Friday, 11 May 2018

ਤੀਸਰਾ ਮਹਾਂ ਯੁੱਧ


ਕਚਿਹਰੀਆਂ ਦੇ ਬਾਹਰ ਖੜੇ
ਬੁੱਢੇ ਕਿਰਸਾਨ ਦੀਆਂ ਅੱਖਾਂ 'ਚ ਮੋਤੀਆ ਉਤਰ ਆਏਗਾ
ਸ਼ਾਮ ਤੱਕ ਹੋ ਜਾਏਗੀ ਧੌਲੀ
ਰੁਜ਼ਗਾਰ ਦਫਤਰ ਦੇ ਵੇਹੜੇ 'ਚ ਅੰਬ ਰਹੀ ਕੱਕੀ ਲੂਈਂ
ਬਹੁਤ'ਚੇਤੀ ਭੁੱਲ ਜਾਏਗਾ ਪੁਰਾਣੇ ਢਾਬੇ ਦਾ ਨਵਾਂ ਨੌਕਰ
ਆਪਣੀ ਮਾਂ ਦੇ ਸਦਾ ਹੀ ਧੁੱਤੇ ਮੈਲੇ ਰਹਿਣ ਵਾਲੇ
ਪੋਣੇ ਦੀ ਮਿੱਠੀ ਮਹਿਕ
ਢੂੰਡਦਾ ਰਹੇਗਾ ਕੰਢੇ ਸੜਕ ਦੇ ਉਹ ਨਿੰਮੌਝੂਣਾ ਜੋਤਸ਼ੀ
ਆਪਣੇ ਹੀ ਹੱਥ ਤੋਂ ਮਿਟੀ ਹੋਈ ਭਾਗ ਦੀ ਰੇਖਾ
ਤੇ ਪੈਨਸ਼ਨ ਲੈਣ ਆਏ ਕਾਰ ਥੱਲੇ ਕੁਚਲੇ ਗਏ
ਪੁਰਾਣੇ ਫੌਜੀ ਦੀ ਟੁੱਟੀ ਹੋਈ ਸਾਈਕਲ
ਤੀਸਰਾ ਮਹਾਂ ਯੁੱਧ ਲੜਨ ਦੀ ਸੋਚੇਗੀ

ਤੀਸਰਾ ਮਹਾਂ ਯੁੱਧ
ਜੋ ਨਹੀਂ ਲੜਿਆ ਜਾਏਗਾ ਹੁਣ
ਜਰਮਨੀ ਤੇ ਭਾੜੇ ਦੀਆਂ ਫੌਜਾਂ ਵਿਚਾਲੇ
ਤੀਸਰਾ ਮਹਾਂ ਯੁੱਧ ਹਿੱਕਾਂ 'ਚ ਖੁਰ ਰਹੀ
ਜੀਣ ਦੀ ਬਾਦਸ਼ਾਹਤ ਲੜੇਗੀ
ਤੀਸਰਾ ਮਹਾਂ ਯੁੱਧ ਗੋਹੇ ਨਾਲ ਲਿੱਪੇ
ਕੋਠਿਆਂ ਦੀ ਸਾਦਗੀ ਲੜੂ
ਤੀਸਰਾ ਮਹਾਂ ਯੁੱਧ ਝੱਗੇ ਤੋਂ ਧੁਪ ਨਾ ਸਕਣ ਵਾਲੇ
ਬਰੋਜ਼ੇ ਦੇ ਛਿੱਟੇ ਲੜਨਗੇ
ਤੀਸਰਾ ਮਹਾਂ ਯੁੱਧ
ਮੂਤ ਦੇ ਫੰਬੇ 'ਚ ਲਿਪਟੀ ਵੱਢੀ ਗਈ ਉਂਗਲ ਲੜੇਗੀ-

ਬਣੇ ਸੰਵਰੇ ਜ਼ੁਲਮ ਦੇ ਚਿਹਰੇ ਉਤੇ ਲਿਸ਼ਕਦੀ
ਨਜ਼ਾਕਤ ਦੇ ਖ਼ਿਲਾਫ,
ਧਰਤੀ ਨੂੰ ਕੈਦ ਕਰਨਾ ਚਾਹੁੰਦੇ ਚਾਬੀ ਦੇ'ਚੱਲੇ ਖ਼ਿਲਾਫ
ਤੀਸਰਾ ਮਹਾਂ ਯੁੱਧ
ਕਦੇ ਵੀ ਨਾ ਖੁਲ੍ਹਣ ਵਾਲੀ ਮੁੱਠ ਦੇ ਖਿਲਾਫ ਲੜਿਆ ਜਾਏਗਾ
ਤੀਸਰਾ ਮਹਾਂ ਯੁੱਧ
ਕੂਲੀਆਂ ਸ਼ਾਮਾਂ ਦੇ ਪਿੰਡੇ ਤੇ ਰੀਂਗਣ ਵਾਲੇ
ਭੁੱਚਰ ਜਹੇ ਕੰਡੇਰਨੇ ਦੇ ਖਿਲਾਫ ਲੜਿਆ ਜਾਏਗਾ
ਤੀਸਰਾ ਮਹਾਂ ਯੁੱਧ ਉਸ ਸਹਿਮ ਦੇ ਖਿਲਾਫ ਲੜਿਆ ਜਾਏਗਾ
ਜਿਦ੍ਹਾ ਅਕਸ ਮੇਰੀ ਦੰਦੀਆਂ ਕੱਢਦੀ ਧੀ ਦੀਆਂ ਅੱਖਾਂ 'ਚ ਹੈ

ਤੀਸਰਾ ਮਹਾਂ ਯੁੱਧ
ਕਿਸੇ ਖਸਤਾ ਜਹੇ ਖੀਸੇ 'ਚ ਮਚਕੋੜੇ ਗਏ
ਨਿੱਕੇ ਜਹੇ ਸੰਸਾਰ ਲਈ ਜਾਏਗਾ ਲੜਿਆ

WELCOME TO PASH POEMS

WELCOME TO PASH POEMS A  www.alfaz4life.com  Presentation ਇਹ ਸਾਡੇ ਵਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਇੱਕ ਗ਼ੈਰ-ਲਾਭ ਉਪਰਾਲਾ ਹੈ।  ਇਸ ਬਲਾੱਗ ਤੋਂ ...