Friday, 11 May 2018

ਤੈਥੋਂ ਬਿਨਾਂ


ਤੈਥੋਂ ਬਿਨਾਂ ਮੈਂ ਬਹੁਤ ਖਚਾ ਖਚ ਰਹਿੰਦਾ ਹਾਂ
ਇਹ ਦੁਨੀਆਂ ਸਾਰੇ ਧੱਕਮ ਧੱਕੇ ਦੇ ਸਣੇ
ਬੇ-ਘਰੇ ਪਾਸ਼ ਦੀਆਂ ਬਰੂਹਾਂ ਲੰਘ ਆਉਂਦੀ ਹੈ

ਤੈਥੋਂ ਬਿਨਾਂ ਮੈਂ ਸਾਰੇ ਦਾ ਸਾਰਾ ਝੱਖੜ ਹੁੰਦਾ ਹਾਂ
ਜਵਾਰ-ਭਾਟਾ ਅਤੇ ਭੁਚਾਲ ਹੁੰਦਾ ਹਾਂ।

ਤੈਥੋਂ ਬਿਨਾਂ
ਮੈਂਨੂੰ ਰੋਜ਼ ਮਿਲਣ ਆਉਂਦੇ ਨੇ ਆਈਨਸਟਾਈਨ ਤੇ ਲੈਨਿਨ
ਮੇਰੇ ਨਾਲ ਬੜੀਆਂ ਗੱਲਾਂ ਕਰਦੇ ਹਨ
ਜਿਨ੍ਹਾਂ 'ਚ ਤੇਰਾ ਉੱਕਾ ਹੀ ਜ਼ਿਕਰ ਨਹੀਂ ਹੁੰਦਾ
ਮਸਲਨ ਸਮਾਂ ਇਕ ਐਸਾ ਪਰਿੰਦਾ ਹੈ
ਜਿਹੜਾ ਕਿ ਪਿੰਡ ਤੇ ਤਹਿਸੀਲ ਦੇ ਵਿਚਾਲੇ ਉਡਦਾ ਰਹਿੰਦਾ ਹੈ
ਤੇ ਕਦੇ ਨਹੀਂ ਹੰਭਦਾ,
ਤਾਰੇ ਮੀਢੀਆਂ ਵਿੱਚ ਗੁੰਦੇ ਜਾਣ
ਜਾਂ ਮੀਢੀਆਂ ਤਾਰਿਆਂ ਵਿੱਚ-ਇਕੋ ਗੱਲ ਹੈ,
ਮਸਲਨ ਬੰਦੇ ਦਾ ਇਕ ਹੋਰ ਨਾਂ ਮੈਨਸ਼ਵਿਕ ਹੈ
ਤੇ ਬੰਦੇ ਦਾ ਅਸਲਾ ਹਰ ਦਮ ਵਿਚ ਵਿਚਾਲਾ ਲੱਭਣਾ ਹੈ-
ਪਰ ਹਾਇ ਹਾਇ
ਵਿਚ ਵਿਚਕਾਰਲਾ ਰਾਹ ਕਦੇ ਨਹੀਂ ਹੁੰਦਾ।
ਉਂਝ ਇਨ੍ਹਾਂ ਸਾਰੀਆਂ ਗੱਲਾਂ 'ਚੋਂ ਤੇਰਾ ਜ਼ਿਕਰ ਗਾਇਬ ਰਹਿੰਦਾ ਹੈ।

ਤੈਥੋਂ ਬਿਨਾਂ ਮੇਰੇ ਬਟੂਏ 'ਚ ਸਦਾ ਹੀ ਹਿਟਲਰ ਦਾ ਫੋਟੂ ਪਰੇਡ ਕਰਦਾ ਹੈ
ਉਸ ਫੋਟੂ ਦੀ ਪਿੱਠ-ਪੱਟੀ 'ਚ
ਆਪਣੇ ਪਿੰਡ ਦੀ ਸਾਰੀ ਰੋਹੀ ਤੇ ਬੰਜਰ ਦੀ ਪਟਵਾਰ ਹੁੰਦੀ ਹੈ
ਜਿਦ੍ਹੇ ਵਿਚ ਮੈਥੋਂ ਨਿੱਕੀ ਦੇ ਵਿਆਹ 'ਚ ਗਹਿਣੇ ਪਏ ਦੋ ਕਿੱਲਿਆਂ ਤੋਂ ਸਿਵਾ
ਬਚਦੀ ਭੋਇੰ ਵੀ ਕੇਵਲ ਜਰਮਨਾਂ ਲਈ ਹੀ ਹੁੰਦੀ ਹੈ

ਤੈਥੋਂ ਬਿਨਾਂ, ਮੈਂ ਸਿਧਾਰਥ ਨਹੀਂ-ਬੁੱਧ ਹੁੰਦਾ ਹਾਂ
ਤੇ ਆਪਣਾ ਰਾਹੁਲ
ਜੀਹਨੇ ਕਦੀ ਨਹੀਂ ਜੰਮਣਾ
ਕਪਲਵਸਤੂ ਦਾ ਉਤਰ-ਅਧਿਕਾਰੀ ਨਹੀਂ
ਇਕ ਭਿਖਸ਼ੂ ਹੁੰਦਾ ਹੈ

ਤੈਥੋਂ ਬਿਨਾਂ ਮੇਰੇ ਘਰ ਦਾ ਫਰਸ਼-ਅੱਥਰੀ ਸੇਜ ਨਹੀਂ
ਇੱਟਾਂ ਦਾ ਇਕ ਸਮਾਜ ਹੁੰਦਾ ਹੈ।
ਤੈਥੋਂ-ਬਿਨਾਂ, ਸਰਪੰਚ ਤੇ ਉਹਦੇ ਜੁੱਤੀ ਚੱਟ
ਸਾਡੇ ਗੁਪਤ ਮੇਲ ਦੇ ਸੂਹੀਏ ਨਹੀਂ
ਸ੍ਰੀਮਾਨ ਬੀ.ਡੀ.ਓ. ਦੇ ਕਰਮਚਾਰੀ ਹੁੰਦੇ ਹਨ।
ਤੈਥੋਂ ਬਿਨਾਂ ਅਵਤਾਰ ਸਿੰਘ ਸੰਧੂ ਮਹਿਜ਼ ਪਾਸ਼
ਤੇ ਪਾਸ਼ ਤੋਂ ਸਿਵਾ ਕੁਝ ਨਹੀਂ ਹੁੰਦਾ

ਤੈਥੋਂ ਬਿਨਾਂ ਧਰਤੀ ਦੀ ਗੁਰੂਤਾ
ਭੁਗਤ ਰਹੀ ਦੁਨੀਆ ਦੀ ਤਕਦੀਰ ਹੁੰਦੀ ਹੈ
ਜਾਂ ਮੇਰੇ ਜਿਸਮ ਨੂੰ ਝਰੀਟ ਕੇ ਲੰਘਦੇ ਅਹਾਦਸੇ
ਮੇਰੇ ਭਵਿੱਖ ਹੁੰਦੇ ਹਨ

ਪਰ ਕਿੰਦਰ! ਬਲਦਾ ਜੀਵਨ ਮੱਥੇ ਲਗਦਾ ਹੈ
ਤੈਥੋਂ ਬਿਨਾਂ ਮੈਂ ਹੁੰਦਾ ਹੀ ਨਹੀਂ।

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...