Friday, 11 May 2018

ਛੰਨੀ


ਛੰਨੀ ਤਾਂ ਛੰਨੀ ਹੋਈ
ਪਰ ਗੁੱਡੀਏ ਤੇਰੇ ਗੀਤਾਂ ਨਾਲ
ਤੇਰੇ ਵੀਰ ਨੂੰ ਬੰਨੀ ਨਹੀਂ ਲੱਭਣੀ
ਉਸ ਨੂੰ ਤਾਂ ਮਾਰ ਜਾਵੇਗਾ
ਬਾਬਲ ਦੀ ਘੱਟ ਜ਼ਮੀਨ ਦਾ ਪਰਛਾਵਾ
ਉਸਦੀਆਂ ਪਾਸ ਕੀਤੀਆਂ ਦਸਾਂ ਨੂੰ
ਚਰ ਜਾਣਗੇ ਮਰੀਅਲ ਜਹੇ ਝੋਟੇ
ਤੇ ਉਸਦੀ ਚਕਲੇਦਾਰ ਹਿੱਕ ਤੇ
ਫੁਲਕੇ ਵੇਲਦੀ ਰਹੇਗੀ
ਸਦਾ ਹੀ ਵਿਗੜੇ ਰਹਿੰਦੇ ਇੰਜਣ ਦੀ ਤਕਾਵੀ

ਹੌਲੀ ਹੌਲੀ ਪੈ ਜਾਏਗੀ ਮੱਠੀ
ਉਸਦੇ ਪੱਟਾਂ ਦੀਆਂ ਘੁੱਗੀਆਂ ਦੀ ਉਡਾਰ
ਮੁੱਕ ਜਾਵੇਗਾ ਚੋਗ ਚਾਵਾਂ ਦੇ ਭੜੋਲੇ ਚੋਂ-
ਉਹ ਬੜਾ ਚਟਪਟਾਏਗਾ
ਜਿਸ ਦਿਨ ਪਹਿਲੀ ਵਾਰ ਅਫੀਮ ਦੀ ਕੀੜੀ
ਉਹਦੀਆਂ ਅੰਤੜੀਆਂ ਤੇ ਤੁਰੇਗੀ,
ਉਹ ਸੱਥ ਚੋਂ ਆਪਣੇ ਅਮਲੀ ਹੋਣ ਦੀਆਂ
ਕਣਸੋਆਂ ਨੂੰ ਸੁੰਘ ਸੁੰਘ ਕੇ ਲੰਘੇਗਾ
ਫਿਰ ਹੌਲੀ ਹੌਲੀ ਬਦਲ ਜਾਣਗੀਆਂ ਸੱਥ ਦੀਆਂ ਗੱਲਾਂ
ਤੇ ਫਿਰਨੀ ਤੋਂ ਹੀ ਮੁੜਨ ਲੱਗਣਗੇ
ਉਸ ਨੂੰ ਵੇਖਣ ਵਾਲੇ

ਗੁੱਡੀਏ, ਦੂਰ ਦਿਸਹੱਦੇ ਵੱਲ
ਜਿਥੇ ਮਗਰਾਂ ਦੇ ਜੁਬਾੜੇ ਮਿਲਦੇ ਹਨ
ਨੱਕ ਦੀ ਸੇਧੇ ਤੁਰਿਆ ਜਾਏਗਾ ਤੇਰਾ ਵੀਰ
ਤੂੰ ਜਿਸ ਨੂੰ ਦਿਨ ਸਮਝਦੀ ਏਂ
ਸ਼ਿਕਾਰੀਆਂ ਦੀ ਮੁੱਠ ਵਿਚ ਘੁੱਟੇ ਹੋਏ
ਧਾਗੇ ਦਾ ਸਿਰਾ ਹੈ
ਤੇ ਰਾਤ ਹੋਰ ਕੁਝ ਨਹੀਂ
ਡੋਰ ਵਿਚ ਛੱਡੀ ਹੋਈ ਮੱਕਾਰ ਢਿੱਲ ਹੈ
ਗੁੱਡੀਏ ਆਪਣੇ ਤਾਂ ਸਿਰਫ ਗੀਤ ਹਨ
ਸਮਾਂ ਆਪਣਾ ਨਹੀਂ ਹੈ

ਜੇ ਸਮਾਂ ਆਪਣਾ ਹੁੰਦਾ
ਤਾਂ ਤੈਂਨੂੰ ਸੱਖਣੀਆਂ ਕਲਾਈਆਂ ਨੂੰ
ਢਕ ਢਕ ਰੱਖਣ ਦਾ ਫਿਕਰ ਨਾ ਹੁੰਦਾ
ਹਾਲਾਂ ਸਮਾਂ ਕੋਈ ਲਹੂ ਮੰਗਦੀ ਸੂਈ ਹੈ
ਜੋ ਪੁੜ ਤਾਂ ਸਕਦੀ ਹੈ
ਤੇਰੇ ਫੁੱਲਾਂ ਦਾ ਭਰਮ ਉਣ ਰਹੇ ਪੋਟੇ ਦੇ ਫੁੱਲ 'ਚ
ਪਰ ਸਿਊਂ ਨਹੀਂ ਸਕਦੀ
ਤੇਰੀ ਵੱਖੀ ਤੋਂ ਘਸਦੀ ਜਾ ਰਹੀ ਕੁੜਤੀ

ਛੰਨੀ ਤਾਂ ਛੰਨੀ ਹੋਈ
ਪਰ ਗੁੱਡੀਏ ਹੋ ਸਕੇ ਤਾਂ
ਵੀਰੇ ਦੇ ਧੁੜਕੂ ਨੂੰ
ਗੀਤਾਂ ਦੇ ਮੋਹ ਦੀ ਵਾੜ ਨਾ ਕਰੀਂ
ਉਸ ਨੂੰ ਲੱਭ ਲੈਣ ਦਈਂ
ਗਲ 'ਚ ਪਏ ਰੱਸੇ ਦੀ ਗੰਢ
ਉਹਦੇ ਮੱਥੇ ਉਤੇ ਝੁਕ ਗਈਆਂ ਸਦੀਆਂ ਦਾ ਕੁੱਬ
ਕਰ ਲੈਣ ਦਈਂ ਸੰਮਾਂ ਵਾਲੀ ਡਾਂਗ ਨਾਲ ਸਿੱਧਾ
ਉਹਨੂੰ ਪਾ ਲੈਣ ਦੇਈਂ
ਰਿਜ਼ਕ ਦੇ ਪਿੜਾਂ 'ਚ ਕੱਢੀਆ ਸੱਪਾਂ ਦੀਆਂ ਖੁੱਡਾਂ 'ਚ ਹੱਥ।

ਸਿਲਸਿਲਾ ਸ਼ਾਇਦ ਤੁਹਾਡੇ ਖੂਹ ਤੇ ਉਤਰੀ
ਪੁਲਸੀਆਂ ਦੀ ਧਾੜ ਤੋਂ'ਚੱਲੇ
ਜਾਂ ਚਲਦੇ ਪੁਰਜ਼ੇ ਪੰਚ ਦੇ
ਤਿਰੰਗੇ ਵਾਂਗੂ ਲਹਿਰਦੇ ਤੁਰਲ੍ਹੇ ਤੋਂ
ਜਾਂ ਭੁਚਾਲਾਂ ਵਾਂਗ ਕੰਧਾਂ ਨੂੰ ਕੰਬਾਉਂਦੀ ਹੋਈ,
ਇਲੈਕਸ਼ਨ ਦੀ ਮੋਟਰ ਤੋਂ-
ਸਿਲਸਿਲਾ ਕਿਤੋਂ ਵੀ ਤੁਰ ਸਕਦਾ ਹੈ ਗੁੱਡੀਏ
ਆਪਣੇ ਗੀਤਾਂ ਨੂੰ ਜਾ ਭਿੜਨ ਦੇਈਂ
ਗੰਦੀ ਹਵਾੜ ਛੱਡਦੀਆਂ ਗਾਹਲਾਂ ਦੀ ਹਿੱਕ ਵਿੱਚ

ਫੇਰ ਇਕ ਵਾਰ ਛਿੜੇਗਾ
ਸੱਥਾਂ ਦੇ ਵਿਚ ਉਸਦਾ ਜ਼ਿਕਰ
ਜੋ ਹਨ੍ਹੇਰੇ ਵਿਚ ਉਹਦੇ ਕਦਮਾਂ ਅੱਗੇ
ਰੋਸ਼ਨੀ ਦੀ ਲੀਕ ਬਣ ਕੇ ਤੁਰੇਗਾ

ਛੰਨੀ ਤਾਂ ਛੰਨੀ ਹੋਈ
ਗੁੱਡੀਏ ਹੋ ਸਕੇ ਤਾਂ ਵੀਰ ਦੇ ਧੁੜਕੂ ਨੂੰ
ਬੱਸ ਗੀਤਾਂ ਦੇ ਮੋਹ ਦੀ ਵਾੜ ਨਾ ਕਰੀਂ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...