੋਂ ਕਵਿਤਾ ਦੇ ਛੰਦ
ਕਿਉਂ ਧੂੰਆਂ ਬਣ ਕੇ ਆਦਮੀ ਦੀਆਂ ਨਾਸਾਂ ਤੇ ਅੱਖਾਂ ਨੂੰ'ਚੜ੍ਹੇ ?
ਤੇ ਮਾਨਸਰੋਵਰ ਦਾ'ਚੱਡਿਆ ਹੋਇਆ ਪਾਣੀ
ਕਦੀ ਨਹੀਂ ਪਰਤਿਆ-ਇਨ੍ਹਾਂ ਕੰਢਿਆਂ ਉਤੇ ਆਦਮੀ ਦੀ ਪੱਤ ਲੁਟਦੇ
ਗਿਆਨ ਦੀ ਵਿਥਆ ਦੱਸਣ ਲਈ।
ਸੈਨਿਕਾ, ਮਾਨਸਰੋਵਰ ਨੂੰ ਭਲਾ ਕੀ ਪਤਾ ਹੋਵੇਗਾ
ਮੈਂ ਉਸ ਦੇ ਵਾਸ਼ਪ ਦਾ ਕਤਰਾ
ਹਵਾ ਦੀ ਬਾਂਹ 'ਚ ਪਾਈ ਐਤਕੀਂ ਆਮ ਜਹੀ ਤਫਰੀਹ ਤੇ
ਵਾਪਸ ਕਿਉਂ ਨਹੀਂ ਮੁੜਿਆ

ਮਾਨਸਰੋਵਰ ਕੋਈ ਅਬਦਾਲੀ ਤੇ ਨਹੀਂ
ਤੇ ਨਾ ਮੈਂ ਸਾਬਿਰ ਵਾਂਗ ਧਮਕੀ ਜਿਹਾ ਸੰਦੇਸ਼ ਲੈ ਕੇ ਆਇਆ ਸਾਂ
ਪਰ ਇਕ ਗੱਲ ਦੱਸਾਂ ?-ਸ਼ਾਹ ਨਿਵਾਜ਼ ਕਿਤੇ ਵੀ ਹੋਵੇ
ਸਿਰਫ ਇਕ ਬੇਮਿਆਨੀ ਲਿਸ਼ਕਦੀ ਹੋਈ ਚੁੱਪ
ਉਹਦੇ ਸੰਵਾਦ ਖਾਤਰ ਸ਼ਬਦ ਬਣ ਜਾਂਦੀ ਰਹੀ ਹੈ-
ਤੇ ਮੇਰੇ ਪਰਾਂ ਅੰਦਰ
ਪਹਿਲਣ ਮਾਂ ਦੀਆਂ ਦੁੱਧੀਆਂ ਚੋਂ ਸਿੰਮਦਾ ਅੰਮ੍ਰਿਤ
ਕਦੀ ਵੀ ਸੱਤਾਂ ਵਿਚੋਂ ਕਿਸੇ ਰੰਗ ਦੀ ਛਾਂ 'ਚ ਨਹੀਂ ਘੁਲਿਆ
ਤੇ ਸੈਨਿਕ ਜਾਣਦੈ ?
ਭਾਸ਼ਾ ਅਸ਼ਕਤੀ ਦੀ ਵਜ੍ਹਾ ਨਾਲ ਕਿਸ ਕਦਰ ਬਦਮਾਸ਼ ਹੈ
ਇਹ ਜ਼ਖਮ ਲਈ ਇਤਿਹਾਸ ਨਾਂ ਦਾ ਸ਼ਬਦ ਵਰਤਦੀ ਹੈ
ਜ਼ਖਮ ਦਰ ਜ਼ਖਮ ਦੀ ਪੀੜਾ ਲਈ ਸੱਭਿਅਤਾ।
ਇਹ ਸ਼ਾਇਦ ਉਡਦਿਆਂ ਪਰਿੰਦਿਆਂ ਨੂੰ ਹੰਸ
ਅਤੇ ਮੋਤੀ ਨੂੰ ਮਟਰ, ਮੂੰਗ ਜਾਂ ਚਾਵਲ ਸਮਝਦੀ ਹੈ।
ਇਹਨੂੰ ਬੱਸ ਇਹ ਪਤਾ ਹੈ-ਮਾਨਸਰੋਵਰ ਦੇਸ਼ ਨਾਂ ਦੀ ਮੂਰਖਤਾ ਨੂੰ ਘੜਨ ਲਈ
ਨਦੀਆਂ ਵਹਾਉਂਦੀ ਹੈ
ਇਹਨੂੰ ਬੱਸ ਇਹ ਪਤਾ ਹੈ-ਵੇਦਾਂ ਤੇ ਆਇਤਾਂ ਦੀ ਕਵਿਤਾ ਧੂੰਆਂ ਹੁੰਦੀ ਹੈ
ਇਹਦੇ ਭਾਣੇ ਤਾਂ ਮਾਨਸਰੋਵਰ ਕੇਵਲ ਝੀਲ਼ ਹੈ, ਸੱਨਾਟਾ ਹੈ
ਇਹਦੇ ਭਾਣੇ ਤਾਂ ਹਰਵੱਲਭ ਜਾਂ ਤਾਨਸੈਨ ਜਾਂ ਗ਼ੁਲਾਮ ਅਲੀ ਦਾ
ਸ਼ਬਦਾਂ ਨੂੰ ਅਮੂਰਤ ਕਰਕੇ ਧੁਨੀਆਂ ਵਿਚ ਬਦਲ ਦੇਣਾ ਸੰਗੀਤ ਹੈ
ਇਹਦੇ ਭਾਣੇ ਆ ਰਹੀ ਮੌਤ ਦੀ ਆਹਟ 'ਚ ਹੰਸ ਗਾਉਣ ਲਗਦੇ ਹਨ-
ਸੈਨਿਕਾ ਉਂਝ ਤਾਂ ਹੋਰੂੰ ਜਿਹਾ ਲਗਦੈ-
ਸਹਿਕ ਰਹੇ ਆਦਮੀ ਨੂੰ
ਹੰਸ ਦਾ ਕਹਿਣਾ,
ਪਰ ਉਹ ਬਦਮਾਸ਼ੀ ਬੱਸ ਭਾਸ਼ਾ ਦੀ ਹੈ ਕੇਵਲ ਕਿ ਕਵਿਤਾ ਧੂੰਆਂ ਬਣ ਜਾਂਦੀ ਹੈ
ਤੇ ਬੰਦਾ ਅੰਨ੍ਹਾ ਹੋ ਕੇ ਨਿੱਛਦਾ ਹੋਇਆ ਪਰੇਡਾਂ ਕਰਦਾ-ਹੁਕਮ ਬਜਾਉਂਦਾ
ਅਤੇ ਬਹਾਦਰੀ ਦੇ ਤਗ਼ਮੇ ਲੈਣ ਲਈ
ਆਪਣੀ ਧੜਕਣਾਂ ਤੋਂ ਖ਼ਫ਼ਾ ਹੋਈ ਹਿੱਕ ਨੂੰ ਸ਼ੈਤਾਨ ਮੂਹਰੇ ਕਰਦਾ ਹੈ
ਅਤੇ ਸ਼ੈਤਾਨ ਉਸ ਵਿਚ ਸੋਨੇ ਦੀਆਂ ਮੇਖਾਂ ਨੂੰ ਗੱਡ ਕੇ
ਸੋਨੇ ਨੂੰ ਅਨਾਜ, ਅੰਨ ਨੂੰ ਵੋਦਕਾ ਵਿਚ ਬਦਲਨ ਦੇ ਤਰੀਕੇ ਦੱਸਦਾ ਹੈ
ਅਤੇ ਫਿਰ ਵੋਦਕਾ ਇਨਸਾਨ ਨੂੰ ਗਿੱਦੜ
ਤੇ ਫਿਰ ਲੂੰਬੜ ਤੇ ਫਿਰ ਬਘਿਆੜ
ਅਤੇ ਬਘਿਆੜਾਂ ਨੂੰ ਸਮਾਜ ਕਰ ਦਿੰਦੀ ਹੈ।

ਸੈਨਿਕਾ, ਦੱਸ ਭਲਾ ਇਕ ਹੰਸ ਕਿੰਜ ਆਖੇ
ਕਿ ਟਾਲਸਟਾਏ ਬਹੁਤ ਪੱਛੜ ਕੇ ਆਇਆ ਸੀ
ਅਤੇ ਅਸਲੀ ਕਹਾਣੀ
ਹਲ ਵਾਹੁੰਦੇ ਕਿਰਸਾਨ ਦੀ ਰੋਟੀ ਚੁੱਕਣ ਤੋਂ ਬਹੁਤ ਪਹਿਲਾਂ ਦੀ ਸ਼ੁਰੂ ਸੀ…
ਹੇ ਸੈਨਿਕ, ਜੇ ਜ਼ਰਾ ਉੱਠੇਂ
ਤਾਂ ਇਸ ਬਦਮਾਸ਼ ਭਾਸ਼ਾ ਨੂੰ ਕਲਿੰਗਾ ਦੀ ਹੀ ਰਣਭੂਮੀ 'ਚ ਮਰਦੀ ਛੱਡ ਕੇ
ਕਪਲ ਵਸਤੂ ਦੇ ਸਿਧਾਰਥ ਤੱਕ ਚੱਲੀਏ
ਤੇ ਸ਼ੰਕਰਚਾਰੀਆ ਨੂੰ ਮਿਲਦੇ ਹੋਏ
ਉਸ ਈਸਟ ਇੰਡੀਆ ਕੰਪਨੀ ਨੂੰ ਸਾਰਾ ਹੀ ਗਿਆਨ ਵਾਪਸ ਕਰ ਦੇਈਏ
ਤੂੰ ਮਗਰੋਂ ਧਰਤੀ ਦੇ ਕਿਸੇ ਵੀ ਨੰਗੇ ਟੁਕੜੇ ਉਤੇ ਜਾ ਵਸੀਂ
ਸਾਗਰ ਨੂੰ ਇਹ ਦੱਸੇ ਬਿਨਾਂ, ਕਿ ਅਸਲ ਵਿਚ ਇਤਿਹਾਸ ਤਾਂ ਓਹੀਓ ਹੀ ਹੈ
ਅਤੇ ਮੈਂ ਮਾਨਸਰੋਵਰ ਤੋਂ ਤੇਰੇ ਲਈ ਨਦੀਆਂ ਹੱਥ ਸੰਦੇਸ਼ ਘੱਲਿਆ ਕਰਾਂਗਾ
ਜਿਪਸੀਆਂ ਦੇ ਗੀਤਾਂ ਵਰਗੇ,
ਰਮਤੀਆਂ ਅੱਖਾਂ 'ਚੋਂ ਕਿਰਦੇ ਰਹਿਣ ਵਾਲੇ ਰੱਬਤਾ ਦੇ ਬੂਰ ਜਹੇ,
ਝਰਨੇ ਦੀ ਰਮਜ਼ ਨਾਲ ਦੇ ਸੰਦੇਸ਼
ਸੈਨਿਕਾ ਜੇ ਜ਼ਰਾ ਉੱਠੇਂ
ਸੈਨਿਕਾ ਜੇ ਜ਼ਰਾ ਉੱਠੇਂ…!

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...