Friday, 11 May 2018

ਅੱਜ ਦਾ ਦਿਨ


ਲਗਦਾ ਹੈ ਇਹ ਸਵੇਰ ਨਹੀਂ ਹੈ
ਮੌਤ ਦੀ ਹਥੇਲੀ ਉੱਤੇ ਆਠਰੀ ਹੋਈ ਮੁਸਕਰਾਹਟ ਹੈ
ਰਾਤ ਦੀ ਰੋ ਰੋ ਸੁੱਜੀ ਅੱਖ ਹੈ
ਸੂਰਜ ਵਰਗਾ ਕੁਝ ਕਿਧਰੇ ਨਹੀਂ ਹੈ

ਘੁੱਗੀਆਂ ਦੇ ਗੁਟਕਣ ਤੇ ਕੁਝ ਵੀ ਸ਼ੁਰੂ ਨਹੀਂ ਹੋਇਆ
ਸ਼ਾਇਦ ਅੱਜ ਦਾ ਦਿਨ ਬਚਨੇ ਅਮਲੀ ਦੇ ਹਾਉਕੇ ਤੋਂ ਸ਼ੁਰੂ ਹੋਇਆ ਹੈ
ਬਿੱਲੀ ਰੋਹੜ ਗਈ ਜੀਹਦਾ,
ਭਿਓਂ ਕੇ ਰੱਖੇ ਡੋਡਿਆਂ ਦਾ ਛੰਨਾ
ਅੱਜ ਦਾ ਦਿਨ ਸ਼ਾਇਦ ਕਰਮੂ ਦੀ ਸੁਕਦੀ ਜਾ ਰਹੀ ਰੌਣੀ 'ਚ ਉੱਗਿਆ ਹੈ
ਖੁਰਲੀ ਤੇ ਬੱਝਿਆ ਬੀਬਾ ਬਲਦ ਜਿਸਦਾ
ਰਾਤੀਂ ਮਾਰ ਗਿਆ ਸੀ ਸਾਹਨ ਸਰਕਾਰੀ।
ਅੱਜ ਦਾ ਦਿਨ ਫਟੇ ਹੋਏ ਦੁੱਧ ਦੀ ਚਾਹ ਵਾਂਗ
ਰੰਡੀ ਰਤਨੀ ਦੇ ਗਲੇ 'ਚ ਮਸਾਂ ਹੀ ਉਤਰਦਾ ਹੈ
ਅੱਜ ਦਾ ਦਿਨ ਸ਼ੁਦਾਈ ਹਰੀ ਕਿਸ਼ਨ ਦੀਆਂ
ਗਾਹਲਾਂ ਦੇ ਕਿੰਗਰਿਆਂ ਉੱਤੇ ਲੜਖੜਾਉਂਦਾ ਤੁਰ ਰਿਹਾ ਹੈ
ਅੱਜ ਦਾ ਦਿਨ ਅਮਰੋ ਚੂਹੜੀ ਦੇ ਗਲ ਪਾਏ ਹੋਏ ਉਤਾਰ ਵਾਂਗ
ਨੰਗੇਜ ਦੀ ਨਮੋਸ਼ੀ ਤਰਦਾ ਪਿਆ ਹੈ
ਲਗਦਾ ਹੈ ਅੱਜ ਦਾ ਦਿਨ ਕਿਸੇ ਮੁਰਦੇ ਦਾ ਲਹੂ ਹੈ
ਜਾਂ ਰੱਦ ਹੋਈ ਵੋਟ ਦੀ ਪਰਚੀ ਹੈ
ਜਾਂ ਪਿੰਡ ਦੀ ਅੱਲ੍ਹੜ ਕੁੜੀ ਦੀ ਬਹੁਤ ਘੱਟ ਤੱਕ ਸਕਣ ਵਾਲੀ
ਬਹੁਤ ਡੂੰਘੀ ਨੈਣਾਂ ਦੀ ਨੀਝ ਹੈ
ਜਾਂ ਉਦਾਸ ਬੁੱਢੇ ਦੀ
ਸਿਓਂਕ ਖਾਧੀ ਬੂਹੇ ਦੀ ਚੁਗਾਠ ਉਤੇ ਲੱਗੀ ਹੋਈ ਟਿਕਟਕੀ ਹੈ
ਜਾਂ ਕਿਸੇ ਬਾਂਝ ਔਰਤ ਦਾ
ਚੁਰਾਹੇ ਵਿਚ ਕੀਤਾ ਟੂਣਾ ਹੈ

ਅੱਜ ਦਾ ਦਿਨ ਕਿਸੇ ਜ਼ਾਲਮ ਵਜ਼ੀਰ ਦਾ
ਅਣਚਾਹਿਆ ਦਫਤਰੀ ਮਾਤਮ ਹੈ
ਜਾਂ ਕਿਸੇ ਬੋ ਮਾਰਦੇ ਬੋਝੇ ਅੰਦਰ
ਬੁਝਾ ਕੇ ਰੱਖਿਆ ਬੀੜੀ ਦਾ ਟੋਟਾ ਹੈ
ਜਾਂ ਸ਼ਾਇਦ
ਸੱਤਵੀਂ ਚੋਂ ਫੇਹਲ ਹੋਈ ਜਵਾਕੜੀ ਦੀ
ਚੁੰਨੀ ਵਿਚ ਸੁੱਕਿਆ ਅੱਖਾਂ ਦਾ ਨੀਰ ਹੈ
ਅੱਜ ਦਾ ਦਿਨ ਧਾਰਮਕ ਮਾਨਤਾ ਦਾ ਦਿਨ ਨਹੀਂ ਹੈ।

ਅੱਜ ਦਾ ਦਿਨ ਧਾਰਮਕ ਮਾਨਤਾ ਦਾ ਦਿਨ ਨਹੀਂ ਹੈ
ਕਿਸੇ ਬੱਚੇ ਦੀ ਬੁੜਬੁੜਾਉਂਦੀ ਹੋਈ ਨੀਂਦ ਹੈ
ਅੱਜ ਦਾ ਦਿਨ ਤਾਂ ਕੋਈ ਸਾਂਭ ਸਾਂਭ ਪਾਲਿਆ ਦਹਿਸ਼ਤ ਦਾ ਦਰਖਤ ਹੈ
ਰਾਜਸੀ ਹਿੰਸਾ ਦੀ ਸ਼ਿੰਗਾਰੀ ਹੋਈ ਘੋੜੀ ਹੈ
ਅੱਜ ਦਾ ਦਿਨ ਕਿਸੇ ਦੁਸ਼ਮਣ ਵੱਲੋਂ
ਵਾਹਣਾਂ 'ਚ ਬੁਲਾਇਆ ਬੱਕਰਾ ਹੈ।
ਅੱਜ ਦਾ ਦਿਨ ਭਾਈ ਦੇ ਸੰਖ ਪੂਰਨ ਤੇ ਖਤਮ ਨਹੀਂ ਹੋਵੇਗਾ
ਅੱਜ ਦਾ ਦਿਨ ਖਵਰਿਆ ਬਹੁਤ ਲੰਮਾ ਚਲਾ ਜਾਏ
ਤੇ ਪੰਛੀ ਸੰਝ ਦੀ ਉਡਾਣ ਲਈ ਉਡੀਕਦੇ ਥੱਕ ਜਾਣ
ਅੱਜ ਦਾ ਦਿਨ ਖਵਰਿਆ ਬਹੁਤ ਲੰਮਾ ਚਲਿਆ ਜਾਏ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...